ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਤੇ ਬਾਹਰ ਧਰਨੇ-ਰੈਲੀਆਂ ਕਰਨ ’ਤੇ ਪਾਬੰਦੀ
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਤੇ ਬਾਹਰ ਧਰਨੇ-ਰੈਲੀਆਂ ਕਰਨ ’ਤੇ ਪਾਬੰਦੀ
Publish Date: Fri, 13 Feb 2026 05:39 PM (IST)
Updated Date: Fri, 13 Feb 2026 05:42 PM (IST)

ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਕੋਮਲ ਮਿੱਤਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 (46 ਆਫ਼ 2023) ਦੇ ਚੈਪਟਰ 11 (ਅਧੀਨ ਧਾਰਾ 163), ਅਧੀਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਚਾਰਦੀਵਾਰੀ ਦੇ ਅੰਦਰ ਅਤੇ ਚਾਰਦੀਵਾਰੀ ਦੇ ਬਾਹਰ 100 ਮੀਟਰ ਤੱਕ ਦੇ ਘੇਰੇ ਵਿਚ ਧਰਨੇ ਅਤੇ ਰੈਲੀਆਂ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਮੈਮੋਰੰਡਮ ਵਗੈਰਾ ਦੇਣ ਲਈ ਪੰਜ ਵਿਅਕਤੀਆਂ ਤੋਂ ਘੱਟ ਗਿਣਤੀ ਵਿਚ ਵਿਅਕਤੀਆਂ ਦੇ ਇਸ ਚਾਰਦੀਵਾਰੀ ਦੇ ਮੁੱਖ ਗੇਟ ਵਿਚੋਂ ਲੰਘ ਕੇ ਇਸ ਦਫ਼ਤਰ ਵਿਚ ਆਉਣ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਇਹ ਹੁਕਮ 10 ਅਪ੍ਰੈਲ 2026 ਤੱਕ ਲਾਗੂ ਰਹਿਣਗੇ। ਸ੍ਰੀਮਤੀ ਮਿੱਤਲ ਨੇ ਦੱਸਿਆ ਕਿ ਧਿਆਨ ਵਿਚ ਆਇਆ ਹੈ ਕਿ ਆਮ ਤੌਰ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ 76, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਬਿਲਡਿੰਗ ਦੇ ਆਲੇ-ਦੁਆਲੇ ਆਮ ਜਨਤਾ, ਰਾਜਸੀ ਪਾਰਟੀਆਂ ਅਤੇ ਕਰਮਚਾਰੀ ਸੰਗਠਨਾਂ ਆਦਿ ਵੱਲੋਂ ਰੈਲੀਆਂ ਧਰਨੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਦਫ਼ਤਰ ਵਿਚ ਕੰਮ ਕਰਦੇ ਕਰਮਚਾਰੀਆਂ ਅਤੇ ਆਮ ਜਨਤਾ ਨੂੰ ਦਫ਼ਤਰ ਵਿਚ ਆਉਣ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਤੋਂ ਇਲਾਵਾ ਅਜਿਹਾ ਕਰਨ ਨਾਲ ਬਿਲਡਿੰਗ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ, ਜਾਨੀ ਅਤੇ ਮਾਲੀ ਨੁਕਸਾਨ ਵੀ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਵੀ ਭੰਗ ਹੋ ਸਕਦੀ ਹੈ। ਇਸ ਸਥਿਤੀ ਦੇ ਮੱਦੇਨਜ਼ਰ ਇਨ੍ਹਾਂ ਕਾਰਵਾਈਆਂ ਨੂੰ ਰੋਕਣ ਲਈ ਇਹ ਹੁਕਮ ਲਾਗੂ ਕੀਤੇ ਗਏ ਹਨ।