ਸਰਕਾਰੀ ਸਕੂਲ 'ਚ BA ਪਾਸ ਵਿਦਿਆਰਥਣ ਸੰਭਾਲ ਰਹੀ ਹੈ 11ਵੀਂ ਤੇ 12ਵੀਂ ਦੀਆਂ ਕਲਾਸਾਂ, ਬੋਰਡ ਕਲਾਸਾਂ ਦੀ ਪੜ੍ਹਾਈ 'ਤੇ ਉੱਠੇ ਸਵਾਲ ਪੀਐੱਮਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ ਵਿਚ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਜਾਣਕਾਰੀ ਮੁਤਾਬਕ ਰਾਜਨੀਤੀ ਸ਼ਾਸਤਰ (ਪਾਲੀਟੀਕਲ ਸਾਇੰਸ) ਦੀ ਅਧਿਆਪਿਕਾ ਛੁੱਟੀ 'ਤੇ ਹੈ, ਜਦਕਿ ਕੁਝ ਹੋਰ ਅਧਿਆਪਕ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਡਿਊਟੀ 'ਤੇ ਭੇਜੇ ਗਏ ਹਨ। ਇਸ ਕਾਰਨ ਪਿਛਲੇ ਕਰੀਬ ਇਕ ਹਫ਼ਤੇ ਤੋਂ 11ਵੀਂ ਅਤੇ 12ਵੀਂ ਦੀਆਂ ਕਲਾਸਾਂ ਇਕ ਬੀਏ ਪਾਸ ਵਿਦਿਆਰਥਣ ਵੱਲੋਂ ਲਗਾਈਆਂ ਜਾ ਰਹੀਆਂ ਹਨ।
Publish Date: Sun, 26 Jul 2026 11:39 AM (IST)
Updated Date: Sun, 26 Jul 2026 11:42 AM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਪੀਐੱਮਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ ਵਿਚ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਜਾਣਕਾਰੀ ਮੁਤਾਬਕ ਰਾਜਨੀਤੀ ਸ਼ਾਸਤਰ (ਪਾਲੀਟੀਕਲ ਸਾਇੰਸ) ਦੀ ਅਧਿਆਪਿਕਾ ਛੁੱਟੀ 'ਤੇ ਹੈ, ਜਦਕਿ ਕੁਝ ਹੋਰ ਅਧਿਆਪਕ ਸਪੈਸ਼ਲ ਇੰਟੈਂਸਿਵ ਰਿਵੀਜ਼ਨ (ਐੱਸਆਈਆਰ) ਡਿਊਟੀ 'ਤੇ ਭੇਜੇ ਗਏ ਹਨ। ਇਸ ਕਾਰਨ ਪਿਛਲੇ ਕਰੀਬ ਇਕ ਹਫ਼ਤੇ ਤੋਂ 11ਵੀਂ ਅਤੇ 12ਵੀਂ ਦੀਆਂ ਕਲਾਸਾਂ ਇਕ ਬੀਏ ਪਾਸ ਵਿਦਿਆਰਥਣ ਵੱਲੋਂ ਲਗਾਈਆਂ ਜਾ ਰਹੀਆਂ ਹਨ।
ਇਸ ਮਾਮਲੇ ਨੇ ਮਾਪਿਆਂ ਅਤੇ ਵਿਦਿਆਰਥੀਆਂ ਵਿਚ ਚਿੰਤਾ ਪੈਦਾ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੋਰਡ ਕਲਾਸਾਂ ਲਈ ਵਿਸ਼ਾ ਮਾਹਰ ਅਤੇ ਤਜਰਬੇਕਾਰ ਅਧਿਆਪਕਾਂ ਦੀ ਲੋੜ ਹੁੰਦੀ ਹੈ, ਪਰ ਮੌਜੂਦਾ ਹਾਲਾਤਾਂ ਵਿਚ ਅਸਥਾਈ ਪ੍ਰਬੰਧਾਂ ਦੇ ਸਹਾਰੇ ਪੜ੍ਹਾਈ ਕਰਵਾਈ ਜਾ ਰਹੀ ਹੈ। ਮਾਪਿਆਂ ਦਾ ਦੋਸ਼ ਹੈ ਕਿ ਇਸ ਨਾਲ ਵਿਦਿਆਰਥੀਆਂ ਦੀ ਸਿੱਖਿਆ ਅਤੇ ਭਵਿੱਖ ਪ੍ਰਭਾਵਿਤ ਹੋ ਸਕਦਾ ਹੈ।
ਉਨ੍ਹਾਂ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਸਕੂਲ ਵਿਚ ਜਲਦ ਤੋਂ ਜਲਦ ਨਿਯਮਤ ਤੇ ਯੋਗ ਅਧਿਆਪਕ ਦੀ ਤਾਇਨਾਤੀ ਕੀਤੀ ਜਾਵੇ। ਉੱਧਰ, ਕਲਾਸਾਂ ਲਗਾ ਰਹੀ ਵਿਦਿਆਰਥਣ ਨੇ ਦੱਸਿਆ ਕਿ ਉਸ ਨੇ ਹਾਲ ਹੀ ਵਿਚ ਬੀਏ ਦੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਕੁਝ ਦਿਨ ਪਹਿਲਾਂ ਹੀ ਉਸ ਦਾ ਨਤੀਜਾ ਆਇਆ ਹੈ। ਉਸ ਦੇ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਦੀ ਬੇਨਤੀ 'ਤੇ ਉਹ ਬੱਚਿਆਂ ਦੀ ਪੜ੍ਹਾਈ ਵਿਚ ਰੁਕਾਵਟ ਨਾ ਆਵੇ, ਇਸ ਲਈ ਕਲਾਸਾਂ ਲਗਾਉਣ ਲਈ ਆ ਰਹੀ ਹੈ। ਇਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਰੋਮਾ ਰਾਣੀ ਨੇ ਕਿਹਾ ਕਿ ਉਕਤ ਵਿਦਿਆਰਥਣ ਇਸੇ ਸਕੂਲ ਦੀ ਪੁਰਾਣੀ ਵਿਦਿਆਰਥਣ ਹੈ ਤੇ ਸਿਰਫ਼ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ, ਇਸ ਲਈ ਆਪਣੀ ਮਰਜ਼ੀ ਨਾਲ ਸਹਿਯੋਗ ਦੇ ਰਹੀ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵਿਦਿਆਰਥਣ ਨੂੰ ਇਸ ਕੰਮ ਲਈ ਕਿਸੇ ਵੀ ਤਰ੍ਹਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ। ਇਸ ਮਾਮਲੇ ਬਾਰੇ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ) ਗਿੰਨੀ ਦੁੱਗਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।