ਆਸ਼ਾ ਵਰਕਰਾਂ ਲਈ ਵੱਡਾ ਐਲਾਨ: ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ 30 ਲੱਖ ਰੁਪਏ ਦੇ ਬੀਮਾ ਕਵਰ ਦਾ ਐਲਾਨ, ਕੇਂਦਰ ਕੋਲ ਚੁੱਕਣਗੇ ਭੱਤਿਆਂ ਦਾ ਮੁੱਦਾ
ਪੰਜਾਬ ਸਰਕਾਰ ਨੇ ਆਸ਼ਾ ਵਰਕਰਾਂ ਤੇ ਆਸ਼ਾ ਫੈਸੀਲਿਟੇਟਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਹਾਦਸੇ ’ਚ ਮੌਤ ਦੀ ਸਥਿਤੀ ’ਚ 30 ਲੱਖ ਰੁਪਏ ਤੇ ਕੁਦਰਤੀ ਮੌਤ ’ਤੇ ਪੰਜ ਲੱਖ ਰੁਪਏ ਦੇ ਜੀਵਨ ਬੀਮਾ ਕਵਰ ਦੀ ਵਿਵਸਥਾ ਯਕੀਨੀ ਬਣਾਈ ਹੈ। ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਦੇ ਨਾਲ ਹੋਈਆਂ ਬੈਠਕਾਂ ਦੌਰਾਨ ਦਿੱਤੀ।
Publish Date: Thu, 25 Jun 2026 10:19 AM (IST)
Updated Date: Thu, 25 Jun 2026 10:21 AM (IST)

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਸ਼ਾ ਵਰਕਰਾਂ ਤੇ ਆਸ਼ਾ ਫੈਸੀਲਿਟੇਟਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਹਾਦਸੇ ’ਚ ਮੌਤ ਦੀ ਸਥਿਤੀ ’ਚ 30 ਲੱਖ ਰੁਪਏ ਤੇ ਕੁਦਰਤੀ ਮੌਤ ’ਤੇ ਪੰਜ ਲੱਖ ਰੁਪਏ ਦੇ ਜੀਵਨ ਬੀਮਾ ਕਵਰ ਦੀ ਵਿਵਸਥਾ ਯਕੀਨੀ ਬਣਾਈ ਹੈ। ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੁੱਧਵਾਰ ਨੂੰ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਦੇ ਨਾਲ ਹੋਈਆਂ ਬੈਠਕਾਂ ਦੌਰਾਨ ਦਿੱਤੀ।
ਆਸ਼ਾ ਵਰਕਰਸ ਐਂਡ ਫੈਸੀਲਿਟੇਟਰਜ਼ ਯੂਨੀਅਨ ਪੰਜਾਬ ਨੇ ਵਿੱਤ ਮੰਤਰੀ ਚੀਮਾ ਦਾ ਇਸ ਇਤਿਹਾਸਕ ਬੀਮਾ ਯੋਜਨਾ ਨੂੰ ਲਾਗੂ ਕਰਵਾਉਣ ’ਚ ਨਿਭਾਈ ਗਈ ਭੂਮਿਕਾ ਲਈ ਧੰਨਵਾਦ ਕੀਤਾ। ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਪੈਂਡਿੰਗ ਮੰਗ ਪੂਰੀ ਹੋਣ ਨਾਲ ਸੂਬੇ ਦੀਆਂ ਹਜ਼ਾਰਾਂ ਆਸ਼ਾ ਵਰਕਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਥਿਕ ਸੁਰੱਖਿਆ ਮਿਲੇਗੀ।
ਬੈਠਕ ਦੌਰਾਨ ਯੂਨੀਅਨ ਨੇ ਕੇਂਦਰ ਸਰਕਾਰ ਵੱਲੋਂ ਬੰਦ ਕੀਤੇ ਗਏ ਕੁਝ ਪ੍ਰਸ਼ਾਸਨਿਕ ਭੱਤਿਆਂ ਦਾ ਮੁੱਦਾ ਵੀ ਚੁੱਕਿਆ। ਇਸ ’ਤੇ ਵਿੱਤ ਮੰਤਰੀ ਨੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਤੋਂ ਵਿਸਥਾਰਤ ਰਿਪੋਰਟ ਤਲਬ ਕਰਦੇ ਹੋਏ ਭਰੋਸਾ ਦਿੱਤਾ ਕਿ ਸੂਬਾਈ ਸਰਕਾਰ ਇਨ੍ਹਾਂ ਭੱਤਿਆਂ ਦੀ ਬਹਾਲੀ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖੇਗੀ ਤੇ ਮਾਮਲਾ ਮਜ਼ਬੂਤੀ ਨਾਲ ਉਠਾਏਗੀ। ਵਿੱਤ ਮੰਤਰੀ ਨੇ ਛੇ ਹੋਰ ਮੁਲਾਜ਼ਮ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕੀਤੀ। ਇਨ੍ਹਾਂ ’ਚ ਟਰਾਂਸਪੋਰਟ, ਖੇਤੀ ਤੇ ਸਿੱਖਿਆ ਵਿਭਾਗ ਨਾਲ ਸਬੰਧਤ ਯੂਨੀਅਨਾਂ ਸ਼ਾਮਲ ਸਨ। ਬੈਠਕਾਂ ’ਚ ਠੇਕਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ, ਤਨਖ਼ਾਹ ਸੋਧ ਤੇ ਹੋਰ ਪੈਂਡਿੰਗ ਮੰਗਾਂ ’ਤੇ ਚਰਚਾ ਹੋਈ।