ਦਿੱਲੀ ਦੇ ਪ੍ਰਗਤੀ ਮੈਦਾਨ ਦੀ ਤਰਜ਼ 'ਤੇ ਮੁਹਾਲੀ 'ਚ ਬਣੇਗੀ 'ਐਕਸਪੋ ਸਿਟੀ ਦਿੱਲੀ ਦੇ ਪ੍ਰਗਤੀ ਮੈਦਾਨ ਦੀ ਤਰਜ਼ 'ਤੇ ਮੁਹਾਲੀ 'ਚ ਬਣੇਗੀ ਐਕਸਪੋ ਸਿਟੀ
Publish Date: Thu, 17 Sep 2026 06:37 PM (IST)
Updated Date: Fri, 18 Sep 2026 04:11 AM (IST)
- ਗਮਾਡਾ ਵੱਲੋਂ ਚਾਰ ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ - 12 ਅਕਤੂਬਰ ਨੂੰ ਕੀਤੀ ਜਾਵੇਗੀ ਜਨਤਕ ਸੁਣਵਾਈ, ਸੁਣੇ ਜਾਣਗੇ ਸੁਝਾਅ ਤੇ ਇਤਰਾਜ਼ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਦਿੱਲੀ ਦੇ ਪ੍ਰਗਤੀ ਮੈਦਾਨ ਦੀ ਤਰਜ਼ ਤੇ ਮੁਹਾਲੀ ਵਿਚ ਪ੍ਰਸਤਾਵਿਤ ਐਕਸਪੋ ਸਿਟੀ ਦੇ ਨਿਰਮਾਣ ਲਈ ਰਾਹ ਪੱਧਰਾ ਹੋ ਗਿਆ ਹੈ। ਇਸ ਸਬੰਧੀ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਨੇ ਲੋੜੀਂਦੀ ਜ਼ਮੀਨ ਐਕਵਾਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਮੈਗਾ ਪ੍ਰੋਜੈਕਟ ਲਈ ਮੁਹਾਲੀ ਨੇੜਲੇ ਚਾਰ ਪਿੰਡਾਂ ਦੀ ਕੁੱਲ 181.4785 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਗਮਾਡਾ ਵੱਲੋਂ ਸੋਸ਼ਲ ਇਮਪੈਕਟ ਅਸੈਸਮੈਂਟ ਰਿਪੋਰਟ ਤੇ ਜਨਤਕ ਸੁਣਵਾਈ ਲਈ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਜਿਸ ਨਾਲ ਪ੍ਰਭਾਵਿਤ ਜ਼ਮੀਨ ਮਾਲਕਾਂ ’ਚ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਗਮਾਡਾ ਵੱਲੋਂ ਜਾਰੀ ਜਨਤਕ ਸੂਚਨਾ ਅਨੁਸਾਰ ਜ਼ਮੀਨ ਐਕਵਾਇਰ, ਮੁੜ-ਵਸੇਬਾ ਅਤੇ ਮੁੜ-ਸਥਾਪਨਾ ’ਚ ਵਾਜਬ ਮੁਆਵਜ਼ਾ ਅਤੇ ਪਾਰਦਰਸ਼ਤਾ ਦਾ ਅਧਿਕਾਰ ਐਕਟ 2013 ਦੀ ਧਾਰਾ 16 (5) ਤਹਿਤ ਸੋਸ਼ਲ ਇਮਪੈਕਟ ਅਸੈਸਮੈਂਟ ਰਿਪੋਰਟ ਤੇ ਪਿੰਡ ਰੁੜਕਾ ਦੇ ਗੁਰਦੁਆਰਾ ਸਾਹਿਬ ਵਿਖੇ 12 ਅਕਤੂਬਰ ਨੂੰ ਦੁਪਹਿਰ 12 ਵਜੇ ਜਨਤਕ ਸੁਣਵਾਈ ਕੀਤੀ ਜਾਵੇਗੀ। ਇਸ ਕਾਰਵਾਈ ਦੌਰਾਨ ਪ੍ਰਭਾਵਿਤ ਜ਼ਮੀਨ ਮਾਲਕ ਆਪਣੇ ਸੁਝਾਅ ਅਤੇ ਇਤਰਾਜ਼ ਦਰਜ ਕਰਵਾ ਸਕਣਗੇ। ਗਮਾਡਾ ਵੱਲੋਂ ਪਬਲਿਕ ਨੋਟਿਸ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਜ਼ਮੀਨ ਐਕਵਾਇਰ ਨਾਲ ਸਬੰਧਤ ਹਰ ਤਰ੍ਹਾਂ ਦੇ ਵਿਚਾਰ ਅਤੇ ਇਤਰਾਜ਼ ਨਿਰਧਾਰਿਤ ਪ੍ਰਕਿਰਿਆ ਦੇ ਅਧੀਨ ਪੇਸ਼ ਕੀਤੇ ਜਾ ਸਕਦੇ ਹਨ। ਮੁਹਾਲੀ ਕੌਮਾਂਤਰੀ ਏਅਰਪੋਰਟ ਅਤੇ ਆਈਟੀ ਸਿਟੀ ਦੇ ਨੇੜੇ ਬਣਨ ਵਾਲੀ ਇਸ ਐਕਸਪੋ ਸਿਟੀ ਲਈ ਮੁਹਾਲੀ ਦੇ ਚਾਰ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿਚ ਪਿੰਡ ਰੁੜਕਾ ਦੀ 76.84 ਏਕੜ, ਪਿੰਡ ਧਰਮਗੜ੍ਹ ਦੀ 68.06 ਏਕੜ, ਪਿੰਡ ਸਫ਼ੀਪੁਰ ਦੀ 34.03 ਏਕੜ ਅਤੇ ਪਿੰਡ ਨੰਡਿਆਲੀ ਦੀ 6.95 ਏਕੜ ਜ਼ਮੀਨ ਐਕਵਾਇਰ ਕਰਨ ਦੀ ਮੁੱਢਲੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਬਾਕਸ : ਮੁਹਾਲੀ ਦੀ ਐਕਸਪੋ ਸਿਟੀ ਵਿਚ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਪ੍ਰਦਰਸ਼ਨੀਆਂ, ਕਾਨਫ਼ਰੰਸਾਂ ਅਤੇ ਵਪਾਰਕ ਸਮਾਗਮਾਂ ਲਈ ਅਤਿ-ਆਧੁਨਿਕ ਸਹੂਲਤਾਂ ਵਿਕਸਿਤ ਕੀਤੀਆਂ ਜਾਣਗੀਆਂ। ਇੱਥੇ ਪੰਜ ਹਜ਼ਾਰ ਸੀਟਾਂ ਦੀ ਸਮਰੱਥਾ ਵਾਲਾ ਵਿਸ਼ਾਲ ਕਨਵੈਨਸ਼ਨ ਸੈਂਟਰ ਹੋਵੇਗਾ। ਪ੍ਰਦਰਸ਼ਨੀਆਂ ਅਤੇ ਸਮਾਗਮਾਂ ’ਚ ਆਉਣ ਵਾਲੇ ਮਹਿਮਾਨਾਂ ਲਈ 300 ਕਮਰਿਆਂ ਦਾ ਆਧੁਨਿਕ ਹੋਟਲ ਦੀ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਲਗਭਗ 300 ਕੰਪਨੀਆਂ ਲਈ ਲੋੜੀਂਦੀ ਜਗ੍ਹਾ ਮੁਹੱਈਆ ਕਰਵਾਉਣ ਵਾਲਾ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਟਾਵਰ ਵੀ ਉਪਲਬਧ ਹੋਵੇਗਾ। ਬਾਕਸ : ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਲੈਂਡ-ਪੂਲਿੰਗ ਸਕੀਮ-ਐਰੋਟ੍ਰੋਪੋਲਿਸ ਈ, ਐਫ਼, ਜੀ, ਐੱਚ, ਆਈ ਅਤੇ ਜੇ ਸਬੰਧੀ ਪਬਲਿਕ ਨੋਟਿਸ ਜਾਰੀ ਕੀਤਾ ਗਿਆ ਹੈ। ਭੌਂ ਪ੍ਰਾਪਤੀ ਕੁਲੈਕਟਰ ਰੋਹਿਤ ਜ਼ਿੰਦਲ ਵੱਲੋਂ ਬੀਤੀ 3 ਅਗਸਤ ਅਤੇ 5 ਅਗਸਤ 2026 ਨੂੰ ਪ੍ਰਕਾਸ਼ਿਤ ਪਬਲਿਕ ਨੋਟਿਸ ’ਚ ਸੋਧ ਕੀਤੀ ਗਈ ਹੈ। ਨਵੀਂ ਸੋਧ ਮੁਤਾਬਕ ਜਿਨ੍ਹਾਂ ਭੋਂਜ਼ਮੀਨ ਮਾਲਕਾਂ ਦੀ 7 ਕਨਾਲ ਜਾਂ ਇਸ ਤੋਂ ਵੱਧ ਜ਼ਮੀਨ ਐਕਵਾਇਰ ਕੀਤੀ ਗਈ ਹੈ ਅਤੇ ਜਿਨ੍ਹਾਂ ਨੇ ਵਿਕਲਪ ‘ਬੀ’ (ਰਿਹਾਇਸ਼ੀ ਵਪਾਰਕ) ਦੀ ਚੋਣ ਕੀਤੀ ਹੈ, ਉਨ੍ਹਾਂ ਲਈ ਪਲਾਟਾਂ ਦੀ ਹੱਕਦਾਰੀ ’ਚ ਬਦਲਾਅ ਕੀਤਾ ਗਿਆ ਹੈ। ਨਵੀਂ ਸੋਧ ਮੁਤਾਬਕ 7 ਕਨਾਲ ਬਦਲੇ 500 ਵਰਗ ਗਜ਼ ਦਾ ਇਕ ਰਿਹਾਇਸ਼ੀ ਪਲਾਟ, 300 ਵਰਗ ਗਜ਼ ਦੇ 2 ਰਿਹਾਇਸ਼ੀ ਪਲਾਟ ਅਤੇ 100 ਵਰਗ ਗਜ਼ ਦਾ ਇਕ ਵਪਾਰਕ ਪਲਾਟ (ਸ਼ੋਅਰੂਮ) ਉਪਲਬਧ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ 500, 300, 200 ਵਰਗ ਗਜ਼ (ਰਿਹਾਇਸ਼ੀ) ਅਤੇ 100 ਵਰਗ ਗਜ਼ (ਵਪਾਰਕ) ਪਲਾਟਾਂ ਦੀ ਹੱਕਦਾਰੀ ਵਾਲੀ ਵਿਵਸਥਾ ਦੀ ਸੀ। ਹੁਣ ਇਸ ਥਾਂ ਤੇ ਨਵਾਂ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ। ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਬਦਲਾਅ ਤੋਂ ਇਲਾਵਾ ਪਬਲਿਕ ਨੋਟਿਸ ਦੀਆਂ ਬਾਕੀ ਸਾਰੇ ਨਿਯਮ ਅਤੇ ਸ਼ਰਤਾਂ ਪਹਿਲਾਂ ਵਾਂਗ ਲਾਗੂ ਰਹਿਣਗੀਆਂ।