ਬਾਦਲਾਂ ਦੇ ਡਰੀਮ ਪ੍ਰੋਜੈਕਟ ਦਾ ਬੁਰਾ ਹਾਲ, ਏਅਰਪੋਰਟ ਰੋਡ ਬਣੀ ‘ਹਾਦਸਿਆਂ ਦੀ ਸੜਕ’; ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ
ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਸੜਕ ਖ਼ਤਰੇ ਤੋਂ ਖਾਲੀ ਨਹੀਂ। ਮੀਂਹ ਤੋਂ ਬਾਅਦ ਟੋਇਆਂ ’ਚ ਪਾਣੀ ਭਰ ਜਾਣ ਕਾਰਨ ਸੜਕ ਦੀ ਅਸਲ ਹਾਲਤ ਦਾ ਪਤਾ ਲਗਾਉਣਾ ਹੋਰ ਮੁਸ਼ਕਲ ਹੋ ਜਾਂਦਾ ਹੈ। ਰਾਤ ਸਮੇਂ ਰੋਸ਼ਨੀ ਦੀ ਕਮੀ ਅਤੇ ਸੜਕ ਦੀ ਖ਼ਰਾਬ ਹਾਲਤ ਹਾਦਸੇ ਦਾ ਖ਼ਤਰਾ ਹੋਰ ਵਧਾ ਦਿੰਦੀ ਹੈ।
Publish Date: Tue, 15 Sep 2026 03:52 PM (IST)
Updated Date: Tue, 15 Sep 2026 03:56 PM (IST)
ਰੋਹਿਤ ਗੁਪਤਾ, ਪੰਜਾਬੀ ਜਾਗਰਣ, ਮਾਜਰੀ। ਨਿਊ ਚੰਡੀਗੜ੍ਹ ਨੂੰ ਪੰਜਾਬ ਦਾ ਆਧੁਨਿਕ ਅਤੇ ਯੋਜਨਾਬੱਧ ਸ਼ਹਿਰ ਬਣਾਉਣ ਦੇ ਵੱਡੇ-ਵੱਡੇ ਦਾਅਵਿਆਂ ਵਿਚਕਾਰ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਮਾਰਗ ਤੋਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਨੂੰ ਜਾਂਦੀ ਪੀ.ਆਰ.-7 ਰੋਡ ਦੀ ਬਦਹਾਲੀ ਪੰਜਾਬ ਸਰਕਾਰ ਦੇ ਵਿਕਾਸ ਮਾਡਲ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ। ਜਿਸ ਸੜਕ ਤੋਂ ਰੋਜ਼ਾਨਾ ਹਜ਼ਾਰਾਂ ਲੋਕ ਗੁਜ਼ਰਦੇ ਹਨ, ਉਸ ’ਤੇ ਥਾਂ-ਥਾਂ ਟੋਏ, ਟੁੱਟੀ ਸੜਕ ਅਤੇ ਖ਼ਰਾਬ ਹਾਲਤ ਵਾਹਨ ਚਾਲਕਾਂ ਲਈ ਵੱਡਾ ਖ਼ਤਰਾ ਬਣ ਚੁੱਕੀ ਹੈ।
ਸਵਾਲ ਇਹ ਹੈ ਕਿ ਜਦੋਂ ਸਰਕਾਰ ਨਿਊ ਚੰਡੀਗੜ੍ਹ ਨੂੰ ਪੰਜਾਬ ਦੀ ਤਰੱਕੀ ਅਤੇ ਆਧੁਨਿਕਤਾ ਦੀ ਤਸਵੀਰ ਵਜੋਂ ਪੇਸ਼ ਕਰਦੀ ਹੈ ਤਾਂ ਇਸ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਇਹ ਹਾਲਤ ਸਰਕਾਰ ਨੂੰ ਕਿਉਂ ਨਜ਼ਰ ਨਹੀਂ ਆ ਰਹੀ?
ਨਿਊ ਚੰਡੀਗੜ੍ਹ ਨੂੰ ਲੈ ਕੇ ਸਰਕਾਰਾਂ ਵੱਲੋਂ ਸਮੇਂ-ਸਮੇਂ ’ਤੇ ਵੱਡੇ ਵਿਕਾਸ ਦੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਪੀ.ਆਰ.-7 ਏਅਰਪੋਰਟ ਰੋਡ ’ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਇਨ੍ਹਾਂ ਦਾਅਵਿਆਂ ਦੀ ਹਕੀਕਤ ਸੜਕ ਦੇ ਟੋਇਆਂ ’ਚ ਨਜ਼ਰ ਆ ਰਹੀ ਹੈ।
ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਇਹ ਸੜਕ ਖ਼ਤਰੇ ਤੋਂ ਖਾਲੀ ਨਹੀਂ। ਮੀਂਹ ਤੋਂ ਬਾਅਦ ਟੋਇਆਂ ’ਚ ਪਾਣੀ ਭਰ ਜਾਣ ਕਾਰਨ ਸੜਕ ਦੀ ਅਸਲ ਹਾਲਤ ਦਾ ਪਤਾ ਲਗਾਉਣਾ ਹੋਰ ਮੁਸ਼ਕਲ ਹੋ ਜਾਂਦਾ ਹੈ। ਰਾਤ ਸਮੇਂ ਰੋਸ਼ਨੀ ਦੀ ਕਮੀ ਅਤੇ ਸੜਕ ਦੀ ਖ਼ਰਾਬ ਹਾਲਤ ਹਾਦਸੇ ਦਾ ਖ਼ਤਰਾ ਹੋਰ ਵਧਾ ਦਿੰਦੀ ਹੈ।
ਹਾਦਸੇ ਹੁੰਦੇ ਰਹੇ, ਸਰਕਾਰ ਕਦੋਂ ਜਾਗੇਗੀ?
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸੜਕ ਦਾ ਹਿੱਸਾ 2022 ਵਿੱਚ ਆਏ ਹੜ੍ਹ ਨਾਲ ਪਾਣੀ ਦੇ ਵਹਾਅ ’ਚ ਰੁੜ੍ਹ ਗਿਆ ਸੀ ਜਿਸ ਨੂੰ ਅੱਜ ਤੱਕ ਪੂਰਿਆ ਨਹੀਂ ਗਿਆ, ਸੜਕ ਦੀ ਖਰਾਬ ਹਾਲਤ ਕਾਰਨ ਵਾਹਨ ਚਾਲਕਾਂ ਨੂੰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਰੋਡ ’ਤੇ ਪਹਿਲਾਂ ਵੀ ਕਈ ਜਾਨਾਂ ਜਾ ਚੁੱਕੀਆਂ ਹਨ।
ਜੇਕਰ ਸਬੰਧਤ ਵਿਭਾਗ ਨੂੰ ਸੜਕ ਦੀ ਹਾਲਤ ਬਾਰੇ ਜਾਣਕਾਰੀ ਹੈ ਤਾਂ ਇਸ ਦੀ ਮੁਰੰਮਤ ’ਚ ਦੇਰੀ ਕਿਉਂ? ਅਤੇ ਜੇਕਰ ਜਾਣਕਾਰੀ ਨਹੀਂ ਤਾਂ ਇਹ ਵੀ ਸਰਕਾਰੀ ਤੰਤਰ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ ਹੈ।
ਲੋਕ ਸਰਕਾਰ ਤੋਂ ਪੁੱਛ ਰਹੇ ਹਨ ਕਿ ਸੜਕਾਂ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਖਰਚ ਹੋਣ ਵਾਲੇ ਸਰਕਾਰੀ ਪੈਸੇ ਦਾ ਜ਼ਮੀਨੀ ਅਸਰ ਕਿੱਥੇ ਹੈ?
ਇੱਕ ਪਾਸੇ ਨਿਊ ਚੰਡੀਗੜ੍ਹ ਵਿੱਚ ਨਵੇਂ ਪ੍ਰੋਜੈਕਟਾਂ ਅਤੇ ਵਿਕਾਸ ਦੀਆਂ ਗੱਲਾਂ ਹੋ ਰਹੀਆਂ ਹਨ, ਦੂਜੇ ਪਾਸੇ ਮੁੱਖ ਸੜਕ ’ਤੇ ਸੁਰੱਖਿਅਤ ਸਫ਼ਰ ਕਰਨਾ ਵੀ ਲੋਕਾਂ ਲਈ ਚੁਣੌਤੀ ਬਣਿਆ ਹੋਇਆ ਹੈ। ਸਿਰਫ਼ ਐਲਾਨਾਂ ਅਤੇ ਇਸ਼ਤਿਹਾਰਾਂ ਨਾਲ ਵਿਕਾਸ ਨਹੀਂ ਹੁੰਦਾ—ਸੜਕਾਂ ਦੀ ਹਾਲਤ ਵੀ ਸਰਕਾਰ ਦੀ ਕਾਰਗੁਜ਼ਾਰੀ ਦਾ ਸ਼ੀਸ਼ਾ ਹੁੰਦੀ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਨਿਊ ਚੰਡੀਗੜ ਖੇਤਰ ’ਚ ਵੱਡੇ ਵੀਆਈਪੀ ਰਾਜਨੀਤਿਕ ਆਗੂਆਂ ਸਮੇਤ ਉੱਚ ਅਧਿਕਾਰੀ ਅਤੇ ਵਪਾਰੀ ਵੀ ਰਹਿੰਦੇ ਹਨ ਜਿਨ੍ਹਾਂ ਵਲੋਂ ਇੱਥੇ ਕਰੋੜਾਂ ਦੇ ਘਰ ਬਣਾਏ ਗਏ ਹਨ,
ਨਿਊ ਚੰਡੀਗੜ੍ਹ ਦੇ ਵਸਨੀਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਪੀ.ਆਰ.-7 ਦੀ ਸੜਕ ਦੀ ਮੁਰੰਮਤ ਕਰਵਾਉਣ ਅਤੇ ਹਾਦਸਿਆਂ ਨੂੰ ਰੋਕਣ ਲਈ ਸੁਰੱਖਿਆ ਪ੍ਰਬੰਧ ਕੀਤਾ ਜਾਵੇ।
ਹੁਣ ਦੇਖਣਾ ਇਹ ਹੈ ਕਿ ਪੰਜਾਬ ਸਰਕਾਰ ਨਿਊ ਚੰਡੀਗੜ੍ਹ ਦੀ ਪੀ.ਆਰ.-7 ਨੂੰ ਟੋਇਆਂ ਅਤੇ ਹਾਦਸਿਆਂ ਤੋਂ ਮੁਕਤ ਕਰਨ ਲਈ ਸਿਰਫ਼ ਭਰੋਸਾ ਦਿੰਦੀ ਹੈ ਜਾਂ ਅਸਲ ਵਿੱਚ ਸੜਕ ’ਤੇ ਕੰਮ ਵੀ ਕਰਵਾਉਂਦੀ ਹੈ।