- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋਵਾਂ ਪਾਰਟੀਆਂ ਨੇ ਕਰੀਬ 24 ਸਾਲ ਤੱਕ ਚੋਣ ਭਾਈਵਾਲੀ ਨਿਭਾਈ। ਇਸ ਦੌਰਾਨ ਤਿੰਨ ਵਾਰ ਪੰਜਾਬ ਵਿੱਚ ਸਰਕਾਰ ਬਣਾਈ ਅਤੇ ਕੇਂਦਰ ਵਿੱਚ ਵੀ ਇੱਕ-ਦੂਜੇ ਦੇ ਸਿਆਸੀ ਸਹਿਯੋਗੀ ਬਣੇ ਰਹੇ। ਇਸ ਗੱਠਜੋੜ ਦੀ ਖ਼ਾਸ ਗੱਲ ਇਹ ਸੀ ਕਿ ਦੋਵੇਂ ਪਾਰਟੀਆਂ ਆਪਣੀ ਵੱਖਰੀ ਵਿਚਾਰਧਾਰਾ, ਜਥੇਬੰਦੀ ਅਤੇ ਚੋਣ ਮਨੋਰਥ ਪੱਤਰ ਹੋਣ ਦੇ ਬਾਵਜੂਦ ਸੱਤਾ ਅਤੇ ਚੋਣ ਰਣਨੀਤੀ ’ਤੇ ਇਕੱਠੇ ਕੰਮ ਕਰਦੀਆਂ ਰਹੀਆਂ। ਗੱਠਜੋੜ ਦੀ ਨੀਂਹ 1996 ਵਿੱਚ ਪਈ, 1997 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਕੇ ਸਰਕਾਰ ਬਣਾਈ ਅਤੇ 2020 ਵਿੱਚ ਦੋਵਾਂ ਪਾਰਟੀਆਂ ਦੇ ਰਸਤੇ ਵੱਖ ਹੋ ਗਏ।

ਰੋਹਿਤ ਕੁਮਾਰ, ਚੰਡੀਗੜ੍ਹ। ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਰਿਸ਼ਤੇ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 'ਨਹੁੰ-ਮਾਸ ਦਾ ਰਿਸ਼ਤਾ' ਕਹਿੰਦੇ ਸਨ। ਦੋਵਾਂ ਪਾਰਟੀਆਂ ਵਿਚਾਲੇ ਇਹ ਗੱਠਜੋੜ ਸਿਰਫ਼ ਚੋਣ ਲੜਨ ਤੱਕ ਸੀਮਤ ਨਹੀਂ ਸੀ, ਸਗੋਂ ਪੰਜਾਬ ਦੀ ਸਿਆਸਤ ਵਿੱਚ ਸੱਤਾ ਦਾ ਇੱਕ ਅਜਿਹਾ ਸਮੀਕਰਨ ਬਣ ਗਿਆ ਸੀ, ਜਿਸ ਵਿੱਚ ਅਕਾਲੀ ਦਲ ਦਿਹਾਤੀ ਅਤੇ ਸਿੱਖ ਵੋਟਰਾਂ ਵਿੱਚ ਆਪਣੀ ਮਜ਼ਬੂਤੀ ਦੇ ਦਮ ’ਤੇ ਵੱਡੀ ਭੂਮਿਕਾ ਨਿਭਾਉਂਦਾ ਸੀ ਤਾਂ ਭਾਜਪਾ ਸ਼ਹਿਰੀ ਹਿੰਦੂ ਵੋਟਰਾਂ ਵਿੱਚ ਆਪਣੀ ਤਾਕਤ ਦੇ ਸਹਾਰੇ ਗੱਠਜੋੜ ਨੂੰ ਮਜ਼ਬੂਤੀ ਦਿੰਦੀ ਸੀ।
ਦੋਵਾਂ ਪਾਰਟੀਆਂ ਨੇ ਕਰੀਬ 24 ਸਾਲ ਤੱਕ ਚੋਣ ਭਾਈਵਾਲੀ ਨਿਭਾਈ। ਇਸ ਦੌਰਾਨ ਤਿੰਨ ਵਾਰ ਪੰਜਾਬ ਵਿੱਚ ਸਰਕਾਰ ਬਣਾਈ ਅਤੇ ਕੇਂਦਰ ਵਿੱਚ ਵੀ ਇੱਕ-ਦੂਜੇ ਦੇ ਸਿਆਸੀ ਸਹਿਯੋਗੀ ਬਣੇ ਰਹੇ। ਇਸ ਗੱਠਜੋੜ ਦੀ ਖ਼ਾਸ ਗੱਲ ਇਹ ਸੀ ਕਿ ਦੋਵੇਂ ਪਾਰਟੀਆਂ ਆਪਣੀ ਵੱਖਰੀ ਵਿਚਾਰਧਾਰਾ, ਜਥੇਬੰਦੀ ਅਤੇ ਚੋਣ ਮਨੋਰਥ ਪੱਤਰ ਹੋਣ ਦੇ ਬਾਵਜੂਦ ਸੱਤਾ ਅਤੇ ਚੋਣ ਰਣਨੀਤੀ ’ਤੇ ਇਕੱਠੇ ਕੰਮ ਕਰਦੀਆਂ ਰਹੀਆਂ। ਗੱਠਜੋੜ ਦੀ ਨੀਂਹ 1996 ਵਿੱਚ ਪਈ, 1997 ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਕੇ ਸਰਕਾਰ ਬਣਾਈ ਅਤੇ 2020 ਵਿੱਚ ਦੋਵਾਂ ਪਾਰਟੀਆਂ ਦੇ ਰਸਤੇ ਵੱਖ ਹੋ ਗਏ।
ਸਾਲ 1998 ਵਿੱਚ ਕੇਂਦਰ ਵਿੱਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਐੱਨ.ਡੀ.ਏ. ਸਰਕਾਰ ਬਣਨ ਮਗਰੋਂ ਅਕਾਲੀ ਦਲ ਵੀ ਇਸ ਦਾ ਹਿੱਸਾ ਬਣ ਗਿਆ। ਇਸ ਨਾਲ ਦੋਵਾਂ ਪਾਰਟੀਆਂ ਦੇ ਸਬੰਧ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਰਹੇ। ਅਕਾਲੀ ਦਲ ਨੂੰ ਕੇਂਦਰ ਦੀ ਸੱਤਾ ਵਿੱਚ ਭਾਈਵਾਲੀ ਮਿਲੀ ਅਤੇ ਭਾਜਪਾ ਨੂੰ ਪੰਜਾਬ ਵਿੱਚ ਇੱਕ ਮਜ਼ਬੂਤ ਖੇਤਰੀ ਸਹਿਯੋਗੀ ਮਿਲਿਆ।
ਵਾਜਪਾਈ ਅਤੇ ਪ੍ਰਕਾਸ਼ ਸਿੰਘ ਬਾਦਲ ਵਿਚਾਲੇ ਚੰਗੇ ਸਿਆਸੀ ਸਬੰਧ ਗੱਠਜੋੜ ਦੀ ਮਜ਼ਬੂਤੀ ਦਾ ਵੱਡਾ ਆਧਾਰ ਬਣੇ। ਬਾਅਦ ਵਿੱਚ ਐੱਨ.ਡੀ.ਏ. ਦੀਆਂ ਵੱਖ-ਵੱਖ ਸਰਕਾਰਾਂ ਵਿੱਚ ਅਕਾਲੀ ਦਲ ਦੇ ਆਗੂਆਂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਥਾਂ ਮਿਲੀ। ਸੁਖਦੇਵ ਸਿੰਘ ਢੀਂਡਸਾ, ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਕੇਂਦਰ ਵਿੱਚ ਮੰਤਰੀ ਬਣੇ। ਪੰਜਾਬ ਵਿੱਚ ਭਾਜਪਾ ਦੇ ਆਗੂ ਵੀ ਅਕਾਲੀ ਦਲ ਦੀ ਸਰਕਾਰ ਵਿੱਚ ਮੰਤਰੀ ਰਹੇ। ਇਸ ਤਰ੍ਹਾਂ ਦੋਵਾਂ ਪਾਰਟੀਆਂ ਵਿਚਾਲੇ ਕੇਂਦਰ ਅਤੇ ਸੂਬਾ, ਦੋਵਾਂ ਪੱਧਰਾਂ ’ਤੇ ਸੱਤਾ ਦੀ ਭਾਈਵਾਲੀ ਵਿਕਸਤ ਹੋਈ।
ਸਾਲ 2002 ਵਿੱਚ ਗੱਠਜੋੜ ਸੱਤਾ ਤੋਂ ਬਾਹਰ ਹੋ ਗਿਆ। ਅਕਾਲੀ ਦਲ ਨੂੰ 41 ਅਤੇ ਭਾਜਪਾ ਨੂੰ ਤਿੰਨ ਸੀਟਾਂ ਮਿਲੀਆਂ। ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਾਈ। ਇਸ ਤੋਂ ਬਾਅਦ ਦੋਵਾਂ ਪਾਰਟੀਆਂ ਨੇ ਆਪਣੇ ਗੱਠਜੋੜ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ। ਜੁਲਾਈ 2006 ਵਿੱਚ ਅਕਾਲੀ ਦਲ ਅਤੇ ਭਾਜਪਾ ਨੇ ਵਿਧਾਨ ਸਭਾ ਚੋਣਾਂ ਦੀ ਤਿਆਰੀ ਲਈ ਸੂਬਾ ਪੱਧਰੀ ਤਾਲਮੇਲ ਕਮੇਟੀ ਬਣਾਈ।
ਇਸ ਵਿੱਚ ਦੋਵਾਂ ਪਾਰਟੀਆਂ ਦੇ ਸੀਨੀਅਰ ਆਗੂਆਂ ਨੂੰ ਸ਼ਾਮਲ ਕੀਤਾ ਗਿਆ। ਇਸ ਕਮੇਟੀ ਦਾ ਕੰਮ 117 ਸੀਟਾਂ ’ਤੇ ਉਮੀਦਵਾਰਾਂ ਦੀ ਚੋਣ, ਸੀਟਾਂ ਦੀ ਵੰਡ ਅਤੇ ਚੋਣ ਰਣਨੀਤੀ ’ਤੇ ਸਹਿਮਤੀ ਬਣਾਉਣਾ ਸੀ। ਖ਼ਾਸ ਗੱਲ ਇਹ ਸੀ ਕਿ ਦੋਵੇਂ ਪਾਰਟੀਆਂ ਵੱਖੋ-ਵੱਖਰੇ ਚੋਣ ਮਨੋਰਥ ਪੱਤਰ ਜਾਰੀ ਕਰਨਗੀਆਂ, ਪਰ ਸਰਕਾਰ ਬਣਨ ਤੋਂ ਬਾਅਦ ਘੱਟੋ-ਘੱਟ ਸਾਂਝੇ ਪ੍ਰੋਗਰਾਮ ਤਹਿਤ ਕੰਮ ਕਰਨਗੀਆਂ। ਉਮੀਦਵਾਰਾਂ ਦੀ ਚੋਣ ਵਿੱਚ ਜਿੱਤਣ ਦੀ ਸਮਰੱਥਾ ਨੂੰ ਮੁੱਖ ਆਧਾਰ ਬਣਾਉਣ ’ਤੇ ਵੀ ਸਹਿਮਤੀ ਬਣੀ। ਤਤਕਾਲੀ ਭਾਜਪਾ ਆਗੂ ਅਰੁਣ ਜੇਤਲੀ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਵਿਵਸਥਾ ਨੂੰ ਗੱਠਜੋੜ ਲਈ ਮਹੱਤਵਪੂਰਨ ਦੱਸਿਆ ਸੀ।
ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗੱਠਜੋੜ ਨੇ ਸ਼ਾਨਦਾਰ ਵਾਪਸੀ ਕੀਤੀ। ਅਕਾਲੀ ਦਲ ਨੇ 49 ਅਤੇ ਭਾਜਪਾ ਨੇ 19 ਸੀਟਾਂ ਜਿੱਤ ਕੇ ਕੁੱਲ 68 ਸੀਟਾਂ ਨਾਲ ਸਰਕਾਰ ਬਣਾਈ। ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ। ਇਸ ਕਾਰਜਕਾਲ ਵਿੱਚ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਵਧੀ ਅਤੇ ਉਨ੍ਹਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ। ਗੱਠਜੋੜ ਸਰਕਾਰ ਨੇ ਦਿਹਾਤੀ ਖੇਤਰਾਂ ਵਿੱਚ ਮੁਫ਼ਤ ਬਿਜਲੀ ਅਤੇ ਪਾਣੀ ਦੀ ਵਿਵਸਥਾ ਜਾਰੀ ਰੱਖੀ। ਸੜਕੀ ਨੈੱਟਵਰਕ, ਬੁਨਿਆਦੀ ਢਾਂਚੇ ਅਤੇ ਸ਼ਹਿਰੀ ਵਿਕਾਸ ਦੇ ਮੁੱਦਿਆਂ ’ਤੇ ਵੀ ਕੰਮ ਕੀਤਾ ਗਿਆ।
ਸਾਲ 2012 ਵਿੱਚ ਦੋਵਾਂ ਪਾਰਟੀਆਂ ਨੇ ਮੁੜ 94-23 ਦੇ ਸੀਟ ਵੰਡ ਫ਼ਾਰਮੂਲੇ ਦੇ ਆਧਾਰ ’ਤੇ ਚੋਣ ਲੜੀ। ਅਕਾਲੀ ਦਲ ਨੇ 56 ਅਤੇ ਭਾਜਪਾ ਨੇ 12 ਸੀਟਾਂ ਜਿੱਤੀਆਂ। ਗੱਠਜੋੜ ਨੂੰ ਮੁੜ 68 ਸੀਟਾਂ ਮਿਲੀਆਂ। ਇਸ ਜਿੱਤ ਨਾਲ ਪੰਜਾਬ ਦੇ ਸਿਆਸੀ ਇਤਿਹਾਸ ਵਿੱਚ ਪਹਿਲੀ ਵਾਰ ਕਿਸੇ ਸਰਕਾਰ ਨੇ ਲਗਾਤਾਰ ਦੂਜਾ ਕਾਰਜਕਾਲ ਹਾਸਲ ਕੀਤਾ। ਇਸ ਨੇ ਸਾਬਤ ਕੀਤਾ ਕਿ ਦੋਵਾਂ ਪਾਰਟੀਆਂ ਦਾ ਸਮਾਜਿਕ ਅਤੇ ਚੋਣ ਸਮੀਕਰਨ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਰਹਿ ਸਕਦਾ ਹੈ।
ਕਰੀਬ ਢਾਈ ਦਹਾਕਿਆਂ ਦੇ ਇਸ ਸਿਆਸੀ ਰਿਸ਼ਤੇ ਵਿੱਚ ਸਭ ਕੁਝ ਹਮੇਸ਼ਾ ਸੁਖਾਲਾ ਨਹੀਂ ਰਿਹਾ। ਭਾਜਪਾ ਦੀ ਪੰਜਾਬ ਇਕਾਈ ਸਮੇਂ-ਸਮੇਂ ’ਤੇ ਸਰਕਾਰ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਦੀ ਮੰਗ ਕਰਦੀ ਰਹੀ। ਸਾਲ 2007 ਤੋਂ 2012 ਵਿਚਾਲੇ ਭਾਜਪਾ ਆਗੂ ਮਨੋਰੰਜਨ ਕਾਲੀਆ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਮੰਗ ਵੀ ਉੱਠੀ ਪਰ ਅਕਾਲੀ ਲੀਡਰਸ਼ਿਪ ਨੇ ਇਸ ’ਤੇ ਸਹਿਮਤੀ ਨਹੀਂ ਦਿੱਤੀ। ਬਿਜਲੀ ਦਰਾਂ ਵਿੱਚ ਵਾਧੇ ਨੂੰ ਲੈ ਕੇ ਵੀ ਭਾਜਪਾ ਨੇ ਵਿਰੋਧ ਪ੍ਰਗਟਾਇਆ ਸੀ।
ਭਾਜਪਾ ਦੇ ਕੁਝ ਮੰਤਰੀਆਂ ਨੇ ਅਸਤੀਫ਼ੇ ਦੀ ਪੇਸ਼ਕਸ਼ ਤੱਕ ਕਰ ਦਿੱਤੀ ਸੀ। ਇਸ ਤੋਂ ਇਲਾਵਾ 2013 ਵਿੱਚ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਬਲੂ ਸਟਾਰ ਯਾਦਗਾਰ ਦੇ ਉਦਘਾਟਨ ਨੂੰ ਲੈ ਕੇ ਵੀ ਦੋਵਾਂ ਪਾਰਟੀਆਂ ਵਿਚਾਲੇ ਅਸਹਿਮਤੀ ਸਾਹਮਣੇ ਆਈ। ਭਾਜਪਾ ਨੇ ਇਸ ’ਤੇ ਇਤਰਾਜ਼ ਜਤਾਇਆ ਪਰ ਅਕਾਲੀ ਲੀਡਰਸ਼ਿਪ ਨੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ। ਇਸ ਦੇ ਬਾਵਜੂਦ ਦੋਵਾਂ ਪਾਰਟੀਆਂ ਨੇ ਗੱਠਜੋੜ ਨਹੀਂ ਤੋੜਿਆ। ਸਿਆਸੀ ਲੀਡਰਸ਼ਿਪ ਦਾ ਮੰਨਣਾ ਸੀ ਕਿ ਵੱਖ-ਵੱਖ ਵਿਚਾਰਧਾਰਾ ਦੇ ਬਾਵਜੂਦ ਪੰਜਾਬ ਵਿੱਚ ਦੋਵਾਂ ਦੀ ਸਾਂਝੀ ਤਾਕਤ ਕਾਂਗਰਸ ਨੂੰ ਚੁਣੌਤੀ ਦੇਣ ਲਈ ਜ਼ਰੂਰੀ ਹੈ।
ਦਸ ਸਾਲ ਲਗਾਤਾਰ ਸੱਤਾ ਵਿੱਚ ਰਹਿਣ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਨੂੰ ਵੱਡਾ ਝਟਕਾ ਲੱਗਾ। ਕਾਂਗਰਸ ਨੇ 77 ਸੀਟਾਂ ਜਿੱਤ ਕੇ ਸਰਕਾਰ ਬਣਾਈ। ਅਕਾਲੀ ਦਲ 15 ਅਤੇ ਭਾਜਪਾ ਤਿੰਨ ਸੀਟਾਂ ’ਤੇ ਸਿਮਟ ਗਈ। ਇਸ ਤੋਂ ਬਾਅਦ ਦੋਵਾਂ ਪਾਰਟੀਆਂ ਵਿਚਾਲੇ ਪਹਿਲਾਂ ਵਰਗੀ ਸਿਆਸੀ ਮਜ਼ਬੂਤੀ ਨਹੀਂ ਰਹੀ।
ਹਾਲਾਂਕਿ, 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਦੋਵਾਂ ਪਾਰਟੀਆਂ ਨੇ ਇਕੱਠੇ ਚੋਣ ਲੜੀ। ਇਸ ਦੌਰਾਨ ਅਕਾਲੀ ਦਲ ਨੇ ਆਪਣੀ ਸਿਆਸੀ ਜ਼ਮੀਨ ਬਚਾਉਣ ਅਤੇ ਭਾਜਪਾ ਨੇ ਪੰਜਾਬ ਵਿੱਚ ਜਥੇਬੰਦਕ ਪ੍ਰਭਾਵ ਬਣਾਈ ਰੱਖਣ ਦੀ ਕੋਸ਼ਿਸ਼ ਕੀਤੀ। ਸਤੰਬਰ 2020 ਵਿੱਚ ਦੋਵਾਂ ਪਾਰਟੀਆਂ ਦਾ ਰਸਮੀ ਗੱਠਜੋੜ ਟੁੱਟ ਗਿਆ। ਇਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੇ ਬਸਪਾ ਨਾਲ ਸਮਝੌਤਾ ਕੀਤਾ ਅਤੇ ਭਾਜਪਾ ਨੇ ਵੱਖਰੇ ਤੌਰ ’ਤੇ ਚੋਣ ਲੜੀ।
ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ ਭਾਜਪਾ ਦੇ ਸੰਭਾਵਿਤ ਗੱਠਜੋੜ ਦੀ ਚਰਚਾ ਮੁੜ ਸਿਆਸੀ ਮਹੱਤਵ ਹਾਸਲ ਕਰ ਰਹੀ ਹੈ। ਦੋਵਾਂ ਪਾਰਟੀਆਂ ਦੇ ਸਾਹਮਣੇ ਆਪੋ-ਆਪਣੀ ਸਿਆਸੀ ਜ਼ਮੀਨ ਮਜ਼ਬੂਤ ਕਰਨ ਦੀ ਚੁਣੌਤੀ ਹੈ। ਭਾਜਪਾ ਹੁਣ ਪਹਿਲਾਂ ਵਾਂਗ ਸਿਰਫ਼ 23 ਸੀਟਾਂ ਤੱਕ ਸੀਮਤ ਰਹਿਣ ਦੀ ਬਜਾਏ ਪੰਜਾਬ ਵਿੱਚ ਆਪਣਾ ਸੁਤੰਤਰ ਜਨ-ਆਧਾਰ ਵਧਾਉਣ ਦੀ ਰਣਨੀਤੀ ’ਤੇ ਕੰਮ ਕਰ ਰਹੀ ਹੈ। ਦੂਜੇ ਪਾਸੇ ਅਕਾਲੀ ਦਲ ਵੀ ਖ਼ੁਦ ਨੂੰ ਗੱਠਜੋੜ ਵਿੱਚ ਵੱਡੇ ਭਾਈਵਾਲ ਵਜੋਂ ਦੇਖਣਾ ਚਾਹੇਗਾ।
ਸਾਲ 2024 ਵਿੱਚ ਦੋਵਾਂ ਪਾਰਟੀਆਂ ਵਿਚਾਲੇ ਗੱਠਜੋੜ ਬਹਾਲ ਕਰਨ ਨੂੰ ਲੈ ਕੇ ਗੱਲਬਾਤ ਵੀ ਹੋਈ ਸੀ, ਪਰ ਸੀਟਾਂ ਅਤੇ ਸਿਆਸੀ ਸ਼ਰਤਾਂ ’ਤੇ ਸਹਿਮਤੀ ਨਹੀਂ ਬਣ ਸਕੀ। ਅਜਿਹੇ ਵਿੱਚ 2027 ਲਈ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕੀ ਦੋਵੇਂ ਪਾਰਟੀਆਂ ਪੁਰਾਣੇ 94-23 ਦੇ ਫ਼ਾਰਮੂਲੇ ’ਤੇ ਪਰਤਣਗੀਆਂ ਜਾਂ ਭਾਜਪਾ ਇਸ ਵਾਰ ਵੱਧ ਸੀਟਾਂ ਦੀ ਮੰਗ ਕਰੇਗੀ। ਜਿਸ ਗੱਠਜੋੜ ਨੂੰ ਪ੍ਰਕਾਸ਼ ਸਿੰਘ ਬਾਦਲ ਨਹੁੰ-ਮਾਸ ਦਾ ਰਿਸ਼ਤਾ ਦੱਸਦੇ ਸਨ, ਉਸ ਦੀ ਵਾਪਸੀ ਹੁਣ ਦੋਵਾਂ ਪਾਰਟੀਆਂ ਦੀਆਂ ਸਿਆਸੀ ਲੋੜਾਂ ਅਤੇ ਆਪਸੀ ਸ਼ਰਤਾਂ ’ਤੇ ਨਿਰਭਰ ਕਰੇਗੀ।