- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੁਮਾਇੰਦਿਆਂ ਨੇ ਕਿਹਾ ਕਿ ਮਾਣਭੱਤਾ ਦੁੱਗਣਾ ਕਰਨ ਦੇ ਨਾਲ ਸਾਲਾਨਾ ਇੰਕਰੀਮੈਂਟ ਵਧਾ ਕੇ 2 ਹਜ਼ਾਰ ਰੁਪਏ ਕੀਤਾ ਜਾਵੇ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਅਧਿਆਪਕ ਦਾ ਦਰਜਾ ਦੇਣ ਦੀ ਮੰਗ ਵੀ ਅਮਨ ਅਰੋੜਾ ਦੇ ਸਾਹਮਣੇ ਰੱਖੀ ਗਈ।

ਰੋਹਿਤ ਕੁਮਾਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੇ ਵਫ਼ਦ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਚੰਡੀਗੜ੍ਹ ਦੇ ਸੈਕਟਰ-2 ਸਥਿਤ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਯੂਨੀਅਨ ਨੇ ਸਭ ਤੋਂ ਪ੍ਰਮੁੱਖ ਮੰਗ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣਭੱਤਾ ਦੁੱਗਣਾ ਕਰਨ ਦੀ ਰੱਖੀ। ਵਫ਼ਦ ਨੇ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮਾਣਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਕਰੀਬ ਸਾਢੇ ਚਾਰ ਸਾਲ ਦਾ ਕਾਰਜਕਾਲ ਬੀਤਣ ਦੇ ਬਾਵਜੂਦ ਇਹ ਮੰਗ ਪੂਰੀ ਨਹੀਂ ਹੋਈ ਹੈ। ਬਰਿੰਦਰਜੀਤ ਛੀਨਾ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਯੂਨੀਅਨ ਦੀ ਪੰਜਾਬ ਜਨਰਲ ਸਕੱਤਰ ਹਰਪ੍ਰੀਤ ਕੌਰ, ਉਪ ਪ੍ਰਧਾਨ ਸਤਵਿੰਦਰ ਕੌਰ ਤੇ ਸੰਗਰੂਰ ਦੀ ਪ੍ਰਧਾਨ ਵੀਰਪਾਲ ਕੌਰ ਨੇ ਹਿੱਸਾ ਲਿਆ। ਨੁਮਾਇੰਦਿਆਂ ਨੇ ਕਿਹਾ ਕਿ ਮਾਣਭੱਤਾ ਦੁੱਗਣਾ ਕਰਨ ਦੇ ਨਾਲ ਸਾਲਾਨਾ ਇੰਕਰੀਮੈਂਟ ਵਧਾ ਕੇ 2 ਹਜ਼ਾਰ ਰੁਪਏ ਕੀਤਾ ਜਾਵੇ। ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਨੂੰ ਪ੍ਰੀ-ਨਰਸਰੀ ਅਧਿਆਪਕ ਦਾ ਦਰਜਾ ਦੇਣ ਦੀ ਮੰਗ ਵੀ ਅਮਨ ਅਰੋੜਾ ਦੇ ਸਾਹਮਣੇ ਰੱਖੀ ਗਈ।
ਮਾਵਾਂ-ਧੀਆਂ ਸਤਿਕਾਰ ਯੋਜਨਾ ’ਚ ਭੁਗਤਾਨ ਦਾ ਮੁੱਦਾ
ਮੀਟਿੰਗ ’ਚ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਲੈ ਕੇ ਵੀ ਵਿਸਥਾਰ ਨਾਲ ਚਰਚਾ ਹੋਈ। ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਯੋਜਨਾ ਤਹਿਤ ਆਂਗਣਵਾੜੀ ਵਰਕਰਾਂ ਨੂੰ ਫਾਰਮ ਭਰਨ ਲਈ ਸਿਰਫ਼ 25 ਰੁਪਏ ਦੇਣ ਦੀ ਗੱਲ ਕਹੀ ਗਈ ਹੈ, ਜਦਕਿ ਹੈਲਪਰ ਲਈ ਕਿਸੇ ਭੁਗਤਾਨ ਦੀ ਵਿਵਸਥਾ ਨਹੀਂ ਦੱਸੀ ਗਈ। ਉੱਥੇ ਹੀ ਸਖੀਆਂ ਨੂੰ 300 ਰੁਪਏ ਦੇਣ ਦੀ ਗੱਲ ਕਹੀ ਗਈ ਹੈ। ਨੁਮਾਇੰਦਿਆਂ ਨੇ ਕਿਹਾ ਕਿ ਯੋਜਨਾ ਤਹਿਤ ਵਰਕਰਾਂ ਤੇ ਹੈਲਪਰਾਂ ਵੱਲੋਂ ਕੀਤੇ ਗਏ ਕੰਮ ਦਾ ਉਚਿਤ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਇਸ ’ਤੇ ਅਮਨ ਅਰੋੜਾ ਨੇ ਕਿਹਾ ਕਿ ਇਹ ਮਾਮਲਾ ਪਹਿਲਾਂ ਵੀ ਉਨ੍ਹਾਂ ਦੇ ਧਿਆਨ ’ਚ ਆ ਚੁੱਕਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਤੇ ਯੋਜਨਾ ਤਹਿਤ ਵਰਕਰਾਂ ਵੱਲੋਂ ਕੀਤੇ ਗਏ ਕੰਮ ਦਾ ਭੁਗਤਾਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਮੰਗ ਪੱਤਰ ਦੇ ਪਿੱਛੇ ਖੁਦ ਨੋਟ ਕੀਤੀਆਂ ਮੁੱਖ ਮੰਗਾਂ
ਮੀਟਿੰਗ ਕਾਫ਼ੀ ਦੇਰ ਤੱਕ ਚੱਲੀ ਤੇ ਯੂਨੀਅਨ ਨੇ ਆਪਣੀਆਂ ਵੱਖ-ਵੱਖ ਮੰਗਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਵਫ਼ਦ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਣ ਦੀ ਮੰਗ ਵੀ ਰੱਖੀ। ਅਮਨ ਅਰੋੜਾ ਨੇ ਯੂਨੀਅਨ ਦੇ ਮੰਗ ਪੱਤਰ ਦੇ ਪਿੱਛੇ ਹੀ ਮੁੱਖ ਮੰਗਾਂ ਨੂੰ ਨੋਟ ਕੀਤਾ। ਇਨ੍ਹਾਂ ’ਚ ਮਾਣਭੱਤਾ ਦੁੱਗਣਾ ਕਰਨ, ਸਾਲਾਨਾ ਇੰਕਰੀਮੈਂਟ ਵਧਾ ਕੇ 2 ਹਜ਼ਾਰ ਰੁਪਏ ਕਰਨ ਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਮੰਗ ਪ੍ਰਮੁੱਖ ਰਹੀ। ਅਮਨ ਅਰੋੜਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਮੰਗਾਂ ਨੂੰ ਸਰਕਾਰ ਦੇ ਪੱਧਰ ’ਤੇ ਉਠਾ ਕੇ ਸਬੰਧਤ ਧਿਰਾਂ ਨਾਲ ਗੱਲਬਾਤ ਕਰਨਗੇ ਤੇ ਸਮੱਸਿਆਵਾਂ ਦੇ ਹੱਲ ਲਈ ਯਤਨ ਕੀਤਾ ਜਾਵੇਗਾ।