ਅਕਾਲੀ ਆਗੂ ਨੇ ਪਿੰਡ ਮੋਟੇਮਾਜਰਾ ਲਿੰਕ ਸੜਕ ਦੀ ਖ਼ਸਤਾ ਹਾਲਤ ’ਤੇ ਚੁੱਕੇ ਸਵਾਲ ਅਕਾਲੀ ਆਗੂ ਨੇ ਪਿੰਡ ਮੋਟੇਮਾਜਰਾ ਲਿੰਕ ਸੜਕ ਦੀ ਖ਼ਸਤਾ ਹਾਲਤ ’ਤੇ ਚੁੱਕੇ ਸਵਾਲ
Publish Date: Thu, 29 Oct 2026 06:35 PM (IST)
Updated Date: Thu, 29 Oct 2026 06:37 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਮੁਹਾਲੀ ਨੇੜਲੇ ਪਿੰਡਾਂ ਦੀਆਂ ਲਿੰਕ ਸੜਕਾਂ ਦੀ ਖ਼ਸਤਾ ਹਾਲਤ ਕਾਰਨ ਇਲਾਕੇ ਦੇ ਲੋਕਾਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦੇ ਸੀਜ਼ਨ ਦੇ ਚੱਲਦਿਆਂ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਪੁੱਜਦੀ ਕਰਨ ਦੇ ਰਾਹ ਵਿਚ ਵੀ ਕਾਫ਼ੀ ਦਿੱਕਤਾਂ ਹਨ। ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਅਤੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਪਿੰਡ ਮੋਟੇ ਮਾਜਰਾ ਨੂੰ ਲਾਂਡਰਾਂ-ਬਨੂੜ ਮੁੱਖ ਮਾਰਗ ਨਾਲ ਜੋੜਨ ਵਾਲੀ ਸੜਕ ਦੀ ਬਦਤਰ ਹਾਲਤ ਦੇ ਮੁੱਦੇ ’ਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਚੁੱਕੇ ਹਨ। ਅਕਾਲੀ ਆਗੂ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ‘ਮੇਰਾ ਹਲਕਾ-ਮੇਰਾ ਪਰਿਵਾਰ’ ਮੁਹਿੰਮ ਦੇ ਤਹਿਤ ਉਹ ਰੋਜ਼ਾਨਾ ਵੱਖਵੱਖ ਪਿੰਡਾਂ ਵਿਚ ਜਾ ਕੇ ਲੋਕਾਂ ਦੇ ਰੂਬਰੂ ਹੋ ਰਹੇ ਹਨ। ਇਸ ਦੌਰਾਨ ਜ਼ਿਆਦਾਤਰ ਪਿੰਡਾਂ ਦੇ ਲੋਕ ਟੁੱਟੀਆਂ ਸੜਕਾਂ ਅਤੇ ਅਧੂਰੇ ਵਿਕਾਸ ਅਤੇ ਪੱਖਪਾਤ ਦੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਿਕਾਸ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਅਸਲੀਅਤ ਸਭ ਦੇ ਸਾਹਮਣੇ ਆ ਚੁੱਕੀ ਹੈ। ਪਰਵਿੰਦਰ ਸੋਹਾਣਾ ਨੇ ਦੱਸਿਆ ਕਿ ਪਿੰਡ ਮੋਟੇਮਾਜਰਾ ਦੇ ਵਸਨੀਕਾਂ ਨੂੰ ਰੋਜ਼ਾਨਾ ਇਸ ਟੁੱਟੀ-ਭੱਜੀ ਸੜਕ ਤੋਂ ਲੰਘਣ ਲਈ ਭਾਰੀ ਮੁਸ਼ਕਿਲਾਂ ਅਤੇ ਆਵਾਜਾਈ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਚ ਖੱਡਿਆਂ ਕਾਰਨ ਜਿੱਥੇ ਵਾਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉੱਥੇ ਹਰ ਸਮੇਂ ਅਣਹੋਣੀ ਅਤੇ ਸੜਕ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਲਿੰਗ ਸੜਕਾਂ ਦੀ ਮੁਰੰਮਤ ਕਰਨ ਲਈ ਸਰਕਾਰ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਅਕਾਲੀ ਆਗੂ ਨੇ ਮੌਜੂਦਾ ਵਿਧਾਇਕ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇਲਾਕੇ ਦੇ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮੋਟੇਮਾਜਰਾ ਸੜਕ ਦਾ ਤੁਰੰਤ ਜਾਇਜ਼ਾ ਲਿਆ ਜਾਵੇ ਅਤੇ ਲੋਕਾਂ ਨੂੰ ਰਾਹਤ ਦਿਵਾਉਣ ਲਈ ਸੜਕ ਦੇ ਨਵੀਨੀਕਰਨ ਤੇ ਮੁਰੰਮਤ ਦਾ ਕੰਮ ਪਹਿਲ ਦੇ ਆਧਾਰ ’ਤੇ ਸ਼ੁਰੂ ਕਰਵਾਇਆ ਜਾਵੇ। ਇਸ ਮੌਕੇ ਰਜਿੰਦਰ ਸਿੰਘ, ਪੰਚ ਸ਼ਮਸ਼ੇਰ ਸਿੰਘ, ਸ਼ਮਸ਼ੇਰ ਸਿੰਘ ਗੋਗਾ, ਛੱਜੂ ਸਿੰਘ, ਬਲਵਿੰਦਰ ਸਿੰਘ ਮੋਟੇਮਾਜਰਾ ਸਮੇਤ ਹੋਰ ਪਤਵੰਤੇ ਹਾਜ਼ਰ ਸਨ।