ਗਿਆਨ ਜਯੋਤੀ ਇੰਸਟੀਚਿਊਟ ’ਚ ਸਾਲਾਨਾ ਇਨਡੋਰ ਸਪੋਰਟਸ ਚੈਂਪੀਅਨਸ਼ਿਪ ਕਰਵਾਈ ਗਿਆਨ ਜਯੋਤੀ ਇੰਸਟੀਚਿਊਟ ’ਚ ਸਾਲਾਨਾ ਇਨਡੋਰ ਸਪੋਰਟਸ ਚੈਂਪੀਅਨਸ਼ਿਪ ਕਰਵਾਈ,
Publish Date: Fri, 11 Sep 2026 08:00 PM (IST)
Updated Date: Fri, 11 Sep 2026 08:01 PM (IST)
-ਸਾਲਾਨਾ ਇਨਡੋਰ ਸਪੋਰਟਸ ਚੈਂਪੀਅਨਸ਼ਿਪ ’ਚ ਵਿਦਿਆਰਥੀਆਂ ਨੇ ਦਿਖਾਇਆ ਭਾਰੀ ਉਤਸ਼ਾਹ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਗਿਆਨ ਜਯੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਫੇਜ਼-2 ਵੱਲੋਂ ਭਾਰਤ ਸਰਕਾਰ ਦੇ ਯੁਵਕ ਮਾਮਲੇ ਅਤੇ ਖੇਡ ਮੰਤਰਾਲੇ ਦੀ ਫਿਟ ਇੰਡੀਆ ਮੁਹਿੰਮ ਤਹਿਤ ਸਾਲਾਨਾ ਇਨਡੋਰ ਸਪੋਰਟਸ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਨੇ ਵਿਦਿਆਰਥੀਆਂ ਨੂੰ ਮੁਕਾਬਲੇਬਾਜ਼ ਖੇਡਾਂ ’ਚ ਹਿੱਸਾ ਲੈਣ ਅਤੇ ਕੈਂਪਸ ਜੀਵਨ ’ਚ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਦਾ ਵਧੀਆ ਮੌਕਾ ਪ੍ਰਦਾਨ ਕੀਤਾ। ਚੈਂਪੀਅਨਸ਼ਿਪ ਦੌਰਾਨ ਟੇਬਲ ਟੈਨਿਸ, ਸ਼ਤਰੰਜ, ਕੈਰਮ ਅਤੇ ਪੁਸ਼-ਅੱਪ ਵਰਗੀਆਂ ਰੋਮਾਂਚਕ ਖੇਡਾਂ ਸ਼ਾਮਲ ਸਨ। ਇਸ ਤੋਂ ਇਲਾਵਾ, ਸਮਾਗਮ ਨੂੰ ਹੋਰ ਦਿਲਚਸਪ ਬਣਾਉਣ ਲਈ ਬੈਡਮਿੰਟਨ ਸਿੰਗਲਜ਼ ਅਤੇ ਰੋਪ ਸਕਿਪਿੰਗ ਵਰਗੀਆਂ ਨਵੀਆਂ ਤੇ ਫੁਰਤੀਲੀਆਂ ਗਤੀਵਿਧੀਆਂ ਨੂੰ ਵੀ ਸ਼ਾਮਲ ਕੀਤਾ ਗਿਆ, ਜਿਸ ’ਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਟੇਬਲ ਟੈਨਿਸ ਡਬਲਜ਼ ਵਿਚ ਬੀ.ਕਾਮ ਪੰਜਵੇਂ ਸਮੈਸਟਰ ਦੇ ਵਿਦਿਆਰਥੀ ਆਕਰਸ਼ਿਤ ਅਤੇ ਐੱਮਬੀਏ ਤੀਜੇ ਸਮੈਸਟਰ ਦੇ ਪ੍ਰਮਥ ਨੇ ਖ਼ਿਤਾਬ ਆਪਣੇ ਨਾਮ ਕੀਤਾ, ਜਦੋਂਕਿ ਆਦਿਤਿਆ ਬੀਬੀਏ ਤੀਜਾ ਅਤੇ ਗੁਰਦੇਵ ਬੀਬੀਏ ਭਾਗ ਤੀਜਾ ਉਪ-ਜੇਤੂ ਰਹੇ। ਟੇਬਲ ਟੈਨਿਸ ਸਿੰਗਲਜ਼ ’ਚ ਆਦਿੱਤਿਆ ਬੀਬੀਏ ਤੀਜਾ ਸਮੈਸਟਰ ਨੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਆਕਰਸ਼ਿਤ ਉਪ-ਜੇਤੂ ਰਹੇ। ਪੁਸ਼-ਅੱਪ ਮੁਕਾਬਲੇ ’ਚ ਅੰਸ਼ ਜੇਤੂ ਰਹੇ ਅਤੇ ਪ੍ਰੀਤਿੰਦਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸ਼ਤਰੰਜ ਮੁਕਾਬਲੇ ’ਚ ਹਰਸ਼ ਨੇ ਜਿੱਤ ਹਾਸਲ ਕੀਤੀ ਅਤੇ ਸੁਮਿਤ ਉਪ-ਜੇਤੂ ਰਹੇ। ਕੈਰਮ ’ਚ ਪ੍ਰਕਾਸ਼ ਨੇ ਖ਼ਿਤਾਬ ਜਿੱਤਿਆ, ਜਦਕਿ ਬੌਬੀ ਸਿੰਘ ਉਪ-ਜੇਤੂ ਰਹੇ। ਇਸ ਮੌਕੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕਿਹਾ ਕਿ ਖੇਡਾਂ ਦਾ ਵਿਦਿਆਰਥੀ ਜੀਵਨ ’ਚ ਮਹੱਤਵਪੂਰਨ ਸਥਾਨ ਹੈ। ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਸਰਗਰਮ ਰਹਿਣ ਅਤੇ ਤੰਦਰੁਸਤ ਮੁਕਾਬਲੇ ਦਾ ਆਨੰਦ ਲੈਣ ਦਾ ਮੌਕਾ ਦਿੰਦੇ ਹਨ। ਅਸੀਂ ਆਪਣੇ ਵਿਦਿਆਰਥੀਆਂ ਨੂੰ ਤੰਦਰੁਸਤੀ ਨੂੰ ਆਪਣੀ ਜ਼ਿੰਦਗੀ ਦਾ ਨਿਯਮਤ ਹਿੱਸਾ ਬਣਾਉਣ ਲਈ ਉਤਸ਼ਾਹਤ ਕਰਦੇ ਹਾਂ।