ਮੰਦਰ ’ਚ ਲੱਖਾਂ ਦੀ ਚੋਰੀ ਵਿਰੁੱਧ ਸਮੂਹ ਪਾਰਟੀਆਂ ਸੜਕਾਂ ’ਤੇ ਉਤਰੀਆਂ ਮੰਦਰ ’ਚ ਲੱਖਾਂ ਦੀ ਚੋਰੀ ਵਿਰੁੱਧ ਸਮੂਹ ਪਾਰਟੀਆਂ ਸੜਕਾਂ ’ਤੇ ਉਤਰੀਆਂ,
Publish Date: Thu, 29 Oct 2026 08:22 PM (IST)
Updated Date: Thu, 29 Oct 2026 08:25 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਮੁਬਾਰਕਪੁਰ ਸਥਿਤ ਸੀਤਾ ਗਊਸ਼ਾਲਾ ਦੇ ਰਾਧਾ-ਕ੍ਰਿਸ਼ਨ ਮੰਦਰ ਵਿਚ ਲੱਖਾਂ ਰੁਪਏ ਦੇ ਕੀਮਤੀ ਸਾਮਾਨ ਦੀ ਚੋਰੀ ਹੋਣ ਦੇ ਮਾਮਲੇ ਵਿਚ 36 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੋਈ ਠੋਸ ਸੁਰਾਗ ਨਹੀਂ ਲੱਗਾ ਹੈ। ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਨਾਰਾਜ਼ ਵੱਖ-ਵੱਖ ਸਿਆਸੀ ਪਾਰਟੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸ਼ਰਧਾਲੂਆਂ ਨੇ ਡੀਐੱਸਪੀ ਦਫ਼ਤਰ ਮੁਬਾਰਕਪੁਰ ਦੇ ਬਾਹਰ ਧਰਨਾ ਦਿੱਤਾ। ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਅਤੇ ਚੋਰੀ ਹੋਇਆ ਸਾਮਾਨ ਬਰਾਮਦ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਭੁੱਖ ਹੜਤਾਲ ਵੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਬਾਅਦ ਵਿਚ ਪੁਲਿਸ ਅਧਿਕਾਰੀਆਂ ਵੱਲੋਂ ਜਲਦੀ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਭਾਜਪਾ ਆਗੂ ਗੁਰਦਰਸ਼ਨ ਸਿੰਘ ਸੈਣੀ, ਮਨਪ੍ਰੀਤ ਸਿੰਘ ਬੰਨੀ ਸੰਧੂ, ਕਾਂਗਰਸੀ ਆਗੂ ਉਦੈਵੀਰ ਸਿੰਘ ਢਿੱਲੋਂ ਸਮੇਤ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ। 20 ਦਿਨਾਂ ’ਚ ਚੋਰੀ ਦੀ ਦੂਜੀ ਘਟਨਾ : ਮੁਬਾਰਕਪੁਰ ਵਿਖੇ ਸਥਿਤ ਰਾਧਾ ਕ੍ਰਿਸ਼ਨ ਮੰਦਰ ਦੇ ਸੰਸਥਾਪਕ ਕੇਵਲ ਗਰਗ ਨੇ ਦੱਸਿਆ ਕਿ ਪਿਛਲੇ 20 ਦਿਨਾਂ ਦੌਰਾਨ ਮੰਦਰ ਵਿਚ ਚੋਰੀ ਦੀ ਇਹ ਦੂਜੀ ਘਟਨਾ ਵਾਪਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲੀ ਚੋਰੀ ਦੇ ਮਾਮਲੇ ਵਿਚ ਵੀ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਸੀਸੀਟੀਵੀ ਫੁਟੇਜ ਅਨੁਸਾਰ ਚੋਰ ਰਾਤ ਕਰੀਬ ਇਕ ਵਜੇ ਮੰਦਰ ਵਿਚ ਦਾਖ਼ਲ ਹੋਏ ਅਤੇ ਕੀਮਤੀ ਸਾਮਾਨ ਚੋਰੀ ਕਰ ਕੇ ਫ਼ਰਾਰ ਹੋ ਗਏ। ਚੋਰ ਮੰਦਰ ਵਿਚੋਂ ਦਾਨ ਪਾਤਰ, ਚਾਂਦੀ ਦੇ 2 ਮੁਕਟ, ਗਊ ਮਾਤਾ ਦੀਆਂ 2 ਚਾਂਦੀ ਦੀਆਂ ਮੂਰਤੀਆਂ, ਗੋਪਾਲ ਜੀ ਦੇ 2 ਸਰੂਪ, ਚਾਂਦੀ ਦੀ ਬੰਸਰੀ ਅਤੇ 2 ਚਾਂਦੀ ਦੇ ਗਿਲਾਸ, ਆਰਤੀ ਦੀ ਥਾਲੀ, ਘੰਟੀ ਅਤੇ ਹੋਰ ਪੂਜਾ ਸਮੱਗਰੀ, ਪਿੱਤਲ ਦੇ ਵੱਡੇ ਘੰਟੇ ਚੋਰੀ ਕਰ ਕੇ ਫ਼ਰਾਰ ਹੋ ਗਏ। ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਨੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਕੇ ਚੋਰੀ ਦਾ ਸਾਮਾਨ ਬਰਾਮਦ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਮੁਬਾਰਕਪੁਰ ਚੌਕੀ ਇੰਚਾਰਜ ਸਬ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੰਦਰ ਦੇ ਪੁਜਾਰੀ ਬਲਰਾਮ ਸ਼ਰਮਾ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਵੱਖ-ਵੱਖ ਟੀਮਾਂ ਗਠਿਤ ਕਰ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।