ਮਨੁੱਖ ਨੂੰ ਭਗਵਾਨ ਸ੍ਰੀ ਵਾਲਮੀਕਿ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ : ਕੁਲਵੰਤ ਸਿੰਘ ਮੁਹਾਲੀ ’ਚ ਭਗਵਾਨ ਸ੍ਰੀ ਵਾਲਮੀਕਿ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
Publish Date: Mon, 26 Oct 2026 09:35 PM (IST)
Updated Date: Mon, 26 Oct 2026 09:37 PM (IST)
-ਸਮਾਜ ’ਚ ਭਾਈਚਾਰਕ ਸਾਂਝ ਅਤੇ ਸਦਭਾਵਨਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ -ਪੂ੍ਰੇ ਜ਼ਿਲ੍ਹੇ ’ਚ ਭਗਵਾਨ ਸ੍ਰੀ ਵਾਲਮੀਕਿ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਤੇ ਆਸ-ਪਾਸ ਪਿੰਡਾਂ ’ਚ ਭਗਵਾਨ ਸ੍ਰੀ ਵਾਲਮੀਕਿ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਵਿਧਾਇਕ ਕੁਲਵੰਤ ਸਿੰਘ ਅਤੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਵੱਖ-ਵੱਖ ਸਮਾਗਮਾਂ ਵਿਚ ਸ਼ਿਰਕਤ ਕਰਦਿਆਂ ਸੰਗਤ ਨੂੰ ਭਗਵਾਨ ਸ੍ਰੀ ਵਾਲਮੀਕਿ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਜੀਵਨ ’ਚ ਅਪਣਾਉਣ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ, ਸਾਬਕਾ ਮੇਅਰ ਜੀਤੀ ਸਿੱਧੂ, ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਭਾਜਪਾ ਆਗੂ ਆਭ ਬਾਂਸਲ ਸਮੇਤ ਹੋਰਨਾਂ ਆਗੂਆਂ ਨੇ ਭਗਵਾਨ ਸ੍ਰੀ ਵਾਲਮੀਕਿ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਸਮਾਗਮਾਂ ਵਿਚ ਸ਼ਮੂਲੀਅਤ ਕੀਤੀ। ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਸੈਦਪੁਰ, ਸਨੇਟਾ ਅਤੇ ਗੁਡਾਣਾ ਵਿਖੇ ਧਾਰਮਿਕ ਸਮਾਗਮਾਂ ’ਚ ਸ਼ਿਰਕਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਭਗਵਾਨ ਵਾਲਮੀਕਿ ਵੱਲੋਂ ਦਰਸਾਏ ਗਏ ਮਾਰਗ ’ਤੇ ਚੱਲਣ ਦਾ ਸੰਕਲਪ ਲੈਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਨੂੰ ਭਗਵਾਨ ਵਾਲਮੀਕਿ ਦੇ ਜੀਵਨ, ਵਿਚਾਰਾਂ ਅਤੇ ਸਿੱਖਿਆਵਾਂ ਬਾਰੇ ਜਾਣਕਾਰੀ ਦੇਣਾ ਸਮੇਂ ਦੀ ਲੋੜ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੇ ਆਦਰਸ਼ਾਂ ਤੋਂ ਪ੍ਰੇਰਨਾ ਲੈ ਸਕਣ। ਇੰਝ ਹੀ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਪਿੰਡ ਤੰਗੌਰੀ, ਮਾਣਕਪੁਰ ਕਲਰ, ਬਲਿਆਲੀ ਅਤੇ ਮਟੌਰ ਵਿਖੇ ਧਾਰਮਿਕ ਸਮਾਗਮਾਂ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਵਾਲਮੀਕਿ ਦੇ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਥਾਵਾਂ ’ਤੇ ਸੰਗਤ ਨਾਲ ਮਿਲ ਕੇ ਨਤਮਸਤਕ ਹੋਣਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ। ਇਨ੍ਹਾਂ ਸਮਾਗਮਾਂ ਦੌਰਾਨ ‘ਆਪ’ ਆਗੂ ਕੁਲਦੀਪ ਸਿੰਘ ਸਮਾਣਾ, ਅਵਤਾਰ ਸਿੰਘ ਮੌਲੀ, ਸੀਨੀਅਰ ਡਿਪਟੀ ਮੇਅਰ ਆਰਪੀ ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਨਰਿੰਦਰ ਸਿੰਘ ਸਰਪੰਚ ਸੈਦਪੁਰ, ਰਾਜਵਿੰਦਰ ਸਿੰਘ, ਰੂਪ ਚੰਦ ਸਨੇਟਾ, ਗੁਰਦੇਸ਼ ਸਿੰਘ ਸਰਪੰਚ ਸਨੇਟਾ, ਰਮੇਸ਼ਵਰ ਦਾਸ, ਅਹਿਲਕਾਰ ਖਾਨ, ਰਾਮ ਸਿੰਘ, ਗੁਰਜੰਟ ਸਿੰਘ ਸਰਪੰਚ ਗੁਡਾਣਾ, ਜਗਤਾਰ ਸਿੰਘ ਗੁਡਾਣਾ, ਗੁਰਪ੍ਰੀਤ ਸਿੰਘ ਬਲਿਆਲੀ, ਕੁਲਦੀਪ ਸਿੰਘ ਸਰਪੰਚ ਤੰਗੌਰੀ, ਨਿਰਮਲ ਸਿੰਘ, ਸੁਰਿੰਦਰ ਛਿੰਦਾ, ਮਨਜੀਤ ਖਾਨ, ਦਰਸ਼ਨ ਸਿੰਘ ਅਤੇ ਰਣਦੀਪ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।