ਵਿਵਾਦਤ ਹੋਟਲ ਬਲੂਬੇਰੀ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਤੇ ਪਥਰਾਅ, ਇਲਾਕੇ 'ਚ ਦਹਿਸ਼ਤ ਵਿਵਾਦਤ ਹੋਟਲ ਬਲੂਬੇਰੀ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਤੇ ਪਥਰਾਅ
Publish Date: Thu, 08 Oct 2026 09:17 PM (IST)
Updated Date: Thu, 08 Oct 2026 09:20 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਪਟਿਆਲਾ ਰੋਡ ਤੇ ਸਥਿਤ ਵਿਵਾਦਤ ਹੋਟਲ ਬਲੂਬੇਰੀ ਇਕ ਵਾਰ ਮੁੜ ਤੋਂ ਲੜਾਈ ਝਗੜੇ ਅਤੇ ਹੰਗਾਮੇ ਨੂੰ ਲੈ ਕੇ ਸੁਰਖੀਆਂ ਵਿਚ ਆ ਗਿਆ ਹੈ। ਵੀਰਵਾਰ ਦੁਪਹਿਰ ਅਚਾਨਕ ਕਰੀਬ ਇਕ ਦਰਜਨ ਹਥਿਆਰਬੰਦ ਨੌਜਵਾਨਾਂ ਨੇ ਹੋਟਲ ਦੇ ਬਾਹਰ ਪਹੁੰਚ ਕੇ ਹਮਲਾ ਕਰ ਦਿੱਤਾ ਅਤੇ ਜੰਮ ਕੇ ਪਥਰਾਅ ਕੀਤਾ। ਇਸ ਖੂਨੀ ਝੜਪ ਅਤੇ ਹੰਗਾਮੇ ਕਾਰਨ ਪਟਿਆਲਾ ਰੋਡ ਦੇ ਆਸ-ਪਾਸ ਦੇ ਇਲਾਕੇ ਵਿਚ ਭਾਰੀ ਦਹਿਸ਼ਤ ਫੈਲ ਗਈ, ਜਿਸ ਨਾਲ ਦੁਕਾਨਦਾਰਾਂ ਅਤੇ ਰਾਹਗੀਰਾਂ ’ਚ ਅਫਰਾ-ਤਫਰੀ ਮਚ ਗਈ। ਮੌਕੇ ਤੇ ਮੌਜੂਦ ਪ੍ਰਤੱਖਦਰਸ਼ੀਆਂ ਅਤੇ ਸਥਾਨਕ ਦੁਕਾਨਦਾਰਾਂ ਮੁਤਾਬਕ ਹਮਲਾਵਰਾਂ ਦੇ ਹੱਥਾਂ ਚ ਚਾਕੂ, ਗੰਡਾਸੇ ਅਤੇ ਹੋਰ ਤੇਜ਼ਧਾਰ ਹਥਿਆਰ ਸਨ। ਘਟਨਾ ਸਮੇਂ ਉੱਥੇ ਖੜ੍ਹੀ ਇਕ ਟੈਕਸੀ ਤੇ ਪਥਰਾਅ ਹੋਣ ਕਾਰਨ ਉਸ ਦਾ ਸ਼ੀਸ਼ਾ ਚਕਨਾਚੂਰ ਹੋ ਗਿਆ। ਟੈਕਸੀ ਚਾਲਕ ਨੇ ਦੱਸਿਆ ਕਿ ਉਹ ਆਪਣੀ ਗੱਡੀ ਲੈ ਕੇ ਖੜ੍ਹਾ ਸੀ ਕਿ ਅਚਾਨਕ ਹਥਿਆਰਬੰਦ ਨੌਜਵਾਨਾਂ ਨੇ ਹੋਟਲ ਤੇ ਧਾਵਾ ਬੋਲ ਦਿੱਤਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਹੋਟਲ ਦੇ ਬਾਹਰ ਅਜਿਹਾ ਹੰਗਾਮਾ ਪਹਿਲੀ ਵਾਰ ਨਹੀਂ ਹੋਇਆ। ਕੁਝ ਦਿਨ ਪਹਿਲਾਂ ਵੀ ਇੱਥੇ ਭਾਰੀ ਝਗੜਾ ਹੋਇਆ ਸੀ ਅਤੇ ਕੁਝ ਮਹੀਨੇ ਪਹਿਲਾਂ ਗੋਲ਼ੀਬਾਰੀ ਦੀ ਘਟਨਾ ਵੀ ਸਾਹਮਣੇ ਆ ਚੁੱਕੀ ਹੈ। ਇਲਾਕਾ ਨਿਵਾਸੀਆਂ ਨੇ ਦੋਸ਼ ਲਾਇਆ ਕਿ ਇਸ ਹੋਟਲ ਵਿਚ ਦੇਹ ਵਪਾਰ ਅਤੇ ਨਸ਼ੇ ਵਰਗੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ਚੱਲ ਰਹੀਆਂ ਹਨ। ਲਗਾਤਾਰ ਵਾਪਰ ਰਹੀਆਂ ਹਿੰਸਕ ਘਟਨਾਵਾਂ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ਵਿਚ ਆਪਣੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਬਣੀ ਹੋਈ ਹੈ। ਹੋਟਲ ਮਾਲਕ ਨੂੰ ਕੀਤਾ ਜਾਵੇਗਾ ਤਲਬ : ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁੱਖੀ ਇੰਸਪੈਕਟਰ ਜਸਵੀਰ ਸਿੰਘ ਦੀ ਹਦਾਇਤ ਤੇ ਪੀਸੀਆਰ ਟੀਮ ਮੌਕੇ ਤੇ ਪਹੁੰਚੀ, ਪਰ ਉਦੋਂ ਤੱਕ ਹੋਟਲ ਨੂੰ ਤਾਲਾ ਲੱਗਿਆ ਹੋਇਆ ਸੀ। ਥਾਣਾ ਮੁੱਖੀ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਵੇਂ ਕੋਈ ਲਿਖਤੀ ਸ਼ਿਕਾਇਤ ਆਵੇ ਜਾਂ ਨਾ, ਹੋਟਲ ਮਾਲਕ ਨੂੰ ਪੁਲਿਸ ਥਾਣੇ ਤਲਬ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।