...’ਤੇ ਜਦੋਂ ਅਧਿਕਾਰੀ ਨੇ ਬਿਜਲੀ ਬਿੱਲ ਮੁਆਫ਼ ਕਰਨ ਤੋਂ ਹੱਥ ਕੀਤੇ ਖੜ੍ਹੇ ...’ਤੇ ਜਦੋਂ ਅਧਿਕਾਰੀ ਨੇ ਬਿਜਲੀ ਬਿੱਲ ਮੁਆਫ਼ ਕਰਨ ਤੋਂ ਹੱਥ ਖੜੇ ਕੀਤੇ
Publish Date: Thu, 17 Sep 2026 07:14 PM (IST)
Updated Date: Fri, 18 Sep 2026 04:12 AM (IST)
- ਪੀੜਤ ਲੋਕਾਂ ਨੇ ਪਾਵਰਕਾਮ ਦੇ ਅਧਿਕਾਰੀ ’ਤੇ ਲਾਇਆ ਵਾਅਦਾਖ਼ਿਲਾਫ਼ੀ ਦਾ ਦੋਸ਼ - ਜੇਕਰ ਜਲਦੀ ਮਸਲਾ ਹੱਲ ਨਾ ਕੀਤਾ ਤਾਂ ਧਰਨਾ ਦੇਣ ਲਈ ਮਜਬੂਰ ਹੋਣਗੇ ਪੀੜਤ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਵੱਲੋਂ ਬਿਨਾਂ ਵਜ੍ਹਾ ਖਪਤਕਾਰਾਂ ਨੂੰ ਜਾਰੀ ਹੋਏ ਬਿਜਲੀ ਬਿੱਲ ਮੁਆਫ਼ ਕਰਨ ਤੋਂ ਐਸਡੀਓ ਨੇ ਹੱਥ ਖੜੇ ਕਰ ਦਿੱਤੇ ਹਨ। ਜਿਸ ਕਾਰਨ ਅਧਿਕਾਰੀ ਨੂੰ ਮਿਲਣ ਗਏ ਖਪਤਕਾਰਾਂ ’ਚ ਭਾਰੀ ਰੋਸ ਹੈ। ਐਸਸੀ/ਬੀਸੀ ਮਹਾ ਪੰਚਾਇਤ ਪੰਜਾਬ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਅੱਜ ਪਿੰਡ ਕੁੰਬੜਾ ਦੇ ਵਸਨੀਕਾਂ ਸਮੇਤ ਹੋਰ ਖਪਤਕਾਰ ਪਾਵਰਕਾਮ ਦੇ ਮੁਹਾਲੀ ਸਰਕਲ ਦਫ਼ਤਰ ਵਿਚ ਐਸਡੀਓ ਨੂੰ ਮਿਲਣ ਗਏ ਸੀ ਪਰ ਉਨ੍ਹਾਂ ਨੇ ਪੀੜਤ ਲੋਕਾਂ ਦੇ ਬਿਜਲੀ ਬਿੱਲ ਮੁਆਫ਼ ਕਰਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਹੈ। ਕੁੰਬੜਾ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਨੇ ਗਰੇਸੀਅਨ ਹਸਪਤਾਲ ਦੇ ਬਾਹਰ ਸੜਕ ਉੱਤੇ ਚੱਕਾ ਜਾਮ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਐਸਡੀਓ ਨੇ ਬਿਜਲੀ ਬਿੱਲ ਮੁਆਫ਼ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਉਨ੍ਹਾਂ ਨੇ ਕੋਰਾ ਜਵਾਬ ਦੇ ਦਿੱਤਾ। ਇਸ ਸਬੰਧੀ ਜਦੋਂ ਪ੍ਰਧਾਨ ਬਲਵਿੰਦਰ ਕੁੰਭੜਾ ਨੇ ਪਾਵਰਕਾਮ ਵਿਭਾਗ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਬਿਜਲੀ ਬਿੱਲ ਮੁਆਫ਼ ਕਰਨ ਦੇ ਐਲਾਨ ਬਾਰੇ ਦੱਸਿਆ ਤਾਂ ਡਿਊਟੀ ’ਤੇ ਮੌਜੂਦ ਐਕਸੀਅਨ ਨੇ ਸਾਫ਼ ਮਨਾ ਕੀਤਾ ਕਿ ਸਰਕਾਰ ਜਾਂ ਬਿਜਲੀ ਮੰਤਰੀ ਵੱਲੋਂ ਬਿਜਲੀ ਬਿੱਲ ਮੁਆਫ਼ ਕਰਨ ਸਬੰਧੀ ਕੋਈ ਪੱਤਰ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਪਿਛਲੇ ਸਾਲ ਮਾਰਚ ਅਤੇ ਅਪ੍ਰੈਲ ਦੇ ਐਵਰੇਜ ਬਿੱਲ ਭੇਜੇ ਗਏ ਹਨ। ਖਪਤਕਾਰਾਂ ਨੇ ਕਿਹਾ ਕਿ ਪਹਿਲਾਂ 300 ਯੂਨਿਟ ਪ੍ਰਤੀ ਮਹੀਨਾ ਮੁਆਫ਼ ਕਰਨ ਦੇ ਵਾਅਦੇ ਖੋਖਲੇ ਸਾਬਤ ਹੋਏ ਅਤੇ ਹੁਣ ਔਰਤਾਂ ਨੂੰ 1000 ਤੇ 1500 ਰੁਪਏ ਦੇਣ ਦੇ ਵਾਅਦਿਆਂ ਦੀ ਜ਼ਮੀਨੀ ਹਕੀਮਤ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਇਹ ਪੈਸੇ ਸਿਰਫ਼ ਆਪਣੇ ਚਹੇਤਿਆਂ ਤੱਕ ਪਹੁੰਚਾਏ ਜਾ ਰਹੇ ਅਤੇ ਹੁਣ ਬਿਜਲੀ ਮੰਤਰੀ ਦੇ ਐਲਾਨ ਨੂੰ ਵੀ ਅਧਿਕਾਰੀਆਂ ਨੇ ਝੂਠਲਾ ਦਿੱਤਾ ਹੈ। ਪੁਰਾਣੀ ਐਵਰੇਜ ਨਾਲ ਭੇਜੇ ਗਏ ਵਾਧੂ ਰਕਮ ਦੇ ਬਿੱਲ ਮੁਆਫ਼ ਕਰਨ ਸਬੰਧੀ ਮੰਤਰੀ ਦਾ ਬਿਆਨ ਅਖ਼ਬਾਰਾਂ ਨੇ ਪਹਿਲੇ ਪੰਨੇ ’ਤੇ ਛਾਪਿਆ ਸੀ ਅਤੇ ਅਖ਼ਬਾਰ ’ਚ ਛਪੀ ਖ਼ਬਰ ਪੁਖ਼ਤਾ ਦਸਤਾਵੇਜ਼ੀ ਸਬੂਤ ਵਜੋਂ ਮੰਨੀ ਜਾਂਦੀ ਹੈ ਪ੍ਰੰਤੂ ਬਿਜਲੀ ਵਿਭਾਗ ਦੇ ਅਧਿਕਾਰੀ ਆਪਣੇ ਮੰਤਰੀ ਦੇ ਬਿਆਨ ਨੂੰ ਮੰਨਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਇਸ ਸਬੰਧੀ ਮੰਤਰੀ ਨੂੰ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ। ਪੀੜਤਾਂ ਨੇ ਕਿਹਾ ਕਿ ਸਰਕਾਰ ਇਕ ਹੱਥ ਨਾਲ ਵਾਧੂ ਬਿੱਲ ਭੇਜ ਕੇ ਖਪਤਕਾਰਾਂ ਤੋਂ ਮੋਟੀ ਕਮਾਈ ਕਰ ਰਹੀ ਹੈ, ਦੂਜੇ ਹੱਥ ਨਾਲ ਲੋਕਾਂ ਤੋਂ ਵਸੂਲੇ ਪੈਸੇ ਮਾਣਭੱਤੇ ਦੇ ਰੂਪ ’ਚ ਮੋੜਨ ਦਾ ਢਕਵੰਜ਼ ਰਚਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਮੁਰਖ ਬਣਾ ਕੇ ਦੁਬਾਰਾ ਰਾਜ ਭਾਗ ਹਥਿਆਉਣਾ ਚਾਹੁੰਦੀ ਹੈ ਪ੍ਰੰਤੂ ਹੁਣ ਸੂਬੇ ਦੇ ਲੋਕ ਜਾਗਰੂਕ ਹੋ ਚੁੱਕੇ ਹਨ ਅਤੇ ਇਸ ਵਾਰ ਲਾਰਿਆਂ ਵਿਚ ਨਹੀਂ ਆਉਣਗੇ। ਇਸ ਮੌਕੇ ਕਰਮ ਸਿੰਘ ਕੁਰੜੀ, ਮਾ. ਬਨਵਾਰੀ ਲਾਲ, ਕਰਮਜੀਤ ਕੌਰ, ਪਰਮਜੀਤ ਕੌਰ, ਬਾਪੂ ਲਾਭ ਸਿੰਘ, ਸਾਬਕਾ ਬਲਾਕ ਸਮਿਤੀ ਮੈਂਬਰ ਗੁਰਨਾਮ ਕੌਰ, ਦਲਜੀਤ ਕੌਰ, ਬਲਵਿੰਦਰ ਕੌਰ, ਸੋਨੀਆ ਰਾਣੀ, ਪਰਮਜੀਤ ਕੌਰ, ਗੁਰਵਿੰਦਰ ਸਿੰਘ, ਗੁਰਸ਼ਰਨ ਸਿੰਘ, ਬੱਬਲ ਚੌਪੜਾ, ਗੁਰਿੰਦਰ ਸਿੰਘ ਆਦਿ ਮੌਜੂਦ ਸਨ। ਬਾਕਸ : ਬਲਵਿੰਦਰ ਕੁੰਬੜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅਜਿਹਾ ਪਹਿਲੀ ਵਾਰ ਹੋਇਆ ਕਿ ਬਿਜਲੀ ਮੀਟਰਾਂ ਤੋਂ ਬਿਨਾਂ ਹੀ ਵਿਧਵਾ ਔਰਤਾਂ ਨੂੰ 26-26 ਹਜ਼ਾਰ ਬਿੱਲ ਭੇਜੇ ਗਏ ਹਨ। ਸਰਕਾਰ ਵੱਲੋਂ ਵਿਧਵਾ ਔਰਤਾਂ ਅਤੇ ਗਰੀਬ ਲੋਕਾਂ ਨੂੰ ਕੁਚਲਿਆ ਜਾ ਰਿਹਾ ਹੈ ਅਤੇ ਇਨਸਾਫ਼ ਲਈ ਪੀੜਤ ਲੋਕ ਥਾਣਿਆਂ ਅਤੇ ਸਰਕਾਰੀ ਦਫ਼ਤਰਾਂ ’ਚ ਖੱਜਲ ਹੋ ਰਹੇ ਹਨ ਪ੍ਰੰਤੂ ਕੋਈ ਉਨ੍ਹਾਂ ਦੀ ਬਾਂਹ ਫੜਨ ਨੂੰ ਤਿਆਰ ਨਹੀਂ ਹੈ। ਪੀੜਤਾਂ ਨੇ ਸਰਕਾਰ ਨੂੰ 10 ਦਿਨ ਦਾ ਅਲਟੀਮੇਟਮ ਦਿੰਦੇ ਹੋਏ ਚੇਤਾਵਨੀ ਦਿੱਤੀ ਕਿ ਜੇਕਰ ਇਸ ਦੌਰਾਨ ਮਸਲੇ ਦਾ ਹੱਲ ਨਹੀਂ ਕੀਤਾ ਗਿਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਪੁਤਲੇ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।