- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੋਰ ਮੁਲਜ਼ਮਾਂ ਖ਼ਿਲਾਫ ਪੁਲਿਸ ਦੋਸ਼ ਸਾਬਤ ਕਰਨ ਵਿੱਚ ਨਾਕਾਮ ਰਹੀ। ਬਰੀ ਹੋਣ ਵਾਲਿਆਂ ਵਿੱਚ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਗੈਂਗਸਟਰ ਦੀਪਕ ਰੰਗਾ, ਅਭਿਸ਼ੇਕ ਉਰਫ ਬੰਟੀ, ਰਾਜੂ ਬਸੋਦੀ ਅਤੇ ਧਰਮੇਂਦਰ ਸ਼ਾਮਲ ਹਨ। ਦੀਪਕ ਰੰਗਾ ਦਾ ਨਾਮ ਕਈ ਵੱਡੀਆਂ ਵਾਰਦਾਤਾਂ ਨਾਲ ਜੁੜ ਚੁੱਕਾ ਹੈ
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਹਿਰ ਦੇ ਚਰਚਿਤ ਸੋਨੂ ਸ਼ਾਹ ਕਤਲਕਾਂਡ ਵਿੱਚ ਪੁਲਿਸ ਨੂੰ ਵੱਡਾ ਝਟਕਾ ਲੱਗਿਆ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਪੰਜ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਹਾਲਾਂਕਿ ਇਸ ਕੇਸ ਵਿੱਚ ਤਿੰਨ ਸ਼ੂਟਰਾਂ ਸ਼ੁਭਮ, ਮੰਜੀਤ ਅਤੇ ਰਾਜਨ ਉਰਫ ਜਾਟ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਨੂੰ 20 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ।
ਦੋਸ਼ ਹੈ ਕਿ ਇਨ੍ਹਾਂ ਤਿੰਨਾਂ ਨੇ ਹੀ ਸੋਨੂ ਦੇ ਦਫ਼ਤਰ ਵਿੱਚ ਵੜ ਕੇ ਉਸ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਸਨ। ਸੋਨੂ ਦੇ ਵੱਡੇ ਭਰਾ ਅਤੇ ਇਸ ਕੇਸ ਦੇ ਅੱਖੀਂ ਦੇਖੇ ਗਵਾਹ ਪ੍ਰਵੀਣ ਸ਼ਾਹ ਨੇ ਅਦਾਲਤ ਵਿੱਚ ਤਿੰਨਾਂ ਦੀ ਪਛਾਣ ਕੀਤੀ ਸੀ, ਜਿਸ ਕਾਰਨ ਉਨ੍ਹਾਂ ਖ਼ਿਲਾਫ ਦੋਸ਼ ਸਾਬਤ ਹੋ ਗਏ।
ਹੋਰ ਮੁਲਜ਼ਮਾਂ ਖ਼ਿਲਾਫ ਪੁਲਿਸ ਦੋਸ਼ ਸਾਬਤ ਕਰਨ ਵਿੱਚ ਨਾਕਾਮ ਰਹੀ। ਬਰੀ ਹੋਣ ਵਾਲਿਆਂ ਵਿੱਚ ਲਾਰੈਂਸ ਬਿਸ਼ਨੋਈ ਤੋਂ ਇਲਾਵਾ ਗੈਂਗਸਟਰ ਦੀਪਕ ਰੰਗਾ, ਅਭਿਸ਼ੇਕ ਉਰਫ ਬੰਟੀ, ਰਾਜੂ ਬਸੋਦੀ ਅਤੇ ਧਰਮੇਂਦਰ ਸ਼ਾਮਲ ਹਨ। ਦੀਪਕ ਰੰਗਾ ਦਾ ਨਾਮ ਕਈ ਵੱਡੀਆਂ ਵਾਰਦਾਤਾਂ ਨਾਲ ਜੁੜ ਚੁੱਕਾ ਹੈ। ਚਾਰ ਸਾਲ ਪਹਿਲਾਂ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ, ਮੋਹਾਲੀ ਵਿੱਚ ਹੋਏ ਆਰਪੀਜੀ ਹਮਲੇ ਦੇ ਮਾਮਲੇ ਵਿੱਚ ਵੀ ਉਸ ਦਾ ਨਾਮ ਆਇਆ ਸੀ।
ਜਾਂਚ ਦੌਰਾਨ ਸਭ ਤੋਂ ਪਹਿਲਾਂ ਧਰਮੇਂਦਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ‘ਤੇ ਸ਼ੂਟਰਾਂ ਨੂੰ ਪਨਾਹ ਦੇਣ ਦੇ ਦੋਸ਼ ਸਨ। ਇਸ ਤੋਂ ਬਾਅਦ ਹੋਰ ਮੁਲਜ਼ਮ ਕਾਬੂ ਕੀਤੇ ਗਏ। ਗ੍ਰਿਫ਼ਤਾਰੀ ਤੋਂ ਬਾਅਦ ਸ਼ੂਟਰਾਂ ਨੇ ਲਾਰੈਂਸ ਦਾ ਨਾਮ ਲਿਆ, ਜਿਸ ਦੇ ਆਧਾਰ ‘ਤੇ ਉਸ ਖ਼ਿਲਾਫ ਵੀ ਕੇਸ ਦਰਜ ਕੀਤਾ ਗਿਆ। ਹਾਲਾਂਕਿ ਅਦਾਲਤ ਵਿੱਚ ਉਸ ਖ਼ਿਲਾਫ ਦੋਸ਼ ਸਾਬਤ ਨਹੀਂ ਹੋ ਸਕੇ।
ਧਰਮੇਂਦਰ ਦੇ ਵਕੀਲ ਅਮਿਤ ਖੈਰਵਾਲ ਨੇ ਕਿਹਾ ਕਿ ਉਸ ਦੇ ਮੁਆਕਿਲ ਖ਼ਿਲਾਫ ਪੁਲਿਸ ਕੋਲ ਕੋਈ ਢੁਕਵਾਂ ਸਬੂਤ ਨਹੀਂ ਸੀ। ਲਾਰੈਂਸ ਅਤੇ ਰਾਜੂ ਬਸੋਦੀ ਵੱਲੋਂ ਐਡਵੋਕੇਟ ਤਰਮਿੰਦਰ ਸਿੰਘ ਅਤੇ ਅਭੈ ਜੋਸ਼ੀ ਅਦਾਲਤ ਵਿੱਚ ਪੇਸ਼ ਹੋਏ। ਉਨ੍ਹਾਂ ਕਿਹਾ ਕਿ ਲਾਰੈਂਸ ਨਾ ਤਾਂ ਸੋਨੂ ਸ਼ਾਹ ਨੂੰ ਜਾਣਦਾ ਸੀ ਅਤੇ ਨਾ ਹੀ ਕਦੇ ਬੁੜੈਲ ਗਿਆ ਸੀ, ਫਿਰ ਉਹ ਉਸ ਦੀ ਹੱਤਿਆ ਦੀ ਸਾਜ਼ਿਸ਼ ਕਿਉਂ ਰਚੇਗਾ। ਪੁਲਿਸ ਹੋਰ ਮੁਲਜ਼ਮਾਂ ਖ਼ਿਲਾਫ ਵੀ ਸਬੂਤਾਂ ਦੀਆਂ ਕੜੀਆਂ ਜੋੜਣ ਵਿੱਚ ਅਸਫਲ ਰਹੀ।
ਸਲਮਾਨ ਦੇ ਖ਼ਿਲਾਫ ਆਵਾਜ਼ ਚੁੱਕੀ , ਇਸ ਲਈ ਫਸਾਇਆ : ਲਾਰੈਂਸ
ਲਾਰੈਂਸ ਬਿਸ਼ਨੋਈ ਨੇ ਆਪਣੇ ਬਚਾਅ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਗਵਾਹੀ ਦਿੱਤੀ। ਉਹ ਸੀਆਰਪੀਸੀ ਦੀ ਧਾਰਾ 315 ਤਹਿਤ ਗਵਾਹ ਵਜੋਂ ਪੇਸ਼ ਹੋਇਆ। ਉਸ ਨੇ ਕਿਹਾ ਕਿ ਉਹ ਪਿਛਲੇ 12 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ ਅਤੇ ਇਸ ਮਾਮਲੇ ਦੇ ਹੋਰ ਦੋਸ਼ੀਆਂ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ । ਉਸ ਦੇ ਕੋਲੋਂ ਕੋਈ ਮੋਬਾਈਲ ਜਾਂ ਹੋਰ ਸੰਚਾਰ ਯੰਤਰ ਬਰਾਮਦ ਨਹੀਂ ਹੋਇਆ। ਉਸ ਨੂੰ ਕੇਵਲ ਇਸ ਲਈ ਫਸਾਇਆ ਗਿਆ ਕਿਉਂਕਿ ਉਸ ਨੇ ਅਤੇ ਉਸ ਦੇ ਸਮੂਹ ਨੇ ਰਾਜਸਥਾਨ ਵਿੱਚ ਕਾਲੇ ਹਿਰਣ ਸ਼ਿਕਾਰ ਮਾਮਲੇ ਵਿੱਚ ਅਦਾਕਾਰ ਸਲਮਾਨ ਖਾਨ ਦੇ ਖ਼ਿਲਾਫ ਆਵਾਜ਼ ਚੁੱਕੀ ਸੀ।
ਸਾਬਰਮਤੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਦੀ ਗਵਾਹੀ
ਇਸ ਮਾਮਲੇ ਵਿੱਚ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਡਿਪਟੀ ਸੁਪਰਡੈਂਟ ਜਿਗਨੇਸ਼ ਐਸ. ਚਾਵਲਾ ਦੀ ਵੀ ਗਵਾਹੀ ਹੋਈ। ਉਨ੍ਹਾਂ ਦੱਸਿਆ ਕਿ ਲਾਰੈਂਸ ਬਿਸ਼ਨੋਈ 28 ਅਗਸਤ 2023 ਤੋਂ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ ਅਤੇ ਇਸ ਤੋਂ ਪਹਿਲਾਂ ਉਹ ਬਠਿੰਡਾ ਜੇਲ੍ਹ ਵਿੱਚ ਸੀ। ਜੇਲ੍ਹ ਵਿੱਚ ਲਿਆਂਦੇ ਜਾਣ ਸਮੇਂ ਉਸ ਦੀ ਪੂਰੀ ਤਲਾਸ਼ੀ ਲਈ ਗਈ ਸੀ ਅਤੇ ਉਸ ਕੋਲੋਂ ਕੋਈ ਮੋਬਾਈਲ ਜਾਂ ਹੋਰ ਡਿਵਾਈਸ ਬਰਾਮਦ ਨਹੀਂ ਹੋਈ। ਜੇਲ੍ਹ ਵਿੱਚ ਰਹਿੰਦੇ ਹੋਏ ਉਸ ਨੇ ਕਦੇ ਕਿਸੇ ਬਾਹਰੀ ਵਿਅਕਤੀ ਨਾਲ ਸੰਪਰਕ ਲਈ ਕੋਈ ਗ਼ੈਰਕਾਨੂੰਨੀ ਸਾਧਨ ਨਹੀਂ ਵਰਤਿਆ। ਉਸ ਦੇ ਖ਼ਿਲਾਫ ਕਿਸੇ ਤਰ੍ਹਾਂ ਦੀ ਧਮਕੀ ਜਾਂ ਰੰਗਦਾਰੀ ਦੀ ਸ਼ਿਕਾਇਤ ਵੀ ਨਹੀਂ ਮਿਲੀ।
28 ਸਤੰਬਰ 2019 ਨੂੰ ਹੋਈ ਸੀ ਵਾਰਦਾਤ
ਸੱਤ ਸਾਲ ਪਹਿਲਾਂ 28 ਸਤੰਬਰ 2019 ਨੂੰ ਇਹ ਵਾਰਦਾਤ ਹੋਈ ਸੀ। ਸੋਨੂ ਦੇ ਭਰਾ ਪ੍ਰਵੀਣ ਸ਼ਾਹ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਦਰਜ ਕੀਤਾ ਸੀ। ਉਸ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਸ ਦਾ ਭਰਾ ਆਪਣੇ ਬੁੜੈਲ ਸਥਿਤ ਦਫ਼ਤਰ ਗਿਆ ਸੀ। ਕੁਝ ਲੋਕ ਉਸ ਨਾਲ ਮਿਲਣ ਆਏ ਸਨ। ਪ੍ਰਵੀਣ ਦਫ਼ਤਰ ਦੇ ਬਾਹਰ ਖੜ੍ਹਾ ਸੀ, ਜਦੋਂ ਕੁਝ ਨੌਜਵਾਨ ਹਥਿਆਰ ਲੈ ਕੇ ਅੰਦਰ ਦਾਖ਼ਲ ਹੋਏ ਅਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ।
ਸੋਨੂ ਦੇ ਸਿਰ ਅਤੇ ਸਰੀਰ ਦੇ ਕਈ ਹਿੱਸਿਆਂ ਵਿੱਚ ਗੋਲ਼ੀਆਂ ਲੱਗੀਆਂ। ਰੌਲ਼ਾ ਸੁਣ ਕੇ ਲੋਕ ਇਕੱਠੇ ਹੋ ਗਏ, ਪਰ ਸ਼ੂਟਰ ਮੌਕਾ ਦੇਖ ਕੇ ਫ਼ਰਾਰ ਹੋ ਗਏ। ਗੰਭੀਰ ਹਾਲਤ ਵਿੱਚ ਸੋਨੂ ਸ਼ਾਹ ਨੂੰ ਜੀਐਮਸੀਐਚ-32 ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।