ਬੇਕਾਬੂ ਟਿੱਪਰ ਨੇ ਜਾਮ ’ਚ ਖੜ੍ਹੀਆਂ 5 ਗੱਡੀਆਂ ਨੂੰ ਮਾਰੀ ਟੱਕਰ ਚੰਡੀਗੜ੍ਹ-ਅੰਬਾਲਾ ਹਾਈਵੇ 'ਤੇ ਬੇਕਾਬੂ ਟਿੱਪਰ ਨੇ ਮਚਾਇਆ ਕਹਿਰ,
Publish Date: Wed, 11 Nov 2026 09:15 PM (IST)
Updated Date: Wed, 11 Nov 2026 09:18 PM (IST)
ਚੰਡੀਗੜ੍ਹ-ਅੰਬਾਲਾ ਰਾਸ਼ਟਰੀ ਰਾਜਮਾਰਗ ’ਤੇ ਵਾਪਰੀ ਘਟਨਾ ਚਾਲਕ ਨੇ ਬ੍ਰੇਕ ਫੇਲ੍ਹ ਹੋਣ ਦਾ ਕੀਤਾ ਦਾਅਵਾ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਚੰਡੀਗੜ੍ਹ-ਅੰਬਾਲਾ ਰਾਸ਼ਟਰੀ ਰਾਜਮਾਰਗ ’ਤੇ ਬੁੱਧਵਾਰ ਸ਼ਾਮ ਨੂੰ ਇਕ ਤੇਜ਼ ਰਫ਼ਤਾਰ ਓਵਰਲੋਡ ਟਿੱਪਰ ਨੇ ਜ਼ਬਰਦਸਤ ਕਹਿਰ ਮਚਾਇਆ। ਹਾਈਵੇਅ ’ਤੇ ਲੱਗੇ ਜਾਮ ’ਚ ਖੜ੍ਹੀਆਂ ਪੰਜ ਗੱਡੀਆਂ ਨੂੰ ਪਿੱਛੋਂ ਬੇਕਾਬੂ ਟਿੱਪਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਕ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ। ਹਾਦਸੇ ਤੋਂ ਬਾਅਦ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਰਾਹਤ ਦੀ ਗੱਲ ਇਹ ਰਹੀ ਕਿ ਇਸ ਭਿਆਨਕ ਘਟਨਾ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪ੍ਰਤੱਖਦਰਸ਼ੀਆਂ ਅਨੁਸਾਰ ਹਾਈਵੇਅ ’ਤੇ ਪਹਿਲਾਂ ਤੋਂ ਹੀ ਧੀਮੀ ਗਤੀ ਕਾਰਨ ਵਾਹਨ ਰੁਕੇ ਹੋਏ ਸਨ। ਇਸੇ ਦੌਰਾਨ ਪਿੱਛੋਂ ਕਰੀਬ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆ ਰਹੇ ਓਵਰਲੋਡ ਟਿੱਪਰ ਨੇ ਇੱਕ-ਇੱਕ ਕਰਕੇ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਟੱਕਰ ਤੋਂ ਬਾਅਦ ਮੁਲਜ਼ਮ ਚਾਲਕ ਨੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਮੌਜੂਦ ਸਥਾਨਕ ਨੌਜਵਾਨਾਂ ਨੇ ਮੁਸਤੈਦੀ ਦਿਖਾਉਂਦਿਆਂ ਪਿੱਛਾ ਕਰਕੇ ਉਸ ਨੂੰ ਕੁਝ ਦੂਰੀ ’ਤੇ ਕਾਬੂ ਕਰ ਲਿਆ। ਹਾਦਸੇ ਦਾ ਸ਼ਿਕਾਰ ਹੋਏ ਵਾਹਨ ਚਾਲਕਾਂ ਨੇ ਦੋਸ਼ ਲਾਇਆ ਕਿ ਟਿੱਪਰ ਚਾਲਕ ਸ਼ਰਾਬ ਦੇ ਨਸ਼ੇ ਵਿੱਚ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਲੋਕਾਂ ਨੇ ਡਰਾਈਵਰ ਦੀ ਹਾਲਤ ਦੇਖ ਕੇ ਉਸ ਦੇ ਨਸ਼ੇ ’ਚ ਹੋਣ ਦਾ ਖਦਸ਼ਾ ਜਤਾਇਆ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਹੋਣਾ ਬਾਕੀ ਹੈ। ਦੂਜੇ ਪਾਸੇ, ਫੜੇ ਗਏ ਟਿੱਪਰ ਚਾਲਕ ਨੇ ਖ਼ੁਦ ਨੂੰ ਠੀਕ ਦੱਸਦਿਆਂ ਦਾਅਵਾ ਕੀਤਾ ਕਿ ਟਿੱਪਰ ਦੇ ਬ੍ਰੇਕ ਫੇਲ੍ਹ ਹੋਣ ਕਾਰਨ ਗੱਡੀ ਬੇਕਾਬੂ ਹੋ ਗਈ ਸੀ। ਮੌਕੇ ’ਤੇ ਮੌਜੂਦ ਲੋਕਾਂ ਦਾ ਦੋਸ਼ ਸੀ ਕਿ ਹਾਦਸੇ ਤੋਂ ਬਾਅਦ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਟਿੱਪਰ ਮਾਲਕ ਦੇ ਆਉਣ ਦੀ ਗੱਲ ਕਹਿ ਕੇ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਓਵਰਲੋਡ ਵਾਹਨ ਨੇ ਕਈ ਲੋਕਾਂ ਦੀ ਜਾਨ ਜੋਖਮ ਵਿੱਚ ਪਾਈ ਸੀ। ਜਾਣਕਾਰੀ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਮਾਨ ਸੰਭਾਲੀ। ਟੀਮ ਨੇ ਨੁਕਸਾਨੇ ਵਾਹਨਾਂ ਨੂੰ ਹਟਾ ਕੇ ਜਾਮ ਖੁਲ੍ਹਵਾਇਆ। ਪੁਲਿਸ ਨੇ ਟਿੱਪਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਡਰਾਈਵਰ ਦੇ ਬ੍ਰੇਕ ਫੇਲ੍ਹ ਹੋਣ ਦੇ ਦਾਅਵੇ ਅਤੇ ਨਸ਼ੇ ਚ ਹੋਣ ਦੇ ਦੋਸ਼ਾਂ ਦੀ ਡਾਕਟਰੀ ਤੇ ਤਕਨੀਕੀ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।