ਹੜ੍ਹਾਂ ਦੇ ਪਾਣੀ ਨੂੰ ਸੰਭਾਲਣ ਲਈ ਭਾਰਤ ਤੇ ਅਮਰੀਕਾ ਦੇ ਮਾਹਰ ਹੋਏ ਇਕੱਠੇ ਹੜ੍ਹਾਂ ਦੇ ਪਾਣੀ ਨੂੰ ਸੰਭਾਲਣ ਲਈ ਭਾਰਤ ਤੇ ਅਮਰੀਕਾ ਦੇ ਮਾਹਿਰ ਹੋਏ ਇਕੱਠੇ
Publish Date: Tue, 18 Aug 2026 06:48 PM (IST)
Updated Date: Tue, 18 Aug 2026 06:51 PM (IST)
ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਧਰਤੀ ਹੇਠਲਾ ਪਾਣੀ ਦਾ ਪੱਧਰ ਵਧਾਉਣ ਲਈ ਹੜ੍ਹਾਂ ਦੌਰਾਨ ਇਕੱਠੇ ਹੋਏ ਪਾਣੀ ਨੂੰ ਧਰਤੀ ਹੇਠਾਂ ਪਹੁੰਚਾਉਣ ਲਈ ਭਾਰਤ ਅਤੇ ਅਮਰੀਕਾ ਦੇ ਮਾਹਰਾਂ ਨੇ ਹੱਥ ਮਿਲਾਇਆ ਹੈ। ਪਾਣੀ ਨੂੰ ਬਚਾਉਣ ਲਈ ਦੋਵਾਂ ਮੁਲਕਾਂ ਦੇ ਮਾਹਰਾਂ ਤੇ ਵਿਗਿਆਨੀਆਂ ਨੇ ਵਿਚਾਰ-ਵਟਾਂਦਰਾ ਕਰਨ ਲਈ ਛੇ ਦਿਨਾਂ ਦੀ ਭਾਰਤ-ਅਮਰੀਕਾ ਵਿਗਿਆਨਕ ਵਰਕਸ਼ਾਪ ਲਗਾਈ ਹੈ। ਵਰਕਸ਼ਾਪ ਦਾ ਉਦੇਸ਼ ਹੜ੍ਹਾਂ ਦੇ ਵਾਧੂ ਪਾਣੀ ਨੂੰ ਵਿਗਿਆਨਕ ਢੰਗ ਨਾਲ ਧਰਤੀ ਹੇਠਾਂ ਭੇਜਣਾ ਅਤੇ ਪਾਣੀ ਦੇ ਸੰਕਟ ਨਾਲ ਇਕੱਠੇ ਨਜਿੱਠਣ ਲਈ ਤਕਨੀਕ ਵਿਕਸਿਤ ਕਰਨਾ ਹੈ। ਜਾਣਕਾਰੀ ਮੁਤਾਬਕ, ‘ਸਮਾਰਟ ਗਰਾਊਂਡ ਵਾਟਰ ਰੀਚਾਰਜ ਏ ਟ੍ਰਾਂਸਡਿਸਿਪਲਿਨਰੀ ਯੂਐੱਸਏ-ਇੰਡੀਆ ਫਰੇਮਵਰਕ’ ਨਾਮਕ ਵਰਕਸ਼ਾਪ ਦੀ ਅਗਵਾਈ ਅਮਰੀਕਾ ਦੀ ਓਰੇਗਨ ਸਟੇਟ ਯੂਨੀਵਰਸਿਟੀ ਕਰ ਰਹੀ ਹੈ। ਇਸ ਵਿਚ ਨੈਸ਼ਨਲ ਇੰਸਟੀਚਿਊਟ ਆਫ ਹਾਈਡਰੋਲੋਜੀ (ਐੱਨਆਈਐੱਚ) ਰੁੜਕੀ, ਆਈਆਈਟੀ ਰੁੜਕੀ, ਆਈਆਈਟੀ ਭੁਬਨੇਸ਼ਵਰ, ਆਈਆਈਟੀ ਗਾਂਧੀਨਗਰ, ਸੀਡਬਲਿਊਆਰਡੀਐੱਮ ਕੋਝੀਕੋਡ ਅਤੇ ਐੱਨਆਈਟੀ ਤਿਰੁਚਿਰਾਪੱਲੀ ਸਮੇਤ ਕਈ ਸੰਸਥਾਵਾਂ ਹਿੱਸਾ ਲੈ ਰਹੀਆਂ ਹਨ। ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ (ਪੀਡਬਲਿਊਆਰਡੀਏ) ਦੇ ਚੇਅਰਮੈਨ ਵਿਜੈ ਕੁਮਾਰ ਸਿੰਘ (ਸੇਵਾਮੁਕਤ ਆਈਏਐੱਸ) ਨੇ ਵਰਕਸ਼ਾਪ ਦਾ ਉਦਘਾਟਨ ਕੀਤਾ। ਦੱਸਿਆ ਜਾਂਦਾ ਹੈ ਕਿ ਵਰਕਸ਼ਾਪ ਵਿਚ ਭਾਰਤ ਤੇ ਅਮਰੀਕਾ ਦੇ ਕਰੀਬ 40 ਖੋਜਕਰਤਾ, ਨੀਤੀ ਨਿਰਮਾਤਾ, ਇੰਜੀਨੀਅਰ ਅਤੇ ਭਾਈਚਾਰੇ ਨਾਲ ਜੁੜੇ ਮਾਹਿਰ ਹਿੱਸਾ ਲੈ ਰਹੇ ਹਨ। ਪ੍ਰਾਜੈਕਟ ਦੀ ਪ੍ਰਮੁੱਖ ਖੋਜਕਰਤਾ ਓਰੇਗਨ ਸਟੇਟ ਯੂਨੀਵਰਸਿਟੀ ਦੇ ਕਾਲਜ ਆਫ ਐਗਰੀਕਲਚਰਲ ਸਾਇੰਸਿਜ਼ ਦੀ ਡਾ. ਸਲੀਨੀ ਸਸੀਧਰਨ ਹੈ। ਡਾ. ਸਸੀਧਰਨ ਦੀ ਪ੍ਰਯੋਗਸ਼ਾਲਾ ਓਰੇਗਨ ਵਿਚ ਧਰਤੀ ਹੇਠਲੇ ਪਾਣੀ ਦੀ ਮਾਤਰਾ ਅਤੇ ਗੁਣਵੱਤਾ ਨਾਲ ਸਬੰਧਤ ਨਵੀਆਂ ਤਕਨੀਕਾਂ ’ਤੇ ਕੰਮ ਕਰਦੀ ਹੈ। ਉੱਥੇ ਵਿਕਸਿਤ ‘ਡਰਾਈਵੈੱਲ’ ਆਧਾਰਿਤ ਪਾਣੀ ਰੀਚਾਰਜ ਤਕਨੀਕ ਨੂੰ ਭਾਰਤੀ ਹਾਲਾਤ ਮੁਤਾਬਕ ਢਾਲਣ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪੰਜਾਬ ਵਿਚ ਦਹਾਕਿਆਂ ਤੋਂ ਝੋਨੇ ਦੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਖੇਤੀ ਕਾਰਨ ਕਈ ਖੇਤਰਾਂ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਹੇਠਾਂ ਗਿਆ ਹੈ। ਇਸ ਕਾਰਨ ਪੰਜਾਬ ਨੂੰ ਇਸ ਤਕਨੀਕ ਦੀ ਜਾਂਚ ਲਈ ਅਹਿਮ ਖੇਤਰ ਮੰਨਿਆ ਜਾ ਰਿਹਾ ਹੈ। ਵਰਕਸ਼ਾਪ ਵਿਚ ‘ਮੈਨੇਜਡ ਐਕੁਈਫਰ ਰੀਚਾਰਜ’ (ਐੱਮਏਆਰ) ’ਤੇ ਵਿਸ਼ੇਸ਼ ਚਰਚਾ ਹੋਵੇਗੀ। ਇਸ ਤਕਨੀਕ ਰਾਹੀਂ ਮੌਨਸੂਨ ਅਤੇ ਹੜ੍ਹਾਂ ਦੌਰਾਨ ਮਿਲਣ ਵਾਲੇ ਵਾਧੂ ਪਾਣੀ ਨੂੰ ਡਰਾਈਵੈੱਲ ਵਰਗੀਆਂ ਬਣਤਰਾਂ ਰਾਹੀਂ ਧਰਤੀ ਦੇ ਅੰਦਰ ਪਹੁੰਚਾ ਕੇ ਪਾਣੀ ਦੇ ਭੰਡਾਰਾਂ ਵਿਚ ਸੰਭਾਲਿਆ ਜਾਵੇਗਾ। ਲੋੜ ਪੈਣ ’ਤੇ ਇਸ ਪਾਣੀ ਦੀ ਵਰਤੋਂ ਕੀਤੀ ਜਾ ਸਕੇਗੀ। ਇਸ ਨਾਲ ਹੜ੍ਹਾਂ ਦੇ ਪਾਣੀ ਨੂੰ ਸੰਭਾਲਣ ਦੇ ਨਾਲ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਨ ਵਿੱਚ ਵੀ ਮਦਦ ਮਿਲਣ ਦੀ ਉਮੀਦ ਹੈ। ਛੇ ਦਿਨਾ ਪ੍ਰੋਗਰਾਮ ਦੌਰਾਨ ਤਕਨੀਕੀ ਸੈਸ਼ਨ ਤੇ ਵੱਖ-ਵੱਖ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰਾ ਹੋਵੇਗਾ। ਮਾਹਿਰ ਸੰਗਰੂਰ ਤੇ ਪਟਿਆਲਾ ਦਾ ਦੌਰਾ ਵੀ ਕਰਨਗੇ। ਇਸ ਤੋਂ ਇਲਾਵਾ ਭਵਾਨੀਗੜ੍ਹ ਬਲਾਕ ਵਿਚ ਕਿਸਾਨਾਂ ਨਾਲ ਗੱਲਬਾਤ ਕਰ ਕੇ ਸਥਾਨਕ ਹਾਲਾਤ, ਲੋੜਾਂ ਤੇ ਚੁਣੌਤੀਆਂ ਨੂੰ ਸਮਝਿਆ ਜਾਵੇਗਾ। ਵਰਕਸ਼ਾਪ ਦੇ ਅੰਤ ਵਿਚ ਭਾਰਤ-ਅਮਰੀਕਾ ਦੀ ਸਾਂਝੀ ਸਮੀਖਿਆ ਰਿਪੋਰਟ ਤਿਆਰ ਕੀਤੀ ਜਾਵੇਗੀ। ਇਸ ਦੇ ਨਾਲ ਹੀ ਖੇਤਰ ਵਿੱਚ ਹੜ੍ਹਾਂ ਦੇ ਪਾਣੀ ਰਾਹੀਂ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਵਾਲੇ ਪ੍ਰਾਜੈਕਟਾਂ ਨੂੰ ਪਾਇਲਟ ਪੱਧਰ ’ਤੇ ਲਾਗੂ ਕਰਨ ਲਈ ਵੱਡਾ ਖੋਜ ਪ੍ਰਸਤਾਵ ਵੀ ਤਿਆਰ ਕੀਤਾ ਜਾਵੇਗਾ। ਡਾ. ਸਲੀਨੀ ਸਸੀਧਰਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਮਾਹਿਰ ਮਿਲ ਕੇ ਭਵਿੱਖ ਦੀ ਪਾਣੀ ਸੁਰੱਖਿਆ ਲਈ ਹੱਲ ਅਤੇ ਸਾਂਝੇਦਾਰੀ ਤਿਆਰ ਕਰ ਰਹੇ ਹਨ।