ਅਮਿਤ ਬਾਵਾ ਨੇ ਸੁਣੀਆਂ ਟਰੜਕ ਵਾਸੀਆਂ ਦੀਆਂ ਮੁਸ਼ਕਲਾਂ ਅਮਿਤ ਬਾਵਾ ਨੇ ਸੁਣੀਆਂ ਟਰੜਕ ਵਾਸੀਆਂ ਦੀਆਂ ਮੁਸ਼ਕਲਾਂ
Publish Date: Sat, 24 Oct 2026 07:06 PM (IST)
Updated Date: Sat, 24 Oct 2026 07:07 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ, ਲਾਲੜੂ : ਲਾਲੜੂ ਨੇੜਲੇ ਪਿੰਡ ਟਰੜਕ ਵਿਚ ਇਕ ਇੰਟਰਐਕਟਿਵ ਬੈਠਕ ਦਾ ਆਯੋਜਨ ਕਾਂਗਰਸ ਦੇ ਬਲਾਕ ਐੱਸਸੀ ਸੈੱਲ ਦੇ ਉਪ ਪ੍ਰਧਾਨ ਅਤੇ ਪਿੰਡ ਟਰੜਕ ਦੇ ਵਾਸੀ ਰਾਜੇਸ਼ ਕੁਮਾਰ ਵੱਲੋਂ ਕੀਤਾ ਗਿਆ, ਜਿਸ ਵਿਚ ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਡੇਰਾਬੱਸੀ ਹਲਕੇ ਵਿਚ ਪਾਰਟੀ ਦੇ ਆਗੂ ਅਮਿਤ ਬਾਵਾ ਸੈਣੀ ਨੇ ਇਲਾਕੇ ਦੇ ਵਾਸੀਆਂ ਅਤੇ ਸਮਾਜਿਕ ਤੇ ਸਿਆਸੀ ਕਾਰਕੁਨਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਖੁੱਲ੍ਹੀ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਆਪਣੀ ਰੋਜ਼ਾਨਾ ਜ਼ਿੰਦਗੀ ਦੀਆਂ ਔਕੜਾਂ ਬਿਆਨ ਕੀਤੀਆਂ। ਪਿੰਡ ਵਾਸੀਆਂ ਨੇ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਿਆ। ਪਿੰਡ ਵਿਚ ਸਿਰਫ਼ ਇਕ ਬੋਰਵੈੱਲ ਚੱਲ ਰਿਹਾ ਹੈ ਅਤੇ ਉਸਦੀ ਵੰਡ ਪਾਈਪਲਾਈਨ ਖ਼ਰਾਬ ਹੈ, ਜਿਸ ਵਿਚ ਕਈ ਥਾਵਾਂ ਤੇ ਲੀਕੇਜ ਹੈ। ਪਿੰਡ ਜਿਉਲੀ ਤੋਂ ਟਰੜਕ, ਝੁਆਂਸਾ, ਅੰਬਛਪਾ, ਜੰਡਲੀ, ਭੁੱਖੜੀ, ਭਾਗਸੀ ਅਤੇ ਹੋਰ ਪਿੰਡਾਂ ਨੂੰ ਜੋੜਨ ਵਾਲੀ ਸੜਕ ਬਹੁਤ ਮਾੜੀ ਹਾਲਤ ਵਿਚ ਹੈ। ਤਾਰਕੋਲ ਦੀ ਪਰਤ ਲਗਭਗ ਗਾਇਬ ਹੈ ਅਤੇ ਵਾਸੀਆਂ ਮੁਤਾਬਕ ਇਹ ਕੱਚੇ ਰਾਹ ਨਾਲੋਂ ਵੀ ਬਦਤਰ ਹੈ। ਵਿਦਿਆਰਥੀਆਂ ਅਤੇ ਔਰਤਾਂ ਨੇ ਦੱਸਿਆ ਕਿ ਇਲਾਕੇ ਵਿਚ ਬੱਸ ਜਾਂ ਕੈਬ ਵਰਗੀ ਇਕ ਵੀ ਜਨਤਕ ਆਵਾਜਾਈ ਸੇਵਾ ਉਪਲਬਧ ਨਹੀਂ ਹੈ। ਇਸ ਨਾਲ ਲੜਕੀਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਔਰਤਾਂ ਅਤੇ ਬਜ਼ੁਰਗ ਰੋਜ਼ਮਰ੍ਹਾ ਦੇ ਕੰਮਾਂ ਅਤੇ ਸਿਹਤ ਜਾਂਚ ਲਈ ਨੇੜਲੇ ਸ਼ਹਿਰਾਂ ਤੱਕ ਨਹੀਂ ਜਾ ਸਕਦੇ। ਨੌਜਵਾਨਾਂ ਨੇ ਕਿਹਾ ਕਿ ਯੋਗਤਾ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਸਥਾਨਕ ਉਦਯੋਗ ਸਥਾਨਕ ਉਮੀਦਵਾਰਾਂ ਨੂੰ ਨਜ਼ਰਅੰਦਾਜ਼ ਕਰਦੇ ਹਨ। ਸ੍ਰੀ ਸੈਣੀ ਨੇ ਡੇਰਾਬੱਸੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ 35 ਸਾਲਾ ਦੇ ਲੰਮੇ ਵਕਫ਼ੇ ਨੂੰ ਖ਼ਤਮ ਕਰਦਿਆਂ 2027 ਵਿਚ ਕਾਂਗਰਸ ਦੇ ਵਿਧਾਇਕ ਨੂੰ ਚੁਣਿਆ ਜਾਵੇ। ਬੈਠਕ ਵਿਚ ਸੀਨੀਅਰ ਕਾਂਗਰਸੀ ਵਿਕਰਮ ਰਾਣਾ, ਲਾਲ ਸਿੰਘ, ਰਾਮਪਾਲ ਭੁੱਖੜੀ, ਰਾਜ ਕੁਮਾਰ ਜੌਲਾ ਕਲਾਂ, ਮੰਗਾ ਰਾਮ, ਸੁਭਾਸ਼ ਕੁਮਾਰ, ਮੁਨੀਸ਼ ਕੁਮਾਰ, ਅਮਨ ਅਤੇ ਪਿੰਡ ਟਰੜਕ ਦੇ ਹੋਰ ਬਹੁਤ ਸਾਰੇ ਲੋਕ ਹਾਜ਼ਰ ਸਨ।