ਅਕਾਲੀ ਆਗੂ ਬਲਜੀਤ ਸਿੰਘ ਭਾਂਖਰਪੁਰ ਘਰ ’ਚ ਨਜ਼ਰਬੰਦ, ਪੰਜਾਬ ਬੰਦ ਤੋਂ ਰੋਕਣ ਦਾ ਦੋਸ਼ ਅਕਾਲੀ ਆਗੂ ਬਲਜੀਤ ਸਿੰਘ ਭਾਂਖਰਪੁਰ ਘਰ ’ਚ ਨਜ਼ਰਬੰਦ, ਪੰਜਾਬ ਬੰਦ ਤੋਂ ਰੋਕਣ ਦਾ ਦੋਸ਼
Publish Date: Wed, 14 Oct 2026 07:24 PM (IST)
Updated Date: Wed, 14 Oct 2026 07:27 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਪੰਜਾਬ ਵਿਚ ਅੱਜ ਪੰਜਾਬ ਬੰਦ ਦੇ ਸੱਦੇ ਅਤੇ ਪਰਵਿੰਦਰ ਸਿੰਘ ਝੋਟਾ ਕਤਲ ਕੇਸ ਨੂੰ ਲੈ ਕੇ ਸਿਆਸੀ ਸਰਗਰਮੀਆਂ ਸਿਖ਼ਰਾਂ ’ਤੇ ਪਹੁੰਚ ਗਈਆਂ ਹਨ। ਤਾਜ਼ਾ ਘਟਨਾਕ੍ਰਮ ਤਹਿਤ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਜ਼ਿਲ੍ਹਾ ਮੁਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਸੀਨੀਅਰ ਆਗੂ ਬਲਜੀਤ ਸਿੰਘ ਭਾਂਖਰਪੁਰ ਨੂੰ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਦੇ ਇਸ਼ਾਰੇ ’ਤੇ ਪੁਲਿਸ ਵੱਲੋਂ ਤੰਗ-ਪਰੇਸ਼ਾਨ ਕੀਤੇ ਜਾਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਤੜਕੇ ਹੀ ਪੰਜਾਬ ਪੁਲਿਸ ਦੀ ਟੁਕੜੀ ਪਿੰਡ ਭਾਂਖਰਪੁਰ ਸਥਿਤ ਬਲਜੀਤ ਸਿੰਘ ਭਾਂਖਰਪੁਰ ਦੇ ਘਰ ਪਹੁੰਚ ਗਈ। ਪੁਲਿਸ ਨੇ ਉਨ੍ਹਾਂ ਨੂੰ ਮਾਨਸਾ ਜਾਣ ਅਤੇ ਸੂਬਾ ਪੱਧਰੀ ‘ਪੰਜਾਬ ਬੰਦ’ ਦੇ ਸੱਦੇ ਵਿਚ ਸਹਿਯੋਗ ਦੇਣ ਤੋਂ ਰੋਕਣ ਲਈ ਸਖ਼ਤ ਦਬਾਅ ਬਣਾਇਆ। ਦੋਸ਼ ਹੈ ਕਿ ਪੁਲਿਸ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਥਾਣੇ ਆਉਣ ਲਈ ਕਿਹਾ ਅਤੇ ਘਰ ਵਿਚ ਹੀ ਨਜ਼ਰਬੰਦ ਕਰਨ ਦੀਆਂ ਧਮਕੀਆਂ ਦਿੱਤੀਆਂ ਤਾਂ ਜੋ ਉਹ ਕਿਸੇ ਵੀ ਕਿਸਮ ਦੇ ਵਿਰੋਧ ਪ੍ਰਦਰਸ਼ਨ ਜਾਂ ਮਾਨਸਾ ਵਿਚ ਹੋਣ ਵਾਲੇ ਸਮਾਗਮ ’ਚ ਹਿੱਸਾ ਨਾ ਲੈ ਸਕਣ। ਬਲਜੀਤ ਸਿੰਘ ਭਾਂਖਰਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਵੇਰੇ ਹੀ ਪੁਲਿਸ ਨੂੰ ਉਸ ਦੇ ਘਰ ਪਿੰਡ ਭਾਂਖਰਪੁਰ ਵਿਖੇ ਭੇਜਿਆ ਗਿਆ ਅਤੇ ਪੁਲਿਸ ਸਟੇਸ਼ਨ ਬੁਲਾਇਆ ਗਿਆ। ਪੁਲਿਸ ਨੇ ਉਨ੍ਹਾਂ ਨੂੰ ਮਾਨਸਾ ਜਾਣ ਤੋਂ ਰੋਕਿਆ ਗਿਆ ਅਤੇ ਪੰਜਾਬ ਬੰਦ ਦੀ ਕਾਲ ਵਿਚ ਸਹਿਯੋਗ ਨਾ ਦੇਣ ਲਈ ਵੀ ਕਿਹਾ ਗਿਆ ਅਤੇ ਖ਼ਾਸ ਕਰਕੇ ਉਨ੍ਹਾਂ ਨੂੰ ਇਹ ਕਿਹਾ ਗਿਆ ਕਿ ਉਹ ਘਰ ਵਿਚ ਹੀ ਰਹਿਣ ਅਤੇ ਪੁਲਿਸ ਅੱਜ ਵੀ ਉਨ੍ਹਾਂ ਨੂੰ ਬੁਲਾ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਬੰਦ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਜਿੰਨੀ ਮਰਜ਼ੀ ਤਾਕਤ ਵਰਤ ਲਵੇ, ਹੱਕ ਅਤੇ ਸੱਚ ਦੀ ਆਵਾਜ਼ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ। ਪੰਜਾਬ ਦੇ ਲੋਕ ਮੌਜੂਦਾ ਸਰਕਾਰ ਦੀਆਂ ਇਨ੍ਹਾਂ ਧੱਕੇਸ਼ਾਹੀਆਂ ਦਾ ਮੂੰਹ ਤੋੜ ਜਵਾਬ ਦੇਣਗੇ।