ਰਤਵਾੜਾ ਸਾਹਿਬ ਸਕੂਲ ’ਚ ਜਾਗਰੂਕਤਾ ਸੈਮੀਨਾਰ
ਰਤਵਾੜਾ ਸਾਹਿਬ ਸਕੂਲ ’ਚ ਜਾਗਰੂਕਤਾ ਸੈਮੀਨਾਰ ਦਾ ਆਯੋਜਨ
Publish Date: Wed, 16 Sep 2026 06:13 PM (IST)
Updated Date: Thu, 17 Sep 2026 04:02 AM (IST)
ਫੋਟੋ ਕੈਪਸ਼ਨ : ਸੈਮੀਨਾਰ ਦੌਰਾਨ ਏਐੱਸਆਈ ਜਨਕ ਰਾਜ ਸਕੂਲ ਦੇ ਵਿਦਿਆਰਥੀਆਂ ਜਾਗਰੂਕ ਕਰਨ ਸਮੇਂ। 11ਪੀ ਰੋਹਿਤ ਗੁਪਤਾ, ਪੰਜਾਬੀ ਜਾਗਰਣ, ਮਾਜਰੀ : ਮੁਹਾਲੀ ਪੁਲਿਸ ਵੱਲੋਂ ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਰਤਵਾੜਾ ਸਾਹਿਬ ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ ਲਈ ਟ੍ਰੈਫਿਕ ਨਿਯਮਾਂ, ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਯੁਵਾ ਸਾਂਝ ਤੇ ਸਾਂਝ ਕੇਂਦਰਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਸਹੂਲਤਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਏਐੱਸਆਈ ਜਨਕ ਰਾਜ ਵੱਲੋਂ ਵਿਦਿਆਰਥੀਆਂ ਨੂੰ ਨਾਬਾਲਗ ਉਮਰ ਵਿਚ ਬਿਨਾਂ ਡਰਾਈਵਿੰਗ ਲਾਇਸੈਂਸ, ਵਾਹਨ ਨਾ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੂੰ ਦੋਪਹੀਆ ਵਾਹਨ ਚਲਾਉਂਦੇ ਸਮੇਂ ਲੜਕਿਆਂ ਤੇ ਲੜਕੀਆਂ ਦੋਵਾਂ ਵੱਲੋਂ ਲਾਜ਼ਮੀ ਤੌਰ ’ਤੇ ਹੈਲਮਟ ਪਹਿਨਣ ਤੇ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਪੁਲਿਸ ਸਹਾਇਤਾ ਲਈ ਹੈਲਪਲਾਈਨ ਨੰ. 112 ਅਤੇ ਸਾਈਬਰ ਕ੍ਰਾਇਮ ਨਾਲ ਸਬੰਧਤ ਮਾਮਲਿਆਂ ਲਈ 1930 ’ਤੇ ਕਾਲ ਕਰਨ ਬਾਰੇ ਵੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਇਕ ਜ਼ਿੰਮੇਵਾਰ ਨਾਗਰਿਕ ਵਜੋਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਗਿਆ।