‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ’ਤੇ ਬਾਜਵਾ ਦਾ ਹਮਲਾ, 'ਆਪ' ਵਿਧਾਇਕ ਵੱਲੋਂ ਅਧਿਆਪਕਾਂ ਦੀ ਘਾਟ ਦਾ ਮੁੱਦਾ ਚੁੱਕਣ 'ਤੇ ਘੇਰੀ ਸਰਕਾਰ
ਬਾਜਵਾ ਨੇ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲ ’ਚ ਪੜ੍ਹਦੇ ਹਨ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਦੇ ਸਕੂਲ ਆਫ਼ ਐਮੀਨੈਂਸ ’ਚ ਵੀ ਅਧਿਆਪਕਾਂ ਦੀ ਘਾਟ ਦਾ ਮੁੱਦਾ ਚੁੱਕਿਆ ਹੈ। ਬਾਜਵਾ ਮੁਤਾਬਕ ਮਾਈਸਰਖਾਨਾ ਨੇ ਇਹ ਚਿੰਤਾ ਸੀਨੀਅਰ ਆਪ ਆਗੂਆਂ ਤੇ ਸਰਕਾਰ ਦੇ ਸਾਹਮਣੇ ਵੀ ਰੱਖੀ, ਪਰ ਉਨ੍ਹਾਂ ਦੇ ਦਾਅਵੇ ਅਨੁਸਾਰ ਸਮੱਸਿਆ ਦਾ ਹੱਲ ਨਹੀਂ ਹੋਇਆ।
Publish Date: Mon, 05 Oct 2026 08:22 AM (IST)
Updated Date: Mon, 05 Oct 2026 08:27 AM (IST)
ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ। ਪੰਜਾਬ ’ਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਹੈ। ਬਾਜਵਾ ਨੇ ਕਿਹਾ ਕਿ ਸਰਕਾਰ ਦੇ ਆਪਣੇ ਵਿਧਾਇਕ ਵੱਲੋਂ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਦਾ ਮੁੱਦਾ ਜਨਤਕ ਤੌਰ ’ਤੇ ਚੁੱਕਣਾ ਸਿੱਖਿਆ ਪ੍ਰਬੰਧ ਦੀ ਜ਼ਮੀਨੀ ਹਕੀਕਤ ਸਾਹਮਣੇ ਲਿਆਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੱਤਾਧਾਰੀ ਪਾਰਟੀ ਦਾ ਵਿਧਾਇਕ ਹੀ ਅਧਿਆਪਕਾਂ ਦੀ ਘਾਟ ਦੀ ਸ਼ਿਕਾਇਤ ਕਰ ਰਿਹਾ ਹੈ ਤਾਂ ‘ਸਿੱਖਿਆ ਕ੍ਰਾਂਤੀ’ ਦੇ ਦਾਅਵਿਆਂ ’ਤੇ ਸਵਾਲ ਉੱਠਣਾ ਸੁਭਾਵਿਕ ਹੈ।
ਬਾਜਵਾ ਨੇ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਬਿਆਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲ ’ਚ ਪੜ੍ਹਦੇ ਹਨ ਅਤੇ ਉਨ੍ਹਾਂ ਨੇ ਆਪਣੇ ਪੁੱਤਰ ਦੇ ਸਕੂਲ ਆਫ਼ ਐਮੀਨੈਂਸ ’ਚ ਵੀ ਅਧਿਆਪਕਾਂ ਦੀ ਘਾਟ ਦਾ ਮੁੱਦਾ ਚੁੱਕਿਆ ਹੈ। ਬਾਜਵਾ ਮੁਤਾਬਕ ਮਾਈਸਰਖਾਨਾ ਨੇ ਇਹ ਚਿੰਤਾ ਸੀਨੀਅਰ ਆਪ ਆਗੂਆਂ ਤੇ ਸਰਕਾਰ ਦੇ ਸਾਹਮਣੇ ਵੀ ਰੱਖੀ, ਪਰ ਉਨ੍ਹਾਂ ਦੇ ਦਾਅਵੇ ਅਨੁਸਾਰ ਸਮੱਸਿਆ ਦਾ ਹੱਲ ਨਹੀਂ ਹੋਇਆ।
ਬਾਜਵਾ ਨੇ ਕਿਹਾ ਕਿ ਸਿੱਖਿਆ ਪ੍ਰਬੰਧ ਸਿਰਫ਼ ਨਾਅਰਿਆਂ ਤੇ ਪ੍ਰਚਾਰ ਨਾਲ ਨਹੀਂ ਸੁਧਰਦਾ। ਸਕੂਲਾਂ ’ਚ ਲੋੜੀਂਦੇ ਅਧਿਆਪਕ, ਬਿਹਤਰ ਸਹੂਲਤਾਂ ਅਤੇ ਜਵਾਬਦੇਹੀ ਯਕੀਨੀ ਬਣਾਉਣੀ ਪਵੇਗੀ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੂੰ ਹੀ ਆਪਣੇ ਇਲਾਕੇ ਦੇ ਸਕੂਲਾਂ ’ਚ ਅਧਿਆਪਕਾਂ ਦੀ ਉਪਲਬਧਤਾ ਦਾ ਮੁੱਦਾ ਜਨਤਕ ਤੌਰ ’ਤੇ ਚੁੱਕਣਾ ਪੈ ਰਿਹਾ ਹੈ ਤਾਂ ‘ਸਿੱਖਿਆ ਕ੍ਰਾਂਤੀ’ ਦਾ ਅਸਲ ਅਸਰ ਕਿੱਥੇ ਹੈ।
ਸੁਨੇਹੇ ਦਾ ਜਵਾਬ ਦੇਣ ਦੀ ਥਾਂ ਮੈਸੇਂਜਰ ’ਤੇ ਕਾਰਵਾਈ
ਬਾਜਵਾ ਨੇ ਮੈਸਰਖਾਨਾ ਖ਼ਿਲਾਫ਼ ਆਪ ਦੀ ਕਾਰਵਾਈ ਨੂੰ ਲੈ ਕੇ ਵੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਮੱਸਿਆ ਦਾ ਜਵਾਬ ਦੇਣ ਦੀ ਥਾਂ ਸਵਾਲ ਚੁੱਕਣ ਵਾਲੇ ਵਿਧਾਇਕ ਖ਼ਿਲਾਫ਼ ਕਾਰਵਾਈ ਕੀਤੀ। ਆਪ ਦੀ ਪੰਜਾਬ ਇਕਾਈ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਤੇ ਅਨੁਸ਼ਾਸਨਹੀਣਤਾ ਦਾ ਹਵਾਲਾ ਦਿੰਦਿਆਂ ਮਾਈਸਰਖਾਨਾ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕੀਤਾ ਹੈ।
ਬਾਜਵਾ ਨੇ ਕਿਹਾ ਕਿ ਸਕੂਲਾਂ ’ਚ ਅਧਿਆਪਕਾਂ ਦੀ ਘਾਟ ਪ੍ਰਸ਼ਾਸਨ ਤੇ ਸਿੱਖਿਆ ਪ੍ਰਬੰਧ ਨਾਲ ਜੁੜਿਆ ਮੁੱਦਾ ਹੈ ਅਤੇ ਇਸ ਨੂੰ ਪਾਰਟੀ ਵਿਰੋਧੀ ਗਤੀਵਿਧੀ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਲੋਕਤੰਤਰ ’ਚ ਚੁਣੇ ਹੋਏ ਨੁਮਾਇੰਦੇ ਨੂੰ ਆਪਣੀ ਸਰਕਾਰ ਦੇ ਕੰਮਕਾਜ ’ਤੇ ਸਵਾਲ ਚੁੱਕਣ ਦਾ ਹੱਕ ਹੈ। ਪੰਜਾਬ ਦੇ ਬੱਚਿਆਂ ਨੂੰ ਨਾਅਰਿਆਂ ਤੇ ਪ੍ਰਚਾਰ ਦੀ ਨਹੀਂ, ਸਗੋਂ ਕਲਾਸਾਂ ’ਚ ਲੋੜੀਂਦੇ ਅਧਿਆਪਕਾਂ ਅਤੇ ਮਿਆਰੀ ਸਿੱਖਿਆ ਦੀ ਲੋੜ ਹੈ।