- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਰ ਕੌਂਸਲ ਖਰੜ ਦੀਆਂ ਚੋਣਾਂ : ਸਚਿਨ ਚੌਧਰੀ ਗਰੁੱਪ ਨੇ ਸਾਰੇ ਅਹੁਦਿਆਂ ’ਤੇ ਕੀਤੀ ਜਿੱਤ ਦਰਜ

ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ
ਖਰੜ : ਕੋਰਟ ਕੰਪਲੈਕਸ ਵਿਚ ਬਾਰ ਐਸੋਸੀਏਸ਼ਨ ਖਰੜ ਦੀਆਂ ਹੋਈਆਂ ਚੋਣਾਂ ਵਿਚ ਐਡਵੋਕੇਟ ਸਚਿਨ ਚੌਧਰੀ ਦੇ ਗਰੁੱਪ ਵੱਲੋਂ ਸਖ਼ਤ ਮੁਕਾਬਲੇ ਵਿਚ ਐਡਵੋਕੇਟ ਅਮਿਤ ਮੰਡਕਨ ਗਰੁੱਪ ਦਾ ਸਫ਼ਾਇਆ ਕਰਕੇ ਜਿੱਤ ਆਪਣੇ ਨਾਮ ਕੀਤੀ ਗਈ ਹੈ। ਇਸ ਹੋਈ ਚੋਣ ਬਾਰੇ ਜਾਣਕਾਰੀ ਦਿੰਦਿਆਂ ਚੋਣ ਅਧਿਕਾਰੀ ਐਡਵੋਕੇਟ ਹਰਪ੍ਰੀਤ ਸਿੰਘ ਜੌਹਰ ਤੇ ਸਹਾਇਕ ਚੋਣ ਅਧਿਕਾਰੀ ਐਡਵੋਕੇਟ ਜਸਵੀਰ ਸਿੰਘ ਰੰਗੀਲਾ ਨੇ ਦੱਸਿਆ ਕਿ ਅੱਜ ਹੋਈ ਚੋਣ ਵਿਚ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪਾਉਣ ਦਾ ਸਮਾਂ ਰੱਖਿਆ ਗਿਆ ਸੀ। ਇਸ ਚੋਣ ਵਿਚ 345 ਵੋਟਾਂ ਐਡਵੋਕੇਟ ਵੱਲੋਂ ਪਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਆਏ ਨਤੀਜੇ ਵਿਚ ਪ੍ਰਧਾਨਗੀ ਦੇ ਅਹੁਦੇ ਲਈ ਐਡਵੋਕੇਟ ਸਚਿਨ ਕੁਮਾਰ ਚੌਧਰੀ ਨੂੰ 178 ਵੋਟਾਂ ਪ੍ਰਾਪਤ ਹੋਈਆਂ, ਜਦੋਂ ਕਿ ਐਡਵੋਕੇਟ ਅਮਿਤ ਮੰਡਕਨ 167 ਪ੍ਰਾਪਤ ਕਰ 11 ਵੋਟਾਂ ਨਾਲ ਚੋਣ ਹਾਰ ਗਏ। ਵਾਈਸ ਪ੍ਰਧਾਨ (ਮਰਦ) ਐਡਵੋਕੇਟ ਕੁਨਾਲ ਕਪੂਰ ਬਿਨਾਂ ਮੁਕਾਬਲਾ ਜੇਤੂ ਰਹੇ, ਵਾਈਸ ਪ੍ਰਧਾਨ (ਔਰਤਾਂ) ਐਡਵੋਕੇਟ ਖੁਸ਼ਪ੍ਰੀਤ ਕੌਰ 184 ਵੋਟਾਂ, ਐਡਵੋਕੇਟ ਪੂਨਮ 161 ਵੋਟਾਂ, ਸਕੱਤਰ ਦੇ ਅਹੁਦੇ ਲਈ ਐਡਵੋਕੇਟ ਸੁਸ਼ਾਂਤ ਕੌਸ਼ਿਕ 222 ਤੇ ਐਡਵੋਕੇਟ ਯਾਦਵਿੰਦਰ ਸਿੰਘ 121, ਜੁਆਇੰਟ ਸਕੱਤਰ (ਔਰਤਾਂ) ਐਡਵੋਕੇਟ ਕਮਲਜੀਤ ਕੌਰ 190, ਐਡਵੋਕੇਟ ਦੀਪਿਕਾ ਸ਼ਰਮਾ 155 ਅਤੇ ਖ਼ਜ਼ਾਨਚੀ ਦੇ ਅਹੁਦੇ ਲਈ ਐਡਵੋਕੇਟ ਸਚਿਨ ਵਰਮਾ 194, ਐਡਵੋਕੇਟ ਯੋਗੇਸ਼ ਸ਼ਰਮਾ ਨੇ 149 ਵੋਟਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪਟਿਆਲਾ ਕੋਰਟ ਤੋਂ ਚੋਣ ਅਬਜ਼ਰਵਰ ਐਡਵੋਕੇਟ ਰਾਮ ਸਿੰਘ ਚੌਹਾਨ ਨੂੰ ਨਿਯੁਕਤ ਕੀਤਾ ਗਿਆ ਸੀ, ਜਿਨ੍ਹਾਂ ਦੀ ਨਿਗਰਾਨੀ ਹੇਠ ਇਹ ਚੋਣ ਹੋਈ ਹੈ। ਚੋਣਾਂ ਵਿਚ ਜਿੱਤ ਦਰਜ ਕਰਨ ਤੋਂ ਬਾਅਦ ਨਵੇਂ ਪ੍ਰਧਾਨ ਐਡਵੋਕੇਟ ਸਚਿਨ ਚੌਧਰੀ ਨੇ ਕਿਹਾ ਕਿ ਖਰੜ ਕੋਰਟ ਕੰਪਲੈਕਸ ਵਿਚ ਵਕੀਲਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਜਿਨ੍ਹਾਂ ਵਿਚ ਪਾਰਕਿੰਗ ਦੀ ਸਮੱਸਿਆ, ਨਵੇਂ ਚੈਂਬਰ ਬਣਾਉਣ ਦੀ ਸਮੱਸਿਆ ਅਤੇ ਜਲਦ ਹੀ ਨਵੀਂ ਕੋਰਟ ਕੰਪਲੈਕਸ ਦੀ ਇਮਾਰਤ ਦੀ ਉਸਾਰੀ ਸਮੇਤ ਹੋਰ ਕੰਮ ਪਹਿਲ ਦੇ ਆਧਾਰ ’ਤੇ ਕਰਵਾਏ ਜਾਣਗੇ।