ਥਲ ਸੈਨਾ ਮੁਖੀ ਦੀ ਪੰਜਾਬ ਦੇ ਰਾਜਪਾਲ ਨਾਲ ਅਹਿਮ ਬੈਠਕ, ਖੇਤਰੀ ਸੁਰੱਖਿਆ ਨੂੰ ਲੈ ਕੇ ਹੋਈ ਵਿਸ਼ੇਸ਼ ਚਰਚਾ ਥਲ ਸੈਨਾ ਮੁਖੀ (ਸੀਓਏਐਸ) ਜਨਰਲ ਧੀਰਜ ਸੇਠ ਨੇ ਮੰਗਲਵਾਰ ਨੂੰ ਪੰਜਾਬ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਭਾਰਤੀ ਸੈਨਾ ਦੀ ਕਮਾਨ ਸੰਭਾਲਣ ਤੋਂ ਬਾਅਦ ਰਾਜਪਾਲ ਨਾਲ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ। ਮੀਟਿੰਗ ਦੌਰਾਨ ਨਾਗਰਿਕ-ਸੈਨਾ ਤਾਲਮੇਲ, ਖੇਤਰੀ ਸੁਰੱਖਿਆ, ਸਰਹੱਦੀ ਖੇਤਰਾਂ ਵਿੱਚ ਚੱਲ ਰਹੇ ਪ੍ਰਾਜੈਕਟਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਗਈ।
Publish Date: Wed, 12 Aug 2026 11:35 AM (IST)
Updated Date: Wed, 12 Aug 2026 11:37 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਥਲ ਸੈਨਾ ਮੁਖੀ (ਸੀਓਏਐਸ) ਜਨਰਲ ਧੀਰਜ ਸੇਠ ਨੇ ਮੰਗਲਵਾਰ ਨੂੰ ਪੰਜਾਬ ਲੋਕ ਭਵਨ ਵਿਖੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਭਾਰਤੀ ਸੈਨਾ ਦੀ ਕਮਾਨ ਸੰਭਾਲਣ ਤੋਂ ਬਾਅਦ ਰਾਜਪਾਲ ਨਾਲ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ। ਮੀਟਿੰਗ ਦੌਰਾਨ ਨਾਗਰਿਕ-ਸੈਨਾ ਤਾਲਮੇਲ, ਖੇਤਰੀ ਸੁਰੱਖਿਆ, ਸਰਹੱਦੀ ਖੇਤਰਾਂ ਵਿੱਚ ਚੱਲ ਰਹੇ ਪ੍ਰਾਜੈਕਟਾਂ ਅਤੇ ਸਾਬਕਾ ਸੈਨਿਕਾਂ ਦੀ ਭਲਾਈ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ ਗਈ।
ਮੀਟਿੰਗ ਵਿੱਚ ਪੱਛਮੀ ਕਮਾਨ ਦੇ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪੇਂਦਰ ਸਿੰਘ ਸਮੇਤ ਸੈਨਾ ਮੁੱਖ ਦਫ਼ਤਰ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ। ਜਨਰਲ ਧੀਰਜ ਸੇਠ ਨੇ ਰਾਜਪਾਲ ਨੂੰ ਰਾਸ਼ਟਰ ਨਿਰਮਾਣ ਪ੍ਰਤੀ ਭਾਰਤੀ ਸੈਨਾ ਦੀ ਵਚਨਬੱਧਤਾ ਤੋਂ ਜਾਣੂ ਕਰਵਾਇਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਧੰਨਵਾਦ ਪ੍ਰਗਟ ਕੀਤਾ। ਥਲ ਸੈਨਾ ਮੁਖੀ ਨੇ ਰਾਜਪਾਲ ਨੂੰ ਅੰਦਰੂਨੀ ਸੁਰੱਖਿਆ ਨਾਲ ਸਬੰਧਤ ਤਾਜ਼ਾ ਘਟਨਾਕ੍ਰਮ ਅਤੇ ਸਰਹੱਦੀ ਖੇਤਰਾਂ ਵਿੱਚ ਚੱਲ ਰਹੇ ਪ੍ਰਾਜੈਕਟਾਂ ਬਾਰੇ ਵੀ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਸਾਬਕਾ ਸੈਨਿਕਾਂ ਦੀ ਭਲਾਈ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਆਪਸੀ ਤਾਲਮੇਲ ਅਤੇ ਭਰੋਸਾ ਮਜ਼ਬੂਤ ਕਰਨ ’ਤੇ ਜ਼ੋਰ ਕਰਨਲ ਜਸਦੀਪ ਸੰਧੂ, ਸਲਾਹਕਾਰ, ਨਾਗਰਿਕ-ਸੈਨਾ ਮਾਮਲੇ, ਨੇ ਕਿਹਾ ਕਿ ਇਸ ਮੀਟਿੰਗ ਨਾਲ ਖੇਤਰ ਵਿੱਚ ਨਾਗਰਿਕ-ਸੈਨਾ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਅੰਦਰੂਨੀ ਸੁਰੱਖਿਆ ਯਕੀਨੀ ਬਣਾਉਣ, ਸਰਹੱਦਾਂ ’ਤੇ ਸ਼ਾਂਤੀ ਕਾਇਮ ਰੱਖਣ ਅਤੇ ਕੁਦਰਤੀ ਆਫ਼ਤਾਂ, ਬਾਹਰੀ ਖਤਰਿਆਂ ਤੇ ਹੋਰ ਸੰਕਟਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸੈਨਾ ਅਤੇ ਨਾਗਰਿਕ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ ਨਾਲ ਦੋਵਾਂ ਧਿਰਾਂ ਵਿਚਕਾਰ ਆਪਸੀ ਵਿਸ਼ਵਾਸ ਅਤੇ ਭਰੋਸਾ ਹੋਰ ਮਜ਼ਬੂਤ ਹੋਇਆ ਹੈ।