ਵਿਸ਼੍ਰਾਂਤੀ ਸਿਟੀ 'ਚ ਘਟੀਆ ਨਿਰਮਾਣ ਸਮੱਗਰੀ ਲਗਾਉਣ ਦਾ ਦੋਸ਼, ਲੋਕਾਂ ਨੇ ਰੁਕਵਾਇਆ ਕੰਮ ਵਿਸ਼੍ਰਾਂਤੀ ਸਿਟੀ 'ਚ ਘਟੀਆ ਨਿਰਮਾਣ ਸਮੱਗਰੀ ਲਗਾਉਣ ਦਾ ਦੋਸ਼, ਲੋਕਾਂ ਨੇ ਰੁਕਵਾਇਆ ਕੰਮ
Publish Date: Thu, 24 Sep 2026 09:03 PM (IST)
Updated Date: Thu, 24 Sep 2026 09:06 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਸਥਾਨਕ ਨਗਰ ਕੌਂਸਲ ਵੱਲੋਂ ਵਿਸ਼੍ਰਾਂਤੀ ਸਿਟੀ ਵਿਖੇ ਬਰਸਾਤੀ ਪਾਣੀ ਦੀਆਂ ਪਾਈਪਾਂ ਪਾਉਣ ਅਤੇ ਸੜਕ ਨਿਰਮਾਣ ਦਾ ਕੰਮ ਕਰਵਾਇਆ ਜਾ ਰਿਹਾ ਹੈ। ਇਸ ਵਿਕਾਸ ਕਾਰਜ ਦੀ ਗੁਣਵੱਤਾ ਨੂੰ ਲੈ ਕੇ ਸਥਾਨਕ ਨਿਵਾਸੀਆਂ ਨੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕੰਮ ਬੰਦ ਕਰਵਾ ਦਿੱਤਾ। ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਦੇ ਜੇਈ, ਐੱਸਡੀਓ ਅਤੇ ਹੋਰ ਸਬੰਧਤ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਕੇ ਵਰਤੀ ਜਾ ਰਹੀ ਸਮੱਗਰੀ ਅਤੇ ਪਾਈਪਾਂ ਦੀ ਮਿਆਰੀ ਗੁਣਵੱਤਾ ਦੀ ਜਾਂਚ ਕਰਨ। ਮੌਕੇ ਤੇ ਮੌਜੂਦ ਸਥਾਨਕ ਨਿਵਾਸੀ ਬਰਿੰਦਰ ਸਿੰਘ, ਰਾਜਿੰਦਰ ਸ਼ਰਮਾ ਅਤੇ ਹੋਰਨਾਂ ਨੇ ਦੋਸ਼ ਲਾਇਆ ਕਿ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਆਂ ਜਾ ਰਹੀਆਂ ਪਾਈਪਾਂ ਬੇਹੱਦ ਘਟੀਆ ਪੱਧਰ ਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਈਪਾਂ ਤੇ ਆਮ ਭਾਰ ਪੈਣ ਨਾਲ ਵੀ ਇਨ੍ਹਾਂ ਦੇ ਨੁਕਸਾਨੇ ਜਾਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਲੋਕਾਂ ਨੇ ਮੌਕੇ ਤੇ ਹੀ ਇਕ ਤਰੇੜਾਂ ਵਾਲੀ ਪਾਈਪ ਵੱਲ ਧਿਆਨ ਦਿਵਾਉਂਦਿਆਂ ਦਾਅਵਾ ਕੀਤਾ ਕਿ ਕੁਝ ਪਾਈਪਾਂ ਪਹਿਲਾਂ ਹੀ ਟੁੱਟ ਚੁੱਕੀਆਂ ਹਨ। ਨਿਵਾਸੀਆਂ ਨੇ ਇਹ ਵੀ ਦੋਸ਼ ਲਾਇਆ ਕਿ ਕੰਮ ਦੌਰਾਨ ਕਈ ਘਰਾਂ ਦੇ ਨਿੱਜੀ ਸੀਵਰੇਜ ਕੁਨੈਕਸ਼ਨ ਨੁਕਸਾਨੇ ਗਏ ਹਨ, ਜਿਨ੍ਹਾਂ ਦੀ ਮੁਰੰਮਤ ਅਜੇ ਤੱਕ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਬਰਸਾਤੀ ਪਾਣੀ ਨੂੰ ਸੀਵਰੇਜ ਲਾਈਨ ਵਿਚ ਜੋੜਨ ਤੇ ਵੀ ਇਤਰਾਜ਼ ਜਤਾਇਆ ਗਿਆ, ਜਿਸ ਨਾਲ ਭਵਿੱਖ ਵਿਚ ਸੀਵਰੇਜ ਜਾਮ ਹੋਣ ਦਾ ਵੱਡਾ ਖ਼ਤਰਾ ਹੈ। ਇਸ ਦੇ ਨਾਲ ਹੀ ਸੜਕ ਨਿਰਮਾਣ ਵਿਚ ਲਗਾਈਆਂ ਜਾ ਰਹੀਆਂ ਇੰਟਰਲਾਕਿੰਗ ਟਾਈਲਾਂ ਦੀ ਮੋਟਾਈ, ਗੁਣਵੱਤਾ ਅਤੇ ਸੜਕ ਦੀ ਢਲਾਨ ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ। ਪ੍ਰਦਰਸ਼ਨ ਤੋਂ ਬਾਅਦ ਕੰਮ ਰੋਕ ਦਿੱਤਾ ਗਿਆ ਹੈ ਅਤੇ ਖ਼ਬਰ ਲਿਖੇ ਜਾਣ ਤੱਕ ਕੋਈ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਸੀ। ਕੋਟਸ : ਇਹ ਕੰਮ ਲੋਕਾਂ ਦੀ ਭਲਾਈ ਲਈ ਕਰਵਾਇਆ ਜਾ ਰਿਹਾ ਹੈ। ਜੇਕਰ ਲੋਕਾਂ ਨੂੰ ਸਮੱਗਰੀ ਪਸੰਦ ਨਹੀਂ ਆ ਰਹੀ ਤਾਂ ਉਸ ਨੂੰ ਬਦਲ ਦਿੱਤਾ ਜਾਵੇਗਾ। ਮੈਂ ਇੰਟਰਲਾਕਿੰਗ ਟਾਈਲਾਂ ਦੀ ਵੀ ਜਾਂਚ ਕਰਵਾ ਲੈਂਦਾ ਹਾਂ। ਹਾਲਾਂਕਿ ਸਾਡੇ ਕੋਲ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ, ਫਿਰ ਵੀ ਮੈਂ ਤੁਰੰਤ ਅਧਿਕਾਰੀਆਂ ਨੂੰ ਮੌਕਾ ਦੇਖਣ ਲਈ ਭੇਜ ਰਿਹਾ ਹਾਂ। ਲੋਕਾਂ ਦਾ ਪੈਸਾ ਲੋਕਾਂ ਦੀ ਸਹੂਲਤ ਲਈ ਹੀ ਵਰਤਿਆ ਜਾਵੇਗਾ ਅਤੇ ਕੰਮ ਲੋਕਾਂ ਦੀ ਸਹਿਮਤੀ ਮੁਤਾਬਕ ਹੀ ਹੋਵੇਗਾ। ਗੁਰਪ੍ਰੀਤ ਸਿੰਘ, ਪ੍ਰਧਾਨ ਨਗਰ ਕੌਂਸਲ ਜ਼ੀਰਕਪੁਰ।