ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ਇੰਮੀਗ੍ਰੇਸ਼ਨ ਏਜੰਟ ਦੀ ਜ਼ਮਾਨਤ ਅਰਜ਼ੀ ਰੱਦ
ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਠੱਗੀ ਮਾਰਨ ਵਾਲੇ ਇਮੀਗ੍ਰੇਸ਼ਨ ਏਜੰਟ ਦੀ ਜ਼ਮਾਨਤ ਅਰਜ਼ੀ ਰੱਦ
Publish Date: Fri, 16 Jan 2026 07:51 PM (IST)
Updated Date: Fri, 16 Jan 2026 07:51 PM (IST)

ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਦੀ ਮਾਨਯੋਗ ਅਦਾਲਤ ਨੇ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਵਿਚ ਨਾਮਜ਼ਦ ਸੰਜੇ ਸਿੰਘ (ਡਾਇਰੈਕਟਰ, ਜ਼ੈਨਨ ਲਾਅ ਆਫਿਸ) ਦੀ ਨਿਯਮਤ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ। ਅਦਾਲਤ ਨੇ ਮੁਲਜ਼ਮ ਦੇ ਪੁਰਾਣੇ ਅਪਰਾਧਿਕ ਰਿਕਾਰਡ ਅਤੇ ਧੋਖਾਧੜੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਮੁਲਜ਼ਮ ਸੰਜੇ ਸਿੰਘ (ਵਾਸੀ ਫੇਜ਼-10, ਮੁਹਾਲੀ) ਵਿਰੁੱਧ ਥਾਣਾ ਸੋਹਾਣਾ ਵਿਖੇ ਧਾਰਾ 406, 420 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸਤਨਾਮ ਸਿੰਘ ਅਤੇ ਸੁਰਮੁਖ ਸਿੰਘ ਨਾਮਕ ਵਿਅਕਤੀਆਂ ਨੇ ਸ਼ਿਕਾਇਤ ਦਿੱਤੀ ਸੀ ਕਿ ਸੈਕਟਰ 106 ਸਥਿਤ ਜ਼ੈਨਨ ਲਾਅ ਆਫਿਸ ਦੇ ਸੰਚਾਲਕਾਂ ਨੇ ਉਨ੍ਹਾਂ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਹੜੱਪ ਲਏ ਹਨ। ਸਤਨਾਮ ਸਿੰਘ ਤੋਂ 7 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ, ਜਦਕਿ ਸੁਰਮੁਖ ਸਿੰਘ ਤੋਂ 12 ਲੱਖ ਰੁਪਏ ਲਏ ਗਏ ਸਨ, ਪਰ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਜ਼ਮਾਨਤ ਤੇ ਬਹਿਸ ਦੌਰਾਨ ਸਰਕਾਰੀ ਵਕੀਲ ਨੇ ਦੱਸਿਆ ਕਿ ਮੁਲਜ਼ਮ ਨੇ ਇਸੇ ਤਰ੍ਹਾਂ ਕਈ ਹੋਰ ਲੋਕਾਂ ਨਾਲ ਵੀ ਠੱਗੀ ਮਾਰੀ ਹੈ। ਅਦਾਲਤ ਨੇ ਨੋਟ ਕੀਤਾ ਕਿ ਮੁਲਜ਼ਮ ਵਿਰੁੱਧ ਪਹਿਲਾਂ ਹੀ 32 ਐੱਫਆਈਆਰ ਦਰਜ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਉਹ ਆਦਤਨ ਧੋਖੇਬਾਜ਼ ਹੈ। ਅਦਾਲਤ ਨੇ ਕਿਹਾ ਕਿ ਸਿਰਫ਼ ਲੰਬੇ ਸਮੇਂ ਤੋਂ ਜੇਲ੍ਹ ਵਿਚ ਹੋਣਾ ਜ਼ਮਾਨਤ ਦਾ ਆਧਾਰ ਨਹੀਂ ਬਣ ਸਕਦਾ, ਖ਼ਾਸਕਰ ਜਦੋਂ ਮੁਲਜ਼ਮ ਦਾ ਪਿਛੋਕੜ ਅਜਿਹਾ ਹੋਵੇ। ਅਦਾਲਤ ਨੇ ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਸੰਜੇ ਸਿੰਘ ਦੀ ਬੀਐੱਨਐੱਸਐੱਸ ਦੀ ਧਾਰਾ 483 ਤਹਿਤ ਦਾਇਰ ਜ਼ਮਾਨਤ ਅਰਜ਼ੀ ਨੂੰ ਮੁੱਢੋਂ ਖਾਰਜ ਕਰ ਦਿੱਤਾ।