ਪੰਚਕੂਲਾ ਐਂਟਰੀ ਪੁਆਇੰਟ ਤੋਂ ਪੀਰਮੁਛੱਲਾ ਤੱਕ ਹੋਵੇਗਾ ਸੁੰਦਰੀਕਰਨ ਪੰਚਕੂਲਾ ਐਂਟਰੀ ਪੁਆਇੰਟ ਤੋਂ ਪੀਰਮੁਛੱਲਾ ਤੱਕ ਹੋਵੇਗਾ ਸੁੰਦਰੀਕਰਨ,
Publish Date: Mon, 12 Oct 2026 08:02 PM (IST)
Updated Date: Mon, 12 Oct 2026 08:05 PM (IST)
-ਦੋਵੇਂ ਪਾਸੇ ਬਣਨਗੇ ਫੁੱਟਪਾਥ ਤੇ ਲਗਾਏ ਜਾਣਗੇ ਪੌਦੇ : ਵਿਧਾਇਕ ਰੰਧਾਵਾ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਜ਼ੀਰਕਪੁਰ ਵਿਚ ਵਿਕਾਸ ਕਾਰਜਾਂ ਨੂੰ ਹੋਰ ਤੇਜ਼ ਕਰਦਿਆਂ ਪੰਚਕੂਲਾ ਐਂਟਰੀ ਪੁਆਇੰਟ ਤੋਂ ਪੀਰਮੁਛੱਲਾ ਤੱਕ ਸੁੰਦਰੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਪ੍ਰੋਜੈਕਟ ਤਹਿਤ ਸੜਕ ਦੇ ਦੋਵੇਂ ਪਾਸੇ ਫੁੱਟਪਾਥਾਂ ਦੀ ਉਸਾਰੀ ਕਰਨ ਦੇ ਨਾਲ-ਨਾਲ ਪੌਦੇ ਵੀ ਲਗਾਏ ਜਾਣਗੇ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਇਲਾਕੇ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਪੈਦਲ ਚੱਲਣ ਲਈ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਫੁੱਟਪਾਥਾਂ ਦੀ ਉਸਾਰੀ ਨਾਲ ਪੈਦਲ ਰਾਹਗੀਰਾਂ ਨੂੰ ਸਹੂਲਤ ਮਿਲੇਗੀ, ਜਦਕਿ ਪੌਦੇ ਲਗਾਉਣ ਨਾਲ ਇਲਾਕੇ ਨੂੰ ਹਰਿਆ-ਭਰਿਆ ਬਣਾਉਣ ਅਤੇ ਵਾਤਾਵਰਨ ਦੀ ਸੰਭਾਲ ਵਿਚ ਮਦਦ ਮਿਲੇਗੀ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਹਲਕੇ ਦੇ ਸ਼ਹਿਰੀ ਖੇਤਰਾਂ ਦਾ ਸਰਵਪੱਖੀ ਵਿਕਾਸ ਕਰਨਾ ਅਤੇ ਲੋਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਦੇ ਨਾਲ-ਨਾਲ ਸ਼ਹਿਰ ਦੇ ਸੁੰਦਰੀਕਰਨ ਅਤੇ ਵਾਤਾਵਰਨ ਦੀ ਸੰਭਾਲ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਗੁਰਪ੍ਰੀਤ ਸਿੰਘ ਵਿਰਕ, ਕੌਂਸਲਰ ਅਤੇ ਵਾਰਡ ਇੰਚਾਰਜ, ਮਹਿਲਾ ਵਿੰਗ ਦੇ ਆਗੂ, ਸਥਾਨਕ ਵਸਨੀਕ ਅਤੇ ਸਬੰਧਤ ਅਧਿਕਾਰੀ ਹਾਜ਼ਰ ਸਨ।