ਬਾਜ਼ਾਰ ’ਚ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਜ਼ਬਤ, 10 ਹਜ਼ਾਰ ਜੁਰਮਾਨਾ ਬਾਜ਼ਾਰ ’ਚ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਜ਼ਬਤ, 10 ਹਜ਼ਾਰ ਰੁਪਏ ਜੁਰਮਾਨਾ
Publish Date: Fri, 16 Oct 2026 08:33 PM (IST)
Updated Date: Fri, 16 Oct 2026 08:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਵਾਤਾਵਰਣ ਦੀ ਸੰਭਾਲ ਅਤੇ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਨੇ ਸਖ਼ਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਤਹਿਤ ਸ਼ੁੱਕਰਵਾਰ ਨੂੰ ਜ਼ੀਰਕਪੁਰ ਦੇ ਬਲਟਾਣਾ ਬਾਜ਼ਾਰ ਵਿਚ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਅਤੇ ਮਿਊਂਸੀਪਲ ਕੌਂਸਲ ਜ਼ੀਰਕਪੁਰ ਦੀ ਸਾਂਝੀ ਟੀਮ ਨੇ ਇਕ ਵੱਡੀ ਅਚਨਚੇਤ ਚੈਕਿੰਗ ਮੁਹਿੰਮ ਚਲਾਈ। ਇਸ ਕਾਰਵਾਈ ਨਾਲ ਬਾਜ਼ਾਰ ਦੇ ਦੁਕਾਨਦਾਰਾਂ ਅਤੇ ਕਾਰੋਬਾਰੀ ਅਦਾਰਿਆਂ ਵਿਚ ਹੜਕੰਪ ਮੱਚ ਗਿਆ। ਟੀਮ ਨੇ ਵੱਖ-ਵੱਖ ਦੁਕਾਨਾਂ ਤੋਂ ਲਗਭਗ 30 ਕਿਲੋਗ੍ਰਾਮ ਪਾਬੰਦੀਸ਼ੁਦਾ ਸਿੰਗਲ ਯੂਜ਼ ਪਲਾਸਟਿਕ ਜ਼ਬਤ ਕੀਤਾ ਅਤੇ ਮੌਕੇ ਤੇ ਹੀ ਲਗਭਗ 10,000 ਰੁਪਏ ਦਾ ਵਾਤਾਵਰਣ ਮੁਆਵਜ਼ਾ ਵਸੂਲਿਆ। ਸ਼ੁੱਕਰਵਾਰ ਦੁਪਹਿਰ ਸਮੇਂ ਸੀਪੀਸੀਬੀ, ਪੀਪੀਸੀਬੀ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੀਆਂ ਗੱਡੀਆਂ ਅਚਾਨਕ ਬਲਟਾਣਾ ਦੇ ਮੁੱਖ ਬਾਜ਼ਾਰ ਵਿਚ ਪਹੁੰਚੀਆਂ। ਸਾਂਝੀ ਟੀਮ ਨੇ ਬਿਨਾਂ ਕਿਸੇ ਅਗਾਊ ਸੂਚਨਾ ਦੇ ਫ਼ਲ-ਸਬਜ਼ੀ ਵਿਕਰੇਤਾਵਾਂ, ਕਰਿਆਨਾ ਸਟੋਰਾਂ, ਕਨਫੈਕਸ਼ਨਰੀ ਅਤੇ ਹੋਰ ਕਾਰੋਬਾਰੀ ਠਿਕਾਣਿਆਂ ਤੇ ਸਿੱਧੇ ਪਹੁੰਚ ਕੇ ਸਟਾਕ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਾਂਝੀ ਛਾਪੇਮਾਰੀ ਕਾਰਵਾਈ ਦੀ ਅਗਵਾਈ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਸਾਇੰਟਿਸਟ-ਬੀ ਆਕਾਸ਼ ਮਿਸ਼ਰਾ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੇ ਉਪ-ਮੰਡਲ ਅਫ਼ਸਰ ਅਤੁਲ ਸ਼ਰਮਾ ਅਤੇ ਮਿਊਂਸੀਪਲ ਕੌਂਸਲ ਜ਼ੀਰਕਪੁਰ ਦੇ ਸੈਨੇਟਰੀ ਇੰਸਪੈਕਟਰ ਮਨੋਜ ਕੁਮਾਰ ਨੇ ਸਾਂਝੇ ਤੌਰ ਤੇ ਕੀਤੀ। ਅਧਿਕਾਰੀਆਂ ਨੇ ਇਸ ਦੌਰਾਨ ਸਿਰਫ਼ ਸਜ਼ਾ ਦੇਣ ਵਾਲੀ ਕਾਰਵਾਈ ਹੀ ਨਹੀਂ ਕੀਤੀ, ਸਗੋਂ ਦੁਕਾਨਦਾਰਾਂ ਅਤੇ ਖ਼ਰੀਦਦਾਰੀ ਕਰਨ ਆਏ ਆਮ ਨਾਗਰਿਕਾਂ ਨੂੰ ਵੀ ਸਿੰਗਲ ਯੂਜ਼ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ। ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਗਾਹਕਾਂ ਨੂੰ ਪੌਲੀਥੀਨ ਦੇਣ ਦੀ ਬਜਾਏ ਕੱਪੜੇ, ਜੂਟ ਜਾਂ ਕਾਗ਼ਜ਼ ਤੋਂ ਬਣੇ ਥੈਲਿਆਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ। ਪ੍ਰਸ਼ਾਸਕੀ ਟੀਮ ਨੇ ਮੌਕੇ ਤੇ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਤੇ ਲਗਭਗ 10,000 ਰੁਪਏ ਦਾ ਜੁਰਮਾਨਾ ਲਗਾਇਆ। ਅਧਿਕਾਰੀਆਂ ਨੇ ਸਖ਼ਤ ਸ਼ਬਦਾਂ ਵਿਚ ਚੇਤਾਵਨੀ ਦਿੱਤੀ ਕਿ ਜੇਕਰ ਭਵਿੱਖ ’ਚ ਕਿਸੇ ਵੀ ਦੁਕਾਨ ਤੇ ਪ੍ਰਤੀਬੰਧਿਤ ਸਿੰਗਲ ਯੂਜ਼ ਪਲਾਸਟਿਕ ਪਾਇਆ ਗਿਆ, ਤਾਂ ਨਗਰ ਕੌਂਸਲ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਸ ਨਾਲੋਂ ਵੀ ਵੱਧ ਸਖ਼ਤ ਕਾਨੂੰਨੀ ਕਦਮ ਚੁੱਕੇ ਜਾਣਗੇ।