ਕਾਰ ਨੂੰ ਟੱਕਰ ਮਾਰਨ ਮਗਰੋਂ ਹੋਇਆ ਵਿਵਾਦ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਹੋਈ ਬਹਿਸ, ਪਤੀ-ਪਤਨੀ ਨੇ ਲਾਇਆ ਲੋਹੇ ਦੀ ਰਾਡ ਨਾਲ ਹਮਲਾ ਕਰਨ ਦਾ ਦੋਸ਼,
Publish Date: Sun, 23 Aug 2026 07:40 PM (IST)
Updated Date: Mon, 24 Aug 2026 04:06 AM (IST)
ਫੋਟੋ ਕੈਪਸ਼ਨ : ਪਤੀ-ਪਤਨੀ ਨਾਲ ਖਹਿਬੜਦਾ ਹੋਇਆ ਬੱਸ ਚਾਲਕ। 12ਪੀ * ਪਤੀ-ਪਤਨੀ ਨੇ ਲਾਇਆ ਰਾਡ ਨਾਲ ਹਮਲਾ ਕਰਨ ਦਾ ਦੋਸ਼ * ਪੀਆਰਟੀਸੀ ਬੱਸ ਦੇ ਅਣਪਛਾਤੇ ਚਾਲਕ ਖ਼ਿਲਾਫ਼ ਮਾਮਲਾ ਦਰਜ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਜ਼ੀਰਕਪੁਰ ਦੇ ਕਾਲਕਾ ਚੌਕ ਨੇੜੇ ਕਾਰ ਨੂੰ ਪੀਆਰਟੀਸੀ ਬੱਸ ਦੀ ਟੱਕਰ ਲੱਗਣ ਤੋਂ ਬਾਅਦ ਹੋਏ ਵਿਵਾਦ ਚ ਇਕ ਜੋੜੇ (ਪਤੀ-ਪਤਨੀ) ਨਾਲ ਕੁੱਟਮਾਰ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਬੱਸ ਚਾਲਕ ਨੇ ਕਾਰ ਸਵਾਰ ਵਿਅਕਤੀ ਤੇ ਉਸ ਦੀ ਪਤਨੀ ਤੇ ਰਾਡ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਔਰਤ ਦੇ ਹੱਥ ਦੀ ਹੱਡੀ ਫਰੈਕਚਰ ਹੋ ਗਈ। ਪੁਲਿਸ ਨੇ ਮੈਡੀਕਲ ਰਿਪੋਰਟ ਦੇ ਆਧਾਰ ਤੇ ਪੀਆਰਟੀਸੀ ਬੱਸ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੋਬਾਈਲ ਫੋਨ ਤੇ ਗੱਲ ਕਰਦਿਆਂ ਚਲਾ ਰਿਹਾ ਸੀ ਬੱਸ ਚੰਡੀਗੜ੍ਹ ਦੇ ਸੈਕਟਰ-29 ਵਾਸੀ ਪਰਮਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਚ ਦੱਸਿਆ ਕਿ 14 ਅਗਸਤ ਦੀ ਸ਼ਾਮ ਕਰੀਬ 4:30 ਵਜੇ ਉਹ ਆਪਣੀ ਪਤਨੀ ਮਨਦੀਪ ਕੌਰ ਨਾਲ ਮਹੀਦਰਾ ਐਕਸ ਯੂਵੀ 300 ਕਾਰ ਚ ਬਠਿੰਡਾ ਜਾ ਰਹੇ ਸਨ। ਕਾਲਕਾ ਚੌਕ ਪਾਰ ਕਰਦੇ ਸਮੇਂ ਇਕ ਪੀਆਰਟੀਸੀ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਖੱਬੇ ਪਾਸੇ ਤੋਂ ਟੱਕਰ ਮਾਰ ਦਿੱਤੀ। ਪਰਮਜੀਤ ਅਨੁਸਾਰ ਬੱਸ ਚਾਲਕ ਕੰਨ ਤੇ ਮੋਬਾਈਲ ਫੋਨ ਲਗਾ ਕੇ ਬੱਸ ਚਲਾ ਰਿਹਾ ਸੀ। ਉਨ੍ਹਾਂ ਨੇ ਕਿਸੇ ਤਰ੍ਹਾਂ ਕਾਰ ਨੂੰ ਡਿਵਾਈਡਰ ਵੱਲ ਕਰਕੇ ਆਪਣੀ ਜਾਨ ਬਚਾਈ। ਬਚਾਅ ਲਈ ਆਈ ਪਤਨੀ ਤੇ ਵੀ ਕੀਤਾ ਵਾਰ ਟ੍ਰੈਫਿਕ ਜਾਮ ਕਾਰਨ ਪਟਿਆਲਾ ਚੌਕ ਚ ਬੱਸ ਰੁਕੀ ਤਾਂ ਪਰਮਜੀਤ ਬੱਸ ਚਾਲਕ ਨਾਲ ਗੱਲ ਕਰਨ ਪਹੁੰਚੇ, ਪਰ ਚਾਲਕ ਨੇ ਗਾਲੀ-ਗਲੋਚ ਅਤੇ ਧੱਕਾਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਚਾਲਕ ਨੇ ਬੱਸ ਚੋਂ ਲੋਹੇ ਦੀ ਰਾਡ ਕੱਢ ਕੇ ਪਰਮਜੀਤ ਤੇ ਹਮਲਾ ਕਰ ਦਿੱਤਾ। ਬਚਾਅ ਕਰਨ ਆਈ ਉਸ ਦੀ ਪਤਨੀ ਮਨਦੀਪ ਕੌਰ ਤੇ ਵੀ ਰਾਡ ਨਾਲ ਵਾਰ ਕੀਤਾ ਗਿਆ, ਜਿਸ ਨਾਲ ਉਸ ਦੇ ਹੱਥ ਤੇ ਗੰਭੀਰ ਸੱਟ ਲੱਗੀ। ਰੌਲਾ ਸੁਣ ਕੇ ਮੌਕੇ ਤੇ ਇਕੱਠੇ ਹੋਏ ਰਾਹਗੀਰਾਂ ਨੇ ਵਿਚ-ਬਚਾਅ ਕਰਵਾਇਆ, ਜਿਸ ਤੋਂ ਬਾਅਦ ਚਾਲਕ ਬੱਸ ਸਮੇਤ ਫ਼ਰਾਰ ਹੋ ਗਿਆ। ਜ਼ਖਮੀ ਪਤੀ-ਪਤਨੀ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ।