ਇਲਾਕੇ ’ਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਖ਼ੌਫ਼ ਦਾ ਮਾਹੌਲ, ਪੁਲਿਸ ਦੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ ਇਲਾਕੇ ’ਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਖ਼ੌਫ਼ ਦਾ ਮਾਹੌਲ,
Publish Date: Fri, 30 Oct 2026 05:52 PM (IST)
Updated Date: Fri, 30 Oct 2026 05:55 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸਥਾਨਕ ਵਾਰਡ ਨੰ. 16 ਦੇ ਗੋਵਿੰਦ ਵਿਹਾਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਲਗਾਤਾਰ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਸਥਾਨਕ ਨਿਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਲਾਕੇ ’ਚ ਪਹਿਲਾਂ ਤਿੰਨ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਹੁਣ ਇਕ ਮੰਦਰ ’ਚ ਵੀ ਚੋਰੀ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਜਿਸ ਨਾਲ ਲੋਕਾਂ ’ਚ ਆਪਣੇ ਘਰਾਂ ਤੇ ਪਰਿਵਾਰਾਂ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ। ਵਾਰਡ ਕੌਂਸਲਰ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਪੁਲਿਸ ਪ੍ਰਸ਼ਾਸਨ ਦੀ ਸੁਸਤ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਮੰਦਰ ਦੀ ਦੇਖ-ਭਾਲ ਕਰਨ ਵਾਲੇ ਸਨੋਜ ਸਿੰਘ ਸਵੇਰੇ ਪਹੁੰਚੇ ਤਾਂ ਮੰਦਰ ਅੰਦਰ ਸਾਮਾਨ ਖਿੱਲਰਿਆ ਪਿਆ ਸੀ। ਇਸ ਤੋਂ ਇਲਾਵਾ ਮੰਦਰ ਤੋਂ ਕੁਝ ਦੂਰੀ ’ਤੇ ਟਰਾਂਸਫਾਰਮਰ ਨੇੜੇ ਸਥਿਤ ਆਸ਼ੀਸ਼ ਰਾਣਾ ਦੇ ਘਰ ਕੋਲੋਂ ਗਹਿਣਿਆਂ ਦੇ ਖਾਲੀ ਡੱਬੇ ਬਰਾਮਦ ਹੋਏ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਮਾਮਲਾ ਚੋਰੀ ਨਾਲ ਜੁੜਿਆ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚੋਰ ਨੇ ਮੰਦਰ ਵਿਚੋਂ ਕਲਸ਼, ਲੱਡੂ ਗੋਪਾਲ ਦੀਆਂ ਮੁਰਤੀਆਂ, ਦਾਨ ਪੇਟੀ ਅਤੇ ਹੋਰ ਸਾਮਾਨ ਚੋਰੀ ਕੀਤਾ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਹਾਲਾਂਕਿ ਅਸਲ ਸਥਿਤੀ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਘਟਨਾ ਸਥਾਨ ਦਾ ਮੁਆਇਨਾ ਕਰ ਕੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾਵੇ। ਇਸ ਬਾਰੇ ਕੌਂਸਲਰ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਡੇਰਾਬੱਸੀ ਰਣਜੀਤ ਸਿੰਘ ਰੈਡੀ ਨੇ ਦੋਸ਼ ਲਾਇਆ ਕਿ ਇਸ ਤੋਂ ਪਹਿਲਾਂ ਵੀ ਵਾਰਡ ਦੇ ਤਿੰਨ ਘਰਾਂ ਵਿਚ ਚੋਰੀਆਂ ਹੋ ਚੁੱਕੀਆਂ ਹਨ ਅਤੇ ਪੁਲਿਸ ਵੱਲੋਂ ਕੇਸ ਦਰਜ ਕਰਨ ਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਇਹ ਘਟਨਾਵਾਂ ਪੁਲਿਸ ਅਤੇ ਸਰਕਾਰ ਦੀ ਅਸਫ਼ਲਤਾ ਨੂੰ ਬਿਆਨ ਕਰਦੀਆਂ ਹਨ। ਸਥਾਨਕ ਨਿਵਾਸੀਆਂ ਅਤੇ ਕੌਂਸਲਰ ਨੇ ਮੰਗ ਕੀਤੀ ਹੈ ਕਿ ਖੇਤਰ ਵਿਚ ਰਾਤ ਦੀ ਪੁਲਿਸ ਗਸ਼ਤ ਵਧਾਈ ਜਾਵੇ, ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਸੁਰੱਖਿਆ ਦੇ ਪੁੱਖ਼ਤਾ ਇੰਤਜ਼ਾਮ ਕੀਤੇ ਜਾਣ। ਲੋਕਾਂ ਨੂੰ ਵੀ ਆਪਸੀ ਚੌਕਸੀ ਵਰਤਣ ਦੀ ਅਪੀਲ ਕੀਤੀ ਗਈ ਹੈ।