- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਰਧਾ ਤੇ ਧੂਮਧਾਮ ਨਾਲ ਮਨਾਈ ਸਾਲਾਨਾ ਰਾਧਾ ਅਸ਼ਟਮੀ ਭਜਨ ਸੰਧਿਆ

ਫੋਟੋ ਕੈਪਸ਼ਨ : ਰਾਧਾ ਅਸ਼ਟਮੀ ਮੌਕੇ ਸ਼ੋਭਾ ਯਾਤਰਾ ਕੱਢਦੇ ਸ਼ਹਿਰ ਵਾਸੀ। 40ਪੀ
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ
ਡੇਰਾਬੱਸੀ : ਰਾਧਾ ਅਸ਼ਟਮੀ ਦਿਹਾੜੇ 'ਤੇ ਸਰਵਮੰਗਲ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਸ਼ਨਿਚਰਵਾਰ ਨੂੰ ਡੇਰਾਬੱਸੀ ਦੇ ਸ਼੍ਰੀ ਰਾਮਲੀਲ੍ਹਾ ਮੈਦਾਨ ਵਿਖੇ 12ਵੀਂ ਸਾਲਾਨਾ ਰਾਧਾ ਅਸ਼ਟਮੀ ਭਜਨ ਸੰਧਿਆ ਦਾ ਆਯੋਜਨ ਸ਼ਰਧਾ ਤੇ ਸਤਿਕਾਰ ਨਾਲ ਕੀਤਾ ਗਿਆ। ਇਸ ਧਾਰਮਿਕ ਸਮਾਗਮ ’ਚ ਇਲਾਕੇ ਦੇ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ ਅਤੇ ਸਮੁੱਚਾ ਮਾਹੌਲ ਭਗਤੀ ਦੇ ਰੰਗ ਵਿਚ ਰੰਗਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਰਵਾਇਤੀ ਤੌਰ 'ਤੇ ਦੀਪ ਜਗ੍ਹਾ ਕੇ ਕੀਤੀ ਗਈ। ਇਸ ਤੋਂ ਬਾਅਦ ਭਜਨ ਗਾਇਕਾ ਸੁਸ਼ਮਾ ਸ਼ਰਮਾ ਨੇ ਰਾਧਾ ਅਤੇ ਕ੍ਰਿਸ਼ਨ ਦੇ ਇਕ ਤੋਂ ਵੱਧ ਕੇ ਇਕ ਭਗਤੀ ਭਰੇ ਭਜਨ ਪੇਸ਼ ਕਰਕੇ ਸ਼ਰਧਾਲੂਆਂ ਨੂੰ ਮੰਤਰਮੁਗਧ ਕਰ ਦਿੱਤਾ।
ਇਸ ਸਮਾਗਮ ਵਿਚ ਡੇਰਾਬੱਸੀ ਨਗਰ ਕੌਂਸਲ ਦੇ ਪ੍ਰਧਾਨ ਆਸ਼ੂ ਉਪਨੇਜਾ ਅਤੇ ਵਾਰਡ ਨੰ. 14 ਦੇ ਨਗਰ ਕੌਂਸਲ ਮੈਂਬਰ ਨਰੇਸ਼ ਉਪਨੇਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਕੇਐੱਸ ਤੋਂਜੀਵਾਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਪ੍ਰਬੰਧਕਾਂ ਵਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਧਾਰਮਿਕ ਕਾਰਜ ਵਿਚ ਸ਼ਾਮਲ ਹੋਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਧਾਰਮਿਕ ਪ੍ਰੋਗਰਾਮ ਲੋਕਾਂ ਨੂੰ ਆਪਣੀਆਂ ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਆਪਸੀ ਭਾਈਚਾਰਕ ਸਾਂਝ ਅਤੇ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਦੇ ਹਨ। ਪ੍ਰੋਗਰਾਮ ਦੇ ਸਮਾਪਨ 'ਤੇ ਵਿਸ਼ੇਸ਼ ਲੰਗਰ ਦਾ ਆਯੋਜਨ ਕੀਤਾ ਗਿਆ। ਐਸੋਸੀਏਸ਼ਨ ਦੇ ਚੇਅਰਮੈਨ ਅਤੇ ਮੁੱਖ ਪ੍ਰਬੰਧਕ ਅਤੁਲ ਕੁਮਾਰ ਚੌਬੇ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਾਰੇ ਵਰਕਰਾਂ, ਮੈਂਬਰਾਂ ਅਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਐਸੋਸੀਏਸ਼ਨ ਵੱਲੋਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਧਾਰਮਿਕ ਅਤੇ ਸਮਾਜਿਕ ਕਾਰਜ ਉਤਸ਼ਾਹ ਨਾਲ ਕਰਵਾਏ ਜਾਂਦੇ ਰਹਿਣਗੇ।