ਵਿਭਾਗੀ ਸਮੱਸਿਆਵਾਂ, ਮੁਲਾਜ਼ਮਾਂ ਦੇ ਹੱਕਾਂ ਤੇ ਪ੍ਰਸ਼ਾਸਨਿਕ ਜਵਾਬਦੇਹੀ ਨੂੰ ਯਕੀਨੀ ਬਣਾਉਣ ਦੀ ਗੁਹਾਰ 13 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਦਾ ਐਲਾਨ
Publish Date: Wed, 11 Nov 2026 06:25 PM (IST)
Updated Date: Wed, 11 Nov 2026 06:27 PM (IST)
13 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰਨ ਦਾ ਐਲਾਨ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੀ.ਡਬਲਿਊ.ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ, ਮੁਹਾਲੀ-ਚੰਡੀਗੜ੍ਹ ਬ੍ਰਾਂਚ ਵੱਲੋਂ ਲੋਕ ਨਿਰਮਾਣ ਵਿਭਾਗ, ਬਾਗਬਾਨੀ ਉਪ-ਮੰਡਲ ਫੇਜ਼-1 ਵਿਖੇ ਮੁਲਾਜ਼ਮਾਂ ਨਾਲ ਸਬੰਧਤ ਲੰਬੇ ਸਮੇਂ ਤੋਂ ਲਟਕ ਰਹੀਆਂ ਸਮੱਸਿਆਵਾਂ ਤੇ ਪ੍ਰਸ਼ਾਸਨਿਕ ਪ੍ਰਬੰਧਾਂ ’ਚ ਪਾਰਦਰਸ਼ਤਾ ਦੀ ਘਾਟ ਨੂੰ ਲੈ ਕੇ ਲੜੀਵਾਰ ਸੰਘਰਸ਼ ਵਿੱਢਿਆ ਜਾਵੇਗਾ। ਇਸ ਸਬੰਧੀ 13 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ। ਜਥੇਬੰਦੀ ਦੇ ਪ੍ਰਧਾਨ ਸੁਰੇਸ਼ ਕੁਮਾਰ, ਚੇਅਰਮੈਨ ਹਰਿਕੇਸ਼ ਵਰਮਾ ਅਤੇ ਜਨਰਲ ਸਕੱਤਰ ਸ਼ਿਵੇਂਦਰ ਕੁਮਾਰ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਸਬੰਧੀ ਕਈ ਵਾਰ ਵਿਭਾਗੀ ਅਧਿਕਾਰੀਆਂ ਨੂੰ ਲਿਖਤੀ ਰੂਪ ’ਚ ਜਾਣੂ ਕਰਵਾਇਆ ਜਾ ਚੁੱਕਾ ਹੈ। ਯੂਨੀਅਨ ਵੱਲੋਂ ਵਿਭਾਗ ਦੇ ਸਕੱਤਰ ਅਤੇ ਮੁੱਖ ਇੰਜੀਨੀਅਰ ਨੂੰ ਵੀ ਦਖ਼ਲ ਦੇਣ ਦੀ ਮੰਗ ਕਰਦਿਆਂ ਧਰਨੇ ਸਬੰਧੀ ਅਗਾਊਂ ਸੂਚਨਾ ਭੇਜੀ ਗਈ ਸੀ ਤਾਂ ਜੋ ਉੱਚ ਅਧਿਕਾਰੀ ਸਬੰਧਤ ਦਫ਼ਤਰ ਰਾਹੀਂ ਸਮੱਸਿਆਵਾਂ ਦਾ ਹੱਲ ਕਰਵਾ ਸਕਣ। ਇਸ ਦੇ ਬਾਵਜੂਦ ਹੁਣ ਤੱਕ ਉਪ-ਮੰਡਲ ਦਫ਼ਤਰ ਵੱਲੋਂ ਯੂਨੀਅਨ ਨੂੰ ਨਾ ਤਾਂ ਕੋਈ ਤਸੱਲੀਬਖ਼ਸ਼ ਲਿਖਤੀ ਜਵਾਬ ਦਿੱਤਾ ਗਿਆ ਅਤੇ ਨਾ ਹੀ ਸਮੱਸਿਆਵਾਂ ਦੇ ਹੱਲ ਲਈ ਮੀਟਿੰਗ ਬਾਰੇ ਕੋਈ ਅਗਾਊਂ ਸੂਚਨਾ ਦਿੱਤੀ ਗਈ। ਜਿਸ ਕਾਰਨ ਮੁਲਾਜ਼ਮਾਂ ਨੂੰ ਪੱਕਾ ਮੋਰਚਾ ਸ਼ੁਰੂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਵਿਭਾਗੀ ਕੰਟਰੋਲ ਅਤੇ ਆਊਟਸੋਰਸ ਮੁਲਾਜ਼ਮਾਂ ਦਾ ਪ੍ਰਸ਼ਾਸਨਿਕ ਪ੍ਰਬੰਧ ਵਿਭਾਗ ਦੇ ਕਾਰਜ ਸਥਾਨਾਂ ’ਤੇ ਕੰਮ ਕਰ ਰਹੇ ਆਊਟਸੋਰਸ ਮੁਲਾਜ਼ਮਾਂ ਦੀ ਡਿਊਟੀ, ਹਾਜ਼ਰੀ, ਛੁੱਟੀ ਅਤੇ ਹੋਰ ਪ੍ਰਸ਼ਾਸਨਿਕ ਮਾਮਲਿਆਂ ’ਚ ਵਿਭਾਗ ਦੀ ਜ਼ਿੰਮੇਵਾਰੀ ਅਤੇ ਕੰਟਰੋਲ ਸਪੱਸ਼ਟ ਕੀਤਾ ਜਾਵੇ। ਠੇਕੇਦਾਰ ਜਾਂ ਕੰਪਨੀ ਨੂੰ ਵਿਭਾਗੀ ਜ਼ਿੰਮੇਵਾਰੀਆਂ ਨਾਲ ਸਬੰਧਤ ਅਧਿਕਾਰ ਦੇਣ ਦੀ ਪ੍ਰਕਿਰਿਆ ਦੀ ਜਾਂਚ ਕੀਤੀ ਜਾਵੇ। ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ ਦੀ ਚੰਡੀਗੜ੍ਹ ਤੋਂ ਖਰੜ ’ਚ ਕੀਤੀ ਬਦਲੀ ਦੇ ਹੁਕਮਾਂ, ਕਾਰਨਾਂ, ਪ੍ਰਕਿਰਿਆ, ਸਮਰੱਥ ਅਧਿਕਾਰੀ ਦੀ ਭੂਮਿਕਾ ਅਤੇ ਬਦਲੀ ਦੇ ਸਮੇਂ ਅਤੇ ਹਾਲਾਤਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਮੁਲਾਜ਼ਮਾਂ ਨਾਲ ਸਬੰਧਤ ਰਿਕਾਰਡ ਅਤੇ ਪ੍ਰਸ਼ਾਸਨਿਕ ਫ਼ੈਸਲਿਆਂ ਦੀ ਜਾਣਕਾਰੀ ਲੈਣ ਲਈ ਆਰਟੀਆਈ ਅਤੇ ਸਬੰਧਤ ਪੱਤਰ ਵਿਹਾਰ ਕੀਤਾ ਗਿਆ ਹੈ। ਲੋੜੀਂਦੀ ਜਾਣਕਾਰੀ ਅਤੇ ਰਿਕਾਰਡ ਨਿਯਮਾਂ ਅਨੁਸਾਰ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਅਸਲ ਕੰਮ, ਅਹੁਦੇ ਦੇ ਨਾਮ, ਨਿਯੁਕਤੀ ਅਤੇ ਸੇਵਾ ਸਬੰਧੀ ਰਿਕਾਰਡ ਅਤੇ ਐੱਚ.ਆਰ.ਐੱਮ.ਐੱਸ. ’ਚ ਦਰਜ ਵੇਰਵਿਆਂ ਦੀ ਜਾਂਚ ਕੀਤੀ ਜਾਵੇ। ਵਿਭਾਗੀ ਕੰਮ ਅਨੁਸਾਰ ਆਊਟਸੋਰਸ ਪ੍ਰਬੰਧ ’ਚ ਹੈੱਡ ਮਾਲੀ ਅਤੇ ਸੁਪਰਵਾਈਜ਼ਰ ਵਰਗੇ ਅਹੁਦਿਆਂ ਦੀ ਢੁਕਵੀਂ ਵਿਵਸਥਾ ਕੀਤੀ ਜਾਵੇ। ਮੁਲਾਜ਼ਮਾਂ ਦੇ ਈਪੀਐੱਫ਼ ਦੀ ਬਕਾਇਆ ਜਮ੍ਹਾਂ ਰਕਮ ਅਤੇ ਰਿਕਾਰਡ ’ਚ ਹੋਈਆਂ ਗਲਤੀਆਂ ਨੂੰ ਠੀਕ ਕਰਵਾਇਆ ਜਾਵੇ। ਗ੍ਰੈਚੂਟੀ ਦੇ ਹੱਕਦਾਰ ਮੁਲਾਜ਼ਮਾਂ ਦੇ ਮਾਮਲਿਆਂ ਦਾ ਨਿਯਮਾਂ ਅਨੁਸਾਰ ਨਿਪਟਾਰਾ ਕੀਤਾ ਜਾਵੇ। ਸਾਰੇ ਮੁਲਾਜ਼ਮਾਂ ਨਾਲ ਇੱਕੋ ਜਿਹੇ ਨਿਯਮਾਂ ਅਤੇ ਇੱਕੋ ਜਿਹੀ ਪ੍ਰਸ਼ਾਸਨਿਕ ਪ੍ਰਕਿਰਿਆ ਅਨੁਸਾਰ ਵਿਹਾਰ ਕੀਤਾ ਜਾਵੇ। ਕਿਸੇ ਵੀ ਮੁਲਾਜ਼ਮ ਜਾਂ ਯੂਨੀਅਨ ਦੇ ਨੁਮਾਇੰਦੇ ਨਾਲ ਭੇਦਭਾਵ ਨਾ ਕੀਤਾ ਜਾਵੇ।ਮੁਲਾਜ਼ਮਾਂ ਲਈ ਪੀਣ ਵਾਲੇ ਪਾਣੀ, ਖਾਣਾ ਖਾਣ ਅਤੇ ਆਰਾਮ ਕਰਨ ਲਈ ਢੁਕਵੀਂ ਥਾਂ ਅਤੇ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।