‘ਪੰਜਾਬ ਬੰਦ’ ਦੇ ਸੱਦੇ ਕਾਰਨ ਅੰਬਾਲਾ-ਚੰਡੀਗੜ੍ਹ ’ਤੇ ਲੱਗਿਆ ਜਾਮ, ਲੋਕ ਹੋਏ ਪਰੇਸ਼ਾਨ ‘ਪੰਜਾਬ ਬੰਦ’ ਦੇ ਸੱਦੇ ਕਾਰਨ ਅੰਬਾਲਾ-ਚੰਡੀਗੜ੍ਹ ’ਤੇ ਲੱਗਿਆ ਜਾਮ,
Publish Date: Thu, 15 Oct 2026 06:14 PM (IST)
Updated Date: Thu, 15 Oct 2026 06:15 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਵੱਖ-ਵੱਖ ਜਥੇਬੰਦੀਆਂ ਅਤੇ ਕਿਸਾਨਾਂ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਅਸਰ ਡੇਰਾਬੱਸੀ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਸਾਫ਼ ਦੇਖਣ ਨੂੰ ਮਿਲਿਆ। ਬੰਦ ਦੇ ਸੱਦੇ ਅਤੇ ਸੁਰੱਖਿਆ ਪ੍ਰਬੰਧਾਂ ਕਾਰਨ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਡੇਰਾਬੱਸੀ ਫਲਾਈਓਵਰ ’ਤੇ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ, ਜਿਸ ਕਾਰਨ ਇੱਥੇ ਲੰਮਾ ਅਤੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਜਾਮ ਇੰਨਾ ਭਿਆਨਕ ਸੀ ਕਿ ਵਾਹਨ ਚਾਲਕਾਂ ਨੂੰ ਘੰਟਿਆਂਬੱਧੀ ਆਪਣੀਆਂ ਗੱਡੀਆਂ ਵਿਚ ਫਸੇ ਰਹਿਣਾ ਪਿਆ। ਮੁੱਖ ਮਾਰਗ ਅਤੇ ਫਲਾਈਓਵਰ ’ਤੇ ਵਾਹਨਾਂ ਦੀ ਲੰਬੀ ਕਤਾਰ ਲੱਗਣ ਕਾਰਨ ਕਾਹਲੇ ਪਏ ਵਾਹਨ ਚਾਲਕਾਂ ਨੇ ਆਪਣੀ ਮੰਜ਼ਿਲ ਵੱਲ ਜਲਦੀ ਪਹੁੰਚਣ ਲਈ ਗ਼ਲਤ ਦਿਸ਼ਾ (ਰੋਂਗ ਸਾਈਡ) ਵਿਚ ਵਾਹਨ ਭਜਾਉਣੇ ਸ਼ੁਰੂ ਕਰ ਦਿੱਤੇ। ਰੋਂਗ ਸਾਈਡ ਤੋਂ ਵਾਹਨ ਆਉਣ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਗਈ ਅਤੇ ਕਈ ਥਾਵਾਂ ‘ਤੇ ਹਾਦਸੇ ਦਾ ਖ਼ਤਰਾ ਬਣਿਆ ਰਿਹਾ। ਇਸ ਮੁੱਖ ਜਾਮ ਤੋਂ ਬਚਣ ਲਈ ਜਦੋਂ ਵਾਹਨ ਚਾਲਕਾਂ ਨੇ ਸ਼ਹਿਰ ਦੀਆਂ ਅੰਦਰੂਨੀ ਅਤੇ ਸੰਪਰਕ ਸੜਕਾਂ ਦਾ ਰੁਖ਼ ਕੀਤਾ, ਤਾਂ ਉੱਥੇ ਵੀ ਹਾਲਾਤ ਵਿਗੜ ਗਏ, ਜਿਸ ਕਾਰਨ ਵਾਹਨਾਂ ਦਾ ਭਾਰੀ ਇਕੱਠ ਹੋਣ ਕਾਰਨ ਜਾਮ ਲੱਗ ਗਿਆ, ਜਿਸ ਨਾਲ ਆਮ ਲੋਕਾਂ ਦਾ ਪੈਦਲ ਤੁਰਨਾ ਵੀ ਔਖਾ ਹੋ ਗਿਆ। ਖ਼ਬਰ ਲਿਖੇ ਜਾਣ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਜਾਮ ਨੂੰ ਖੁਲ੍ਹਵਾਉਣ ਅਤੇ ਟ੍ਰੈਫਿਕ ਨੂੰ ਕਾਬੂ ਹੇਠ ਲਿਆਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਸਨ, ਪਰ ਵਾਹਨਾਂ ਦੀ ਜ਼ਿਆਦਾ ਭੀੜ ਹੋਣ ਕਾਰਨ ਹਾਲਾਤ ਪੂਰੀ ਤਰ੍ਹਾਂ ਆਮ ਵਾਂਗ ਹੋਣ ਵਿਚ ਸਮਾਂ ਲੱਗ ਰਿਹਾ ਸੀ।