ਦਿਲਚਸਪ ਕਹਾਣੀ : ਦੀਵਾਲੀ ਤੋਂ ਅਗਲੇ ਦਿਨ ਰੌਸ਼ਨ ਹੁੰਦੈ ਪਿੰਡ ਚਿੱਲਾ ਦਿਲਚਸਪ ਕਹਾਣੀ : ਦੀਵਾਲੀ ਤੋਂ ਅਗਲੇ ਦਿਨ ਰੌਸ਼ਨ ਹੁੰਦੈ ਪਿੰਡ ਚਿੱਲਾ
Publish Date: Mon, 02 Nov 2026 08:21 PM (IST)
Updated Date: Tue, 03 Nov 2026 04:05 AM (IST)
ਗੁਰਮੀਤ ਸਿੰਘ ਸ਼ਾਹੀ, ਪੰਜਾਬੀ ਜਾਗਰਣ ਮੁਹਾਲੀ : ਦੇਸ਼-ਵਿਦੇਸ਼ ਵਿਚ ਜਦੋਂ ਦੀਵਾਲੀ ਦਾ ਤਿਉਹਾਰ ਰਵਾਇਤੀ ਤੌਰ ’ਤੇ ਅਮਾਵਸ ਦੀ ਰਾਤ ਮਨਾਇਆ ਜਾਂਦਾ ਹੈ, ਉੱਥੇ ਮੁਹਾਲੀ ਜ਼ਿਲ੍ਹੇ ਦੇ ਪਿੰਡ ਚਿੱਲਾ ’ਚ ਦੀਵਾਲੀ ਦੀਆਂ ਰੌਣਕਾਂ ਇਸ ਤੋਂ ਅਗਲੇ ਦਿਨ ਲੱਗਦੀਆਂ ਹਨ। ਇਹ ਕੋਈ ਨਵਾਂ ਫ਼ੈਸਲਾ ਜਾਂ ਬਦਲਿਆ ਹੋਇਆ ਕੈਲੰਡਰ ਨਹੀਂ, ਸਗੋਂ ਪਿੰਡ ਵਾਸੀਆਂ ਵੱਲੋਂ ਪੀੜ੍ਹੀ ਦਰ ਪੀੜ੍ਹੀ ਨਿਭਾਈ ਜਾ ਰਹੀ ਵਿਲੱਖਣ ਲੋਕ-ਪਰੰਪਰਾ ਹੈ। ਪਿੰਡ ਦੇ ਬਜ਼ੁਰਗਾਂ ਮੇਵਾ ਸਿੰਘ ਗਿੱਲ, ਅਜਾਇਬ ਸਿੰਘ ਆਦਿ ਵੱਲੋਂ ਦੱਸੀ ਗਈ ਕਹਾਣੀ ਮੁਤਾਬਕ ਇਹ ਰਵਾਇਤ ਕਈ ਦਹਾਕਿਆਂ ਨਹੀਂ, ਬਲਕਿ ਸਥਾਨਕ ਦਾਅਵੇ ਅਨੁਸਾਰ ਸਦੀਆਂ ਪੁਰਾਣੀ ਹੈ। ਪੁਰਾਣੇ ਸਮੇਂ ’ਚ ਪਿੰਡ ਦੇ ਲੋਕ ਆਪਣੇ ਪਸ਼ੂਆਂ ਖ਼ਾਸ ਕਰਕੇ ਮੱਝਾਂ ਆਦਿ ਨੂੰ ਇਕ ਸਾਂਝੀ ਥਾਂ ’ਤੇ ਇਕੱਠਾ ਰੱਖਦੇ ਸਨ। ਦੀਵਾਲੀ ਵਾਲੇ ਦਿਨ ਇਕ ਵਾਰ ਜਦੋਂ ਪਿੰਡ ਵਾਸੀ ਤਿਉਹਾਰ ਮਨਾਉਣ ਦੀਆਂ ਤਿਆਰੀਆਂ ’ਚ ਰੁੱਝੇ ਹੋਏ ਸਨ ਤਾਂ ਪਤਾ ਲੱਗਾ ਕਿ ਪਸ਼ੂਆਂ ਦਾ ਸਾਰਾ ਵੱਗ ਆਪਣੇ ਵਾੜੇ ’ਚੋਂ ਨਿਕਲ ਕੇ ਕਿਤੇ ਚਲਾ ਗਿਆ ਹੈ। ਪਸ਼ੂਆਂ ਦੇ ਗੁੰਮ ਹੋਣ ਦੀ ਖ਼ਬਰ ਮਿਲਦਿਆਂ ਹੀ ਪਿੰਡ ਦੇ ਮਰਦ ਮੈਂਬਰ ਉਨ੍ਹਾਂ ਦੀ ਭਾਲ ’ਚ ਨਿਕਲ ਪਏ। ਪੁਰਾਣੇ ਸਮੇਂ ’ਚ ਰੌਸ਼ਨੀ ਦੇ ਸੀਮਤ ਸਾਧਨਾਂ ਕਾਰਨ ਲੋਕ ਮਸ਼ਾਲਾਂ, ਲਾਲਟੈਨਾਂ ਅਤੇ ਦੀਵੇ ਲੈ ਕੇ ਪਸ਼ੂਆਂ ਨੂੰ ਲੱਭਦੇ ਰਹੇ। ਪਸ਼ੂਆਂ ਦੀ ਭਾਲ ਕਰਦਿਆਂ ਕਾਫ਼ੀ ਰਾਤ ਹੋ ਗਈ ਅਤੇ ਜਦੋਂ ਉਹ ਵਾਪਸ ਪਰਤੇ ਤਾਂ ਅੱਧੀ ਰਾਤ ਲੰਘ ਚੁੱਕੀ ਸੀ। ਪਿੰਡ ਵਾਸੀਆਂ ਨੇ ਉਸ ਵੇਲੇ ਇਹ ਮੰਨਿਆ ਕਿ ਜਿਸ ਦਿਨ ਪਸ਼ੂ ਹੀ ਪਿੰਡ ’ਚੋਂ ਗੁੰਮ ਹੋ ਗਏ, ਉਸ ਦਿਨ ਤਿਉਹਾਰ ਮਨਾਉਣਾ ਸ਼ੁਭ ਨਹੀਂ ਰਹੇਗਾ। ਇਸ ਲਈ ਸਾਰਿਆਂ ਨੇ ਫ਼ੈਸਲਾ ਕੀਤਾ ਕਿ ਦੀਵਾਲੀ ਅਗਲੇ ਦਿਨ ਮਨਾਈ ਜਾਵੇਗੀ। ਦੱਸਿਆ ਜਾਂਦਾ ਹੈ ਕਿ ਉਸੇ ਸਮੇਂ ਤੋਂ ਇਹ ਰਵਾਇਤ ਪਿੰਡ ਦੀ ਸਾਂਝੀ ਪਰੰਪਰਾ ਬਣ ਗਈ। ਦੀਵਾਲੀ ਵਾਲੇ ਦਿਨ ਪਿੰਡ ਵਾਸੀ ਜਾਂਦੇ ਹਨ ਰਿਸ਼ਤੇਦਾਰਾਂ ਕੋਲ ਇਸ ਪਰੰਪਰਾ ਦਾ ਇਕ ਹੋਰ ਦਿਲਚਸਪ ਪੱਖ ਇਹ ਵੀ ਹੈ ਕਿ ਦੀਵਾਲੀ ਵਾਲੇ ਦਿਨ ਪਿੰਡ ਦੇ ਬਹੁਤ ਸਾਰੇ ਲੋਕ ਆਪਣੇ ਰਿਸ਼ਤੇਦਾਰਾਂ ਜਾਂ ਸਹੁਰਿਆਂ ਦੇ ਘਰ ਚਲੇ ਜਾਂਦੇ ਹਨ ਅਤੇ ਉੱਥੇ ਦੀਵਾਲੀ ਮਨਾਉਂਦੇ ਹਨ। ਅਗਲੇ ਦਿਨ ਜਦੋਂ ਚਿੱਲਾ ’ਚ ਦੀਵਾਲੀ ਮਨਾਈ ਜਾਂਦੀ ਹੈ ਤਾਂ ਰਿਸ਼ਤੇਦਾਰ ਵੀ ਪਿੰਡ ਵਿਚ ਪਹੁੰਚਦੇ ਹਨ। ਇਸ ਤਰ੍ਹਾਂ ਪਿੰਡ ’ਚ ਦੀਵਾਲੀ ਵਾਲੇ ਦਿਨ ਨਾਲੋਂ ਅਗਲੇ ਦਿਨ ਵਧੇਰੇ ਰੌਣਕ ਦੇਖਣ ਨੂੰ ਮਿਲਦੀ ਹੈ। ਪਿੰਡ ਵਾਸੀਆਂ ਅਨੁਸਾਰ ਅਗਲੇ ਦਿਨ ਘਰਾਂ ’ਚ ਮਿਠਾਈਆਂ ਵੰਡੀਆਂ ਜਾਂਦੀਆਂ ਹਨ, ਦੀਵੇ ਅਤੇ ਹੋਰ ਸਜਾਵਟੀ ਲਾਈਟਾਂ ਜਗਾਈਆਂ ਜਾਂਦੀਆਂ ਹਨ ਅਤੇ ਪਰਿਵਾਰਕ ਮੈਂਬਰ ਇਕੱਠੇ ਹੋ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ। ਮਹਿਮਾਨਾਂ ਦੀ ਆਮਦ ਕਾਰਨ ਪਿੰਡ ਦਾ ਮਾਹੌਲ ਕਿਸੇ ਮੇਲੇ ਵਰਗਾ ਬਣ ਜਾਂਦਾ ਹੈ। ਸਥਾਨਕ ਲੋਕਾਂ ਮੁਤਾਬਕ ਪੁਰਾਣੇ ਸਮੇਂ ’ਚ ਪਿੰਡ ਵਿਚ ਦੀਵਾਲੀ ਨਾਲ ਜੁੜੀਆਂ ਕੁਝ ਹੋਰ ਸਥਾਨਕ ਰਸਮਾਂ ਵੀ ਹੁੰਦੀਆਂ ਸਨ, ਜਿਨ੍ਹਾਂ ’ਚੋਂ ਕੁਝ ਹੁਣ ਬੰਦ ਹੋ ਚੁੱਕੀਆਂ ਹਨ, ਜਿਸ ’ਚ ਦੀਵਾਲੀ ਵਾਲੇ ਦਿਨ ਭੇਡਾਂ ਝਟਕਾਉਣ ਦੀ ਰੀਤ ਮੁੱਖ ਤੌਰ ਤੇ ਕਰੀਬ ਦੋ ਦਹਾਕੇ ਪਹਿਲਾਂ ਬੰਦ ਹੋ ਗਈ ਹੈ। ਇਸ ਦੇ ਬਾਵਜੂਦ ਦੀਵਾਲੀ ਅਗਲੇ ਦਿਨ ਮਨਾਉਣ ਦੀ ਮੁੱਖ ਪਰੰਪਰਾ ਅਜੇ ਵੀ ਕਾਇਮ ਹੈ। ਪਿੰਡ ਦੀ ਪਛਾਣ ਬਣ ਚੁੱਕੀ ਹੈ ਇਹ ਰਵਾਇਤ ਚਿੱਲਾ ਪਿੰਡ ਦੀ ਇਹ ਪਰੰਪਰਾ ਹੁਣ ਸਿਰਫ਼ ਇਕ ਧਾਰਮਿਕ ਰਸਮ ਨਹੀਂ ਰਹੀ, ਸਗੋਂ ਪਿੰਡ ਦੀ ਸੱਭਿਆਚਾਰਕ ਪਛਾਣ ਦਾ ਹਿੱਸਾ ਬਣ ਚੁੱਕੀ ਹੈ। ਸਮੇਂ ਦੇ ਨਾਲ ਪਿੰਡ ਦੇ ਆਲੇ-ਦੁਆਲੇ ਸ਼ਹਿਰੀਕਰਨ ਤੇਜ਼ੀ ਨਾਲ ਵਧਿਆ, ਪਰ ਦੀਵਾਲੀ ਅਗਲੇ ਦਿਨ ਮਨਾਉਣ ਦੀ ਰਵਾਇਤ ਨੇ ਆਪਣੀ ਥਾਂ ਬਣਾਈ ਰੱਖੀ ਹੈ। ਪੁਰਾਣੀ ਪੀੜ੍ਹੀ ਇਸ ਨੂੰ ਆਪਣੀ ਵਿਰਾਸਤ ਮੰਨਦੀ ਹੈ ਅਤੇ ਨਵੀਂ ਪੀੜ੍ਹੀ ਵੀ ਇਸ ਨੂੰ ਅੱਗੇ ਤੋਰ ਰਹੀ ਹੈ।