ਬ੍ਰਿਟਿਸ਼ ਵਫ਼ਦ ਨਾਲ ਅਰੋੜਾ ਨੇ ਕੀਤੀ ਮੁਲਾਕਾਤ ਬ੍ਰਿਟਿਸ਼ ਵਫ਼ਦ ਨਾਲ ਅਰੋੜਾ ਨਾ ਕੀਤੀ ਮੁਲਾਕਾਤ, ਵਪਾਰ ਲਈ ਉਦਯੋਗਿਕ ਈਕੋਸਿਸਟਮ ਦੀ ਪੇਸ਼ਕਸ਼
Publish Date: Fri, 30 Oct 2026 07:11 PM (IST)
Updated Date: Sat, 31 Oct 2026 04:05 AM (IST)
ਫੋਟੋ ਸਮਾਚਾਰ * ਵਪਾਰ ਲਈ ਉਦਯੋਗਿਕ ਈਕੋਸਿਸਟਮ ਦੀ ਪੇਸ਼ਕਸ਼ * ਆਧੁਨਿਕ ਉਦਯੋਗ ਤੇ ਇਨੋਵੇਸ਼ਨ ਕੇਂਦਰ ਵਜੋਂ ਵੀ ਉੱਭਰ ਰਿਹੈ ਪੰਜਾਬ : ਅਰੋੜਾ ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਭਾਰਤ-ਯੂਕੇ ਵਿਆਪਕ ਆਰਥਿਕ ਤੇ ਵਪਾਰਕ ਸਮਝੌਤੇ (ਸੀਈਟੀਏ) ਤਹਿਤ ਜ਼ੀਰੋ-ਡਿਊਟੀ ਦੇ ਲਾਭ ਲਈ ਪੰਜਾਬ ਨੂੰ ਯੂਕੇ ਦੇ ਕਾਰੋਬਾਰਾਂ ਵਾਸਤੇ ਪ੍ਰਮੁੱਖ ਨਿਰਮਾਣ ਅਧਾਰ ਵਜੋਂ ਪੇਸ਼ ਕੀਤਾ ਗਿਆ ਹੈ। ਉਦਯੋਗ ਤੇ ਵਣਜ ਮੰਤਰੀ ਅਮਨ ਅਰੋੜਾ ਨੇ ਇਨਵੈਸਟ ਪੰਜਾਬ ਵਿਖੇ ਚੰਡੀਗੜ੍ਹ ਸਥਿਤ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਐਲਬਾ ਸਮੇਰੀਗਲੋ ਦੀ ਅਗਵਾਈ ਵਾਲੇ ਉੱਚ ਪੱਧਰੀ ਵਫ਼ਦ ਨਾਲ ਰਣਨੀਤਕ ਗੱਲਬਾਤ ਕੀਤੀ। ਮੀਟਿੰਗ ਦੌਰਾਨ ਸੂਬੇ ਦੀ ਨਵੀਂ ਉਦਯੋਗਿਕ ਤੇ ਵਪਾਰ ਵਿਕਾਸ ਨੀਤੀ 2026 ਅਤੇ ਦੁਵੱਲੇ ਵਪਾਰ ਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਬਣਾਏ ਐੱਫ.ਟੀ.ਏ. ਤੇ ਐਕਸਪੋਰਟ ਫੈਸਿਲੀਟੇਸ਼ਨ ਸੈੱਲ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਵਫ਼ਦ ’ਚ ਬ੍ਰਿਟਿਸ਼ ਹਾਈ ਕਮਿਸ਼ਨ ਦੇ ਵਪਾਰ ਬਾਰੇ ਫਸਟ ਸੈਕਟਰੀ ਡਾ. ਨਿਕੋਲਸ ਗ੍ਰੀਬਿਟ ਅਤੇ ਸੀਨੀਅਰ ਵਪਾਰ ਸਲਾਹਕਾਰ ਅਨੂਪ ਨਰਾਇਣ ਵੀ ਸ਼ਾਮਲ ਸਨ। ਅਮਨ ਅਰੋੜਾ ਨੇ ਪੰਜਾਬ ਦੇ ਉਦਯੋਗਾਂ ਨੂੰ ਹੋਰ ਉੱਚਾਈਆਂ ਤੱਕ ਲਿਜਾਣ ਤੇ ਯੂਕੇ ਦੀ ਸਪਲਾਈ ਚੇਨ ਨਾਲ ਜੋੜਨ ਲਈ ਸੂਬੇ ਦੀਆਂ ਤਿਆਰੀਆਂ ਬਾਰੇ ਦੱਸਿਆ। ਗੱਲਬਾਤ ’ਚ ਐਗਰੀ-ਬਿਜ਼ਨਸ, ਫੂਡ ਪ੍ਰੋਸੈਸਿੰਗ, ਇੰਜੀਨੀਅਰਿੰਗ, ਆਟੋ ਕੰਪੋਨੈਂਟ ਤੇ ਉਦਯੋਗ-ਅਧਾਰਿਤ ਹੁਨਰ ਵਿਕਾਸ ਵਰਗੇ ਖੇਤਰਾਂ ’ਤੇ ਧਿਆਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਦੇ ਪ੍ਰਵੇਸ਼ ਦੁਆਰ ਵਜੋਂ ਪੰਜਾਬ ਦੀ ਰਣਨੀਤਕ ਸਥਿਤੀ ਇਸ ਨੂੰ ਯੂਕੇ ਦੇ ਕਾਰੋਬਾਰਾਂ ਲਈ ਢੁਕਵਾਂ ਸਥਾਨ ਬਣਾਉਂਦੀ ਹੈ। ਪੰਜਾਬ ਅੰਨਦਾਤਾ ਹੋਣ ਦੇ ਨਾਲ ਆਧੁਨਿਕ ਉਦਯੋਗ ਅਤੇ ਇਨੋਵੇਸ਼ਨ ਕੇਂਦਰ ਵਜੋਂ ਵੀ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਐਗਰੀ-ਬਿਜ਼ਨਸ ਅਤੇ ਇੰਜੀਨੀਅਰਿੰਗ ਵਿੱਚ ਪੰਜਾਬ ਦੀ ਸਮਰੱਥਾ ਯੂਕੇ ਦੀ ਮੁਹਾਰਤ ਨਾਲ ਮੇਲ ਖਾਂਦੀ ਹੈ। ਭਾਈਵਾਲੀ ਨਾਲ ਉਦਯੋਗਿਕ ਵਿਕਾਸ ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵਧਣਗੇ ਮੰਤਰੀ ਨੇ ਉਦਯੋਗਿਕ ਅਤੇ ਵਪਾਰ ਵਿਕਾਸ ਨੀਤੀ 2026 ਨੂੰ ਨਿਵੇਸ਼ਕਾਂ ਲਈ ਉਦਯੋਗ-ਪੱਖੀ ਈਕੋਸਿਸਟਮ ਬਣਾਉਣ ਦੀ ਪਹਿਲ ਦੱਸਿਆ। ਐੱਫ.ਟੀ.ਏ. ਤੇ ਐਕਸਪੋਰਟ ਫੈਸਿਲੀਟੇਸ਼ਨ ਸੈੱਲ ਕਾਰੋਬਾਰਾਂ ਨੂੰ ਵਪਾਰ ਸਮਝੌਤਿਆਂ ਦਾ ਲਾਭ ਲੈਣ ਤੇ ਪੰਜਾਬ ਦੀ ਨਿਰਯਾਤ ਸਮਰੱਥਾ ਵਧਾਉਣ ’ਚ ਸਹਾਇਤਾ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਸਹੂਲਤ ਯੂਕੇ ਦੇ ਕਾਰੋਬਾਰਾਂ ਲਈ ਪਲੱਗ-ਐਂਡ-ਪਲੇਅ ਈਕੋਸਿਸਟਮ ਮੁਹੱਈਆ ਕਰੇਗੀ ਅਤੇ ਦੁਨੀਆ ਭਰ ਵਿੱਚ ‘ਮੇਕ ਇਨ ਪੰਜਾਬ’ ਨੂੰ ਉਤਸ਼ਾਹਿਤ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਯੂਕੇ ਲਈ ਪਸੰਦੀਦਾ ਨਿਵੇਸ਼ ਸਥਾਨ ਬਣਾਉਣ ਲਈ ਵਚਨਬੱਧ ਹੈ। ਇਸ ਭਾਈਵਾਲੀ ਨਾਲ ਉਦਯੋਗਿਕ ਵਿਕਾਸ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧਣਗੇ। ਬ੍ਰਿਟਿਸ਼ ਵਫ਼ਦ ਨੇ ਪੰਜਾਬ ਦੇ ਹੁਨਰਮੰਦ ਕਾਮਿਆਂ ਅਤੇ ਨਿਰਮਾਣ ਤੇ ਫੂਡ ਪ੍ਰੋਸੈਸਿੰਗ ਦੀਆਂ ਉਦਯੋਗਿਕ ਲੋੜਾਂ ਪੂਰੀਆਂ ਕਰਨ ਦੇ ਯਤਨਾਂ ਵਿੱਚ ਦਿਲਚਸਪੀ ਦਿਖਾਈ। ਉਦਯੋਗ ਅਤੇ ਵਣਜ ਵਿਭਾਗ ਦੇ ਪ੍ਰਬੰਧਕੀ ਸਕੱਤਰ ਡਾ. ਬਸੰਤ ਗਰਗ ਨੇ ਕਿਹਾ ਕਿ ਪੰਜਾਬ ਬਾਜ਼ਾਰ ਤੱਕ ਪਹੁੰਚ, ਲੌਜਿਸਟਿਕਸ ਸੰਪਰਕ ਅਤੇ ਹੁਨਰਮੰਦ ਕਾਰਜਬਲ ਦੀ ਸਹੂਲਤ ਦਿੰਦਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਗੱਲਬਾਤ ਜਾਰੀ ਰੱਖਣਗੀਆਂ ਅਤੇ ਬੀ2ਬੀ ਸੰਪਰਕ ਰਾਹੀਂ ਵਿਚਾਰਾਂ ਨੂੰ ਅਸਲ ਨਿਵੇਸ਼ ਵਿੱਚ ਬਦਲਣ ਦੀ ਕੋਸ਼ਿਸ਼ ਕਰਨਗੀਆਂ।