- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੇਂ ਬਣੇ ਖੇਡ ਸਟੇਡੀਅਮ ਦੀ ਹਾਲਤ ਵੇਖ ਕੇ ਬੇਦੀ ਨੇ ਸਰਕਾਰ ਨੂੰ ਘੇਰਿਆ

* ਪਖ਼ਾਨਿਆਂ ਦੀ ਮਾੜੀ ਹਾਲਤ ਵੱਲ ਵੀ ਧਿਆਨ ਦਿਵਾਇਆ
* ਸਰਕਾਰ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਚੁੱਕੇ
ਫੋਟੋ ਕੈਪਸ਼ਨ : ਕੁਲਜੀਤ ਸਿੰਘ ਬੇਦੀ ਖੇਡ ਸਟੇਡੀਅਮ ਵਿਚ ਸਹੂਲਤਾਂ ਦਾ ਘਾਟ ਸਬੰਧੀ ਜਾਣਕਾਰੀ ਦਿੰਦੇ ਹੋਏ। 36ਪੀ
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ
ਮੁਹਾਲੀ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਤੇ ਪਿੰਡ ਪੱਧਰ ’ਤੇ ਖੇਡਾਂ ਦਾ ਬੁਨਿਆਦੀ ਢਾਂਚਾ ਮਜ਼ਬੂਤ ਕਰਨ ਦੇ ਦਾਅਵਿਆਂ ਦਰਮਿਆਨ ਮੁਹਾਲੀ ਹਲਕੇ ਦੇ ਪਿੰਡ ਸੈਦਪੁਰ ’ਚ ਬਣਾਇਆ ਗਿਆ ਨਵਾਂ ਖੇਡ ਸਟੇਡੀਅਮ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਮੁਹਾਲੀ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਟੇਡੀਅਮ ਦਾ ਮੌਕੇ ’ਤੇ ਦੌਰਾ ਕਰਕੇ ਇਸ ਦੀ ਹਾਲਤ ਦਿਖਾਈ ਅਤੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਤਿੱਖੇ ਸਵਾਲ ਚੁੱਕੇ।
ਬੇਦੀ ਨੇ ਦੋਸ਼ ਲਾਇਆ ਕਿ ਸਰਕਾਰੀ ਪੈਸੇ ਨਾਲ ਸਟੇਡੀਅਮ ਦਾ ਢਾਂਚਾ ਤਾਂ ਖੜ੍ਹਾ ਕਰ ਦਿੱਤਾ ਗਿਆ, ਪਰ ਇਸ ਨੂੰ ਆਮ ਲੋਕਾਂ ਅਤੇ ਖਿਡਾਰੀਆਂ ਤੱਕ ਪਹੁੰਚਯੋਗ ਬਣਾਉਣ ਲਈ ਸਭ ਤੋਂ ਜ਼ਰੂਰੀ ਚੀਜ਼, ਰਸਤਾ ਹੀ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਖਿਡਾਰੀ ਮੈਦਾਨ ਤੱਕ ਆਸਾਨੀ ਨਾਲ ਪਹੁੰਚ ਹੀ ਨਹੀਂ ਸਕਦਾ ਤਾਂ ਫਿਰ ਅਜਿਹਾ ਸਟੇਡੀਅਮ ਬਣਾਉਣ ਦਾ ਮਕਸਦ ਕੀ ਹੈ? ਸਟੇਡੀਅਮ ਵੱਲ ਜਾਂਦੇ ਰਸਤੇ ਦੀ ਹਾਲਤ ਦਿਖਾਉਂਦਿਆਂ ਬੇਦੀ ਨੇ ਕਿਹਾ ਕਿ ਇਹ ਕੋਈ ਆਮ ਖੇਡ ਮੈਦਾਨ ਨਹੀਂ, ਸਗੋਂ ਸਰਕਾਰੀ ਖ਼ਰਚੇ ਨਾਲ ਤਿਆਰ ਕੀਤਾ ਗਿਆ ਪ੍ਰਾਜੈਕਟ ਹੈ। ਇਸ ਦੇ ਬਾਵਜੂਦ ਇੱਥੇ ਪਹੁੰਚਣ ਲਈ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਪਖ਼ਾਨਿਆਂ ਦੀ ਮਾੜੀ ਹਾਲਤ ਵੱਲ ਵੀ ਧਿਆਨ ਦਿਵਾਇਆ ਅਤੇ ਕਿਹਾ ਕਿ ਜੇਕਰ ਇੱਥੇ ਖੇਡ ਮੁਕਾਬਲੇ ਕਰਵਾਉਣੇ ਹਨ ਤਾਂ ਖਿਡਾਰੀਆਂ ਅਤੇ ਦਰਸ਼ਕਾਂ ਲਈ ਮੁੱਢਲੀਆਂ ਸਹੂਲਤਾਂ ਵੀ ਲਾਜ਼ਮੀ ਹਨ।
‘ਮੈਦਾਨ ’ਤੇ ਖਿਡਾਰੀ ਨਹੀਂ, ਇਸ਼ਤਿਹਾਰਬਾਜ਼ੀ ਜ਼ਰੂਰ’
ਬੇਦੀ ਨੇ ਸਰਕਾਰ ’ਤੇ ਵਿਅੰਗ ਕਰਦਿਆਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਨਾਮ ’ਤੇ ਵੱਡੇ-ਵੱਡੇ ਦਾਅਵੇ ਅਤੇ ਪ੍ਰਚਾਰ ਤਾਂ ਕੀਤਾ ਜਾ ਰਿਹਾ ਹੈ, ਪਰ ਜ਼ਮੀਨੀ ਪੱਧਰ ’ਤੇ ਬਣੇ ਖੇਡ ਢਾਂਚੇ ਦੀ ਹਾਲਤ ਵੱਖਰੀ ਕਹਾਣੀ ਦੱਸ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਟੇਡੀਅਮ ਨੂੰ ਤੁਰੰਤ ਵਰਤੋਂਯੋਗ ਬਣਾਉਣ ਲਈ ਪਹੁੰਚ ਦਾ ਪੱਕਾ ਰਸਤਾ, ਪਾਣੀ ਦੀ ਨਿਕਾਸੀ, ਪਖ਼ਾਨਿਆਂ ਦੀ ਮੁਰੰਮਤ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਤਾਂ ਜੋ ਸੈਦਪੁਰ ਦਾ ਇਹ ਖੇਡ ਮੈਦਾਨ ਸਿਰਫ਼ ਸਰਕਾਰੀ ਪ੍ਰਚਾਰ ਦਾ ਹਿੱਸਾ ਨਾ ਰਹਿ ਕੇ ਅਸਲ ਵਿਚ ਪਿੰਡ ਦੇ ਨੌਜਵਾਨਾਂ ਲਈ ਖੇਡਾਂ ਦਾ ਕੇਂਦਰ ਬਣ ਸਕੇ।