ਮੈਡੀਕਲ ਐਸੋਸੀਏਸ਼ਨ ਵੱਲੋਂ ਇਨਸਾਨੀਅਤ ਦੀ ਮਿਸਾਲ, ਸਿਵਲ ਹਸਪਤਾਲ ਨੂੰ ਭੇਟ ਕੀਤੇ ਹੀਟਰ
ਮੈਡੀਕਲ ਐਸੋਸੀਏਸ਼ਨ ਵੱਲੋਂ ਇਨਸਾਨੀਅਤ ਦੀ ਮਿਸਾਲ
Publish Date: Fri, 16 Jan 2026 06:24 PM (IST)
Updated Date: Fri, 16 Jan 2026 06:27 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਖੇਤਰ ’ਚ ਪੈ ਰਹੀ ਕੜਾਕੇ ਦੀ ਠੰਢ ਨੂੰ ਮੁੱਖ ਰੱਖਦਿਆਂ ਡੇਰਾਬੱਸੀ ਮੈਡੀਕਲ ਐਸੋਸੀਏਸ਼ਨ ਵੱਲੋਂ ਇਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਐਸੋਸੀਏਸ਼ਨ ਦੇ ਮੈਂਬਰਾਂ ਨੇ ਸਥਾਨਕ ਸਿਵਲ ਹਸਪਤਾਲ ਡੇਰਾਬੱਸੀ ਦਾ ਦੌਰਾ ਕੀਤਾ ਅਤੇ ਮਰੀਜ਼ਾਂ ਨੂੰ ਸਰਦੀ ਤੋਂ ਬਚਾਉਣ ਲਈ ਹਸਪਤਾਲ ਪ੍ਰਸ਼ਾਸਨ ਨੂੰ ਹੀਟਰ ਭੇਟ ਕੀਤੇ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਸੰਜੈ ਅੱਤਰੀ ਨੇ ਕਿਹਾ ਕਿ ਹਸਪਤਾਲ ਵਿਚ ਇਲਾਜ ਅਧੀਨ ਮਰੀਜ਼ਾਂ, ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਰਾਤ ਦੇ ਸਮੇਂ ਕਾਫ਼ੀ ਦਿੱਕਤ ਆ ਰਹੀ ਸੀ, ਜਿਸ ਨੂੰ ਦੇਖਦੇ ਹੋਏ ਇਹ ਫ਼ੈਸਲਾ ਲਿਆ ਗਿਆ। ਜਿਸ ਤੋਂ ਬਾਅਦ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਧਰਮਿੰਦਰ ਸਿੰਘ ਨੇ ਮੈਡੀਕਲ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਹਿਯੋਗ ਨਾਲ ਸਰਕਾਰੀ ਸੰਸਥਾਵਾਂ ਵਿਚ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਵਿਚ ਮਦਦ ਮਿਲਦੀ ਹੈ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ. ਰਵੀਨਾ ਸੂਰੀ, ਖ਼ਜ਼ਾਨਚੀ ਡਾ. ਅਸ਼ਵਨੀ ਪ੍ਰਭਾਕਰ, ਡਾ. ਪਾਰਸ ਸੂਰੀ ਅਤੇ ਹੋਰ ਪ੍ਰਮੁੱਖ ਡਾਕਟਰ ਮੌਜੂਦ ਸਨ, ਜਿਨ੍ਹਾਂ ਨੇ ਭਵਿੱਖ ਵਿਚ ਵੀ ਹਸਪਤਾਲ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ। ਡੇਰਾਬੱਸੀ ਮੈਡੀਕਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਦਵਾਈਆਂ ਦੇਣਾ ਹੀ ਨਹੀਂ, ਬਲਕਿ ਮਰੀਜ਼ਾਂ ਦੀ ਸਹੂਲਤ ਅਤੇ ਉਨ੍ਹਾਂ ਦੇ ਆਰਾਮ ਦਾ ਖਿਆਲ ਰੱਖਣਾ ਵੀ ਹੈ।