ਪਾਰਕ ’ਤੇ ਰਾਤੋ-ਰਾਤ ਕਬਜ਼ੇ ਦੀ ਕੋਸ਼ਿਸ਼ ਨਾਕਾਮ, ਪੁਲਿਸ ਨੇ ਤਹਿਸੀਲ ਕੰਪਲੈਕਸ ਨੂੰ ਲਗਾਏ ਤਾਲੇ ਪਾਰਕ 'ਤੇ ਰਾਤੋ-ਰਾਤ ਕਬਜ਼ੇ ਦੀ ਕੋਸ਼ਿਸ਼ ਨਾਕਾਮ,
Publish Date: Sun, 26 Jul 2026 05:43 PM (IST)
Updated Date: Sun, 26 Jul 2026 05:44 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਦੇ ਤਹਿਸੀਲ-ਕਮ-ਕੋਰਟ ਕੰਪਲੈਕਸ ’ਚ ਸਥਿਤ ਇਕੋ-ਇਕ ਹਰੇ-ਭਰੇ ਪਾਰਕ ਏਰੀਆ ਤੇ ਸਰਕਾਰੀ ਟੂ-ਵ੍ਹੀਲਰ ਪਾਰਕਿੰਗ ਦੀ ਜਗ੍ਹਾ ’ਤੇ ਛੁੱਟੀ ਵਾਲੇ ਦਿਨਾਂ ਦਾ ਫ਼ਾਇਦਾ ਉਠਾ ਕੇ ਰਾਤੋ-ਰਾਤ ਅਸਥਾਈ ਚੈਂਬਰ ਬਣਾਉਣ ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਨਗਰ ਕੌਂਸਲ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕੰਮ ਰੁਕਵਾਇਆ ਤੇ ਸਾਮਾਨ ਜ਼ਬਤ ਕਰਦਿਆਂ ਤਹਿਸੀਲ ਕੰਪਲੈਕਸ ਦੇ ਗੇਟ ’ਤੇ ਤਾਲਾ ਲਗਾ ਦਿੱਤਾ। ਇਸ ਕਾਰਵਾਈ ਨਾਲ ਜਿੱਥੇ ਸਥਾਨਕ ਪ੍ਰਸ਼ਾਸਨ ’ਚ ਹੜਕੰਪ ਮਚ ਗਿਆ, ਉੱਥੇ ਹੀ ਵਕੀਲਾਂ ਤੇ ਪ੍ਰਸ਼ਾਸਨ ਵਿਚਾਲੇ ਸਥਿਤੀ ਤਣਾਅਪੂਰਨ ਬਣ ਗਈ ਹੈ। ਜਾਣਕਾਰੀ ਅਨੁਸਾਰ ਦੇਰ ਰਾਤ ਸਬ-ਰਜਿਸਟਰਾਰ ਦਫ਼ਤਰ ਦੇ ਸਾਹਮਣੇ ਪਾਰਕ ਤੇ ਪਾਰਕਿੰਗ ਵਾਲੀ ਥਾਂ ’ਤੇ ਕੁੱਝ ਵਕੀਲਾਂ ਵੱਲੋਂ ਅਸਥਾਈ ਚੈਂਬਰ ਬਣਾਉਣ ਦੀ ਨੀਅਤ ਨਾਲ ਲੋਹੇ ਦੇ ਐਂਗਲ ਤੇ ਪਾਈਪ ਗੱਡੇ ਗਏ। ਮੌਕੇ ’ਤੇ ਦੇਖਦੇ ਹੀ ਦੇਖਦੇ ਇਨ੍ਹਾਂ ਐਂਗਲਾਂ ਉੱਪਰ 13 ਦੇ ਕਰੀਬ ਵਕੀਲਾਂ ਦੇ ਨਾਮ ਵਾਲੇ ਬੋਰਡ ਵੀ ਟੰਗ ਦਿੱਤੇ ਗਏ। ਤਹਿਸੀਲ ਕੰਪਲੈਕਸ ਦੇ ਚੌਕੀਦਾਰ ਨੇ ਤੁਰੰਤ ਇਸ ਦੀ ਸੂਚਨਾ ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਦੇਰ ਰਾਤ ਪੁਲਿਸ ਮੌਕੇ ’ਤੇ ਪਹੁੰਚੀ ਤੇ ਤਹਿਸੀਲ ਕੰਪਲੈਕਸ ਨੂੰ ਖਾਲੀ ਕਰਵਾ ਕੇ ਮੁੱਖ ਗੇਟ ’ਤੇ ਤਾਲਾ ਲਗਾ ਦਿੱਤਾ। ਇਸ ਤੋਂ ਬਾਅਦ ਰਾਤ ਲਗਭਗ 10:30 ਵਜੇ ਕਰੀਬ ਨਗਰ ਕੌਂਸਲ ਦੀ ਟੀਮ ਨੇ ਕਾਰਵਾਈ ਕਰਦਿਆਂ ਲਗਾਏ ਗਏ ਪਾਈਪ, ਐਂਗਲ ਤੇ ਬੋਰਡ ਕਬਜ਼ੇ ’ਚ ਲੈ ਕੇ ਜ਼ਬਤ ਕਰ ਲਏ। ਸਥਾਨਕ ਵਕੀਲਾਂ ਨੇ ਦੱਸਿਆ ਕਿ ਕੰਪਲੈਕਸ ’ਚ ਪਹਿਲਾਂ ਹੀ ਜਗ੍ਹਾ ਦੀ ਭਾਰੀ ਘਾਟ ਹੈ। ਜੇਕਰ ਇਹ ਪਾਰਕਿੰਗ ਤੇ ਗਰੀਨ ਏਰੀਆ ਖ਼ਤਮ ਹੋ ਜਾਂਦਾ ਹੈ ਤਾਂ ਵਕੀਲਾਂ, ਕੋਰਟ ਸਟਾਫ਼ ਤੇ ਆਮ ਜਨਤਾ ਲਈ ਵਾਹਨ ਖੜ੍ਹੇ ਕਰਨ ਦੀ ਥਾਂ ਨਹੀਂ ਬਚੇਗੀ, ਜਿਸ ਨਾਲ ਸੜਕਾਂ ’ਤੇ ਵਾਹਨ ਚੋਰੀ ਹੋਣ ਦਾ ਖ਼ਤਰਾ ਤੇ ਜਾਮ ਦੀ ਸਮੱਸਿਆ ਹੋਰ ਵੱਧ ਜਾਵੇਗੀ। ਇਸ ਤੋਂ ਇਲਾਵਾ ਆਮ ਲੋਕਾਂ ਦੇ ਬੈਠਣ ਲਈ ਇਹ ਇਕੋ-ਇਕ ਛੋਟਾ ਜਿਹਾ ਪਾਰਕ ਉਪਲਬਧ ਸੀ, ਜਿਸ ’ਤੇ ਕਬਜ਼ੇ ਦੀ ਕੋਸ਼ਿਸ਼ ਨੇ ਆਮ ਲੋਕਾਂ ਵਿਚ ਵੀ ਰੋਸ ਪੈਦਾ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿੰਡ ਜਵਾਹਰਪੁਰ ਵਿਖੇ ਨਵੇਂ ਅਦਾਲਤੀ ਕੰਪਲੈਕਸ ਦੇ ਨਿਰਮਾਣ ਲਈ ਪੰਚਾਇਤ ਵੱਲੋਂ ਜ਼ਮੀਨ ਅਦਾਲਤ ਦੇ ਨਾਮ ਕੀਤੀ ਜਾ ਚੁੱਕੀ ਹੈ ਪਰ ਸਾਲਾਂ ਬੀਤ ਜਾਣ ਦੇ ਬਾਵਜੂਦ ਵੀ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕਿਆ। ਹੁਕਮਾਂ ਦੀ ਮੁੜ ਉਲੰਘਣਾ ਨੂੰ ਦੇਖਦੇ ਹੋਏ ਵਕੀਲਾਂ ਨੇ ਪ੍ਰਸ਼ਾਸਨ ਨੂੰ ਲਿਖਤੀ ਬੇਨਤੀ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਪਾਰਕਿੰਗ ਤੇ ਪਾਰਕ ਵਾਲੀ ਥਾਂ ’ਤੇ ਪ੍ਰਸ਼ਾਸਨਿਕ ਹੁਕਮਾਂ ਦਾ ਇਕ ਵੱਡਾ ਸਾਈਨ ਬੋਰਡ ਲਗਾਇਆ ਜਾਵੇ। ਐੱਸਡੀਐੱਮ ਡੇਰਾਬੱਸੀ ਅਮਿਤ ਗੁਪਤਾ ਨੇ ਸਪੱਸ਼ਟ ਕੀਤਾ ਕਿ ਤਹਿਸੀਲ ਕੰਪਲੈਕਸ ’ਚ ਪਹਿਲਾਂ ਹੀ ਜਗ੍ਹਾ ਦੀ ਭਾਰੀ ਘਾਟ ਹੈ। ਕਿਸੇ ਵੀ ਵਿਅਕਤੀ ਨੂੰ ਸਰਕਾਰੀ ਜਗ੍ਹਾ ’ਤੇ ਨਾਜਾਇਜ਼ ਕਬਜ਼ਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪ੍ਰਸ਼ਾਸਨ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।