ਮੋਗਾ ਤੋਂ 26 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਤੇ CM ਮਾਨ ਫੂਕਣਗੇ ਚੋਣ ਬਿਗੁਲ, ਮਹਿਲਾਵਾਂ ਤੇ ਨੌਜਵਾਨਾਂ ਲਈ ਹੋ ਸਕਦੇ ਹਨ ਐਲਾਨ; ਹੁਣ ਤੱਕ 71 ਉਮੀਦਵਾਰ ਐਲਾਨੇ
ਪੰਜਾਬ ਵਿਧਾਨ ਸਭਾ ਚੋਣਾਂ-2027 ਲਈ ਆਮ ਆਦਮੀ ਪਾਰਟੀ (ਆਪ) 26 ਨਵੰਬਰ ਨੂੰ ਮੋਗਾ ਤੋਂ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰੇਗੀ। ਪਾਰਟੀ ਦੇ 14ਵੇਂ ਸਥਾਪਨਾ ਦਿਵਸ ਅਤੇ ਸੰਵਿਧਾਨ ਦਿਵਸ ਮੌਕੇ ਹੋਣ ਵਾਲੀ ਰੈਲੀ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮੰਚ ’ਤੇ ਨਜ਼ਰ ਆਉਣਗੇ। ਇਸ ਰੈਲੀ ਰਾਹੀਂ ਪਾਰਟੀ ਅਗਲੇ ਪੰਜ ਸਾਲਾਂ ਲਈ ਪੰਜਾਬ ਦਾ ਦ੍ਰਿਸ਼ਟੀਕੋਣ ਅਤੇ ਚੋਣ ਰਣਨੀਤੀ ਲੋਕਾਂ ਸਾਹਮਣੇ ਰੱਖੇਗੀ। ਇਸ ਮੌਕੇ ਵੱਡੇ ਐਲਾਨ ਵੀ ਕੀਤੇ ਜਾ ਸਕਦੇ ਹਨ।
Publish Date: Tue, 17 Nov 2026 09:31 AM (IST)
Updated Date: Tue, 17 Nov 2026 09:32 AM (IST)
ਸਟੇਟ ਬਿਊਰੋ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ-2027 ਲਈ ਆਮ ਆਦਮੀ ਪਾਰਟੀ (ਆਪ) 26 ਨਵੰਬਰ ਨੂੰ ਮੋਗਾ ਤੋਂ ਆਪਣੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰੇਗੀ। ਪਾਰਟੀ ਦੇ 14ਵੇਂ ਸਥਾਪਨਾ ਦਿਵਸ ਅਤੇ ਸੰਵਿਧਾਨ ਦਿਵਸ ਮੌਕੇ ਹੋਣ ਵਾਲੀ ਰੈਲੀ ਵਿੱਚ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਕ ਮੰਚ ’ਤੇ ਨਜ਼ਰ ਆਉਣਗੇ। ਇਸ ਰੈਲੀ ਰਾਹੀਂ ਪਾਰਟੀ ਅਗਲੇ ਪੰਜ ਸਾਲਾਂ ਲਈ ਪੰਜਾਬ ਦਾ ਦ੍ਰਿਸ਼ਟੀਕੋਣ ਅਤੇ ਚੋਣ ਰਣਨੀਤੀ ਲੋਕਾਂ ਸਾਹਮਣੇ ਰੱਖੇਗੀ। ਇਸ ਮੌਕੇ ਵੱਡੇ ਐਲਾਨ ਵੀ ਕੀਤੇ ਜਾ ਸਕਦੇ ਹਨ।
‘ਆਪ’ ਹੁਣ ਤੱਕ ਵਿਧਾਨ ਸਭਾ ਚੋਣਾਂ ਲਈ 71 ਉਮੀਦਵਾਰਾਂ ਦੇ ਨਾਂ ਐਲਾਨ ਚੁੱਕੀ ਹੈ। ਰੈਲੀ ਤੋਂ ਪਹਿਲਾਂ ਉਮੀਦਵਾਰਾਂ ਦੀ ਇਕ ਹੋਰ ਸੂਚੀ ਜਾਰੀ ਹੋਣ ਦੀ ਸੰਭਾਵਨਾ ਹੈ। ਇਸ ਲਈ ਮੋਗਾ ਦਾ ਇਹ ਸਮਾਗਮ ਸਿਰਫ਼ ਸਥਾਪਨਾ ਦਿਵਸ ਤੱਕ ਸੀਮਤ ਨਹੀਂ, ਸਗੋਂ ਚੋਣ ਮੁਹਿੰਮ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਵਿੱਚ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੇ ਨਾਲ ਪੰਜਾਬ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਦੀ ਵੱਡੀ ਸ਼ਮੂਲੀਅਤ ਹੋ ਸਕਦੀ ਹੈ।
ਪੰਜਾਬ ਦੀ ਸਿਆਸਤ ’ਚ ਮੁੜ ਸਰਗਰਮ ਹੋਣਗੇ ਕੇਜਰੀਵਾਲ ਰੈਲੀ ਵਿੱਚ ਕੇਜਰੀਵਾਲ ਦੀ ਮੌਜੂਦਗੀ ਨੂੰ ਸਿਆਸੀ ਪੱਖੋਂ ਅਹਿਮ ਮੰਨਿਆ ਜਾ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਵਿੱਚ ਉਨ੍ਹਾਂ ਦੀ ਭੂਮਿਕਾ ਮੁਕਾਬਲਤਨ ਘੱਟ ਰਹੀ ਹੈ। ਇਸ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸੂਬਾ ਪ੍ਰਧਾਨ ਅਮਨ ਅਰੋੜਾ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਸੂਬੇ ਦੇ ਸੀਨੀਅਰ ਆਗੂ ਪਾਰਟੀ ਦੀਆਂ ਸਰਗਰਮੀਆਂ ਅਤੇ ਸੰਦੇਸ਼ ਨੂੰ ਅੱਗੇ ਵਧਾਉਂਦੇ ਰਹੇ ਹਨ। ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਵੀ ਮੁੱਖ ਮੰਤਰੀ ਮਾਨ ਵੱਲੋਂ ਕੀਤਾ ਗਿਆ। ਮੋਗਾ ਰੈਲੀ ਵਿੱਚ ਕੇਜਰੀਵਾਲ ਦੀ ਸ਼ਮੂਲੀਅਤ ਨਾਲ ਇਹ ਸੰਕੇਤ ਮਿਲੇਗਾ ਕਿ ਪੰਜਾਬ ਦੀਆਂ ਚੋਣਾਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੀ ਤਰਜੀਹ ਵਿੱਚ ਹਨ।
ਮਹਿਲਾਵਾਂ ਤੇ ਨੌਜਵਾਨਾਂ ’ਤੇ ਰਹੇਗਾ ਖ਼ਾਸ ਧਿਆਨ ਰੈਲੀ ਵਿੱਚ ‘ਆਪ’ ਸਰਕਾਰ ਆਪਣੇ ਲਗਪਗ 56 ਮਹੀਨਿਆਂ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਪੇਸ਼ ਕਰ ਸਕਦੀ ਹੈ। ਚੋਣ ਰਣਨੀਤੀ ਵਿੱਚ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਵੱਡਾ ਐਲਾਨ ਹੋ ਸਕਦਾ ਹੈ। ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਨੌਜਵਾਨਾਂ ਲਈ ਸਰਕਾਰ ਵੱਲੋਂ ਕੀਤੇ ਯਤਨਾਂ ਨੂੰ ਵੀ ਪ੍ਰਮੁੱਖਤਾ ਨਾਲ ਪੇਸ਼ ਕੀਤਾ ਜਾਵੇਗਾ।
ਸਰਕਾਰ ਨਹਿਰੀ ਸਿੰਜਾਈ ਦਾ ਦਾਇਰਾ ਵਧਾਉਣ, ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਅਤੇ 300 ਯੂਨਿਟ ਮੁਫ਼ਤ ਬਿਜਲੀ ਨੂੰ ਆਪਣੀਆਂ ਪ੍ਰਾਪਤੀਆਂ ਵਜੋਂ ਗਿਣਵਾ ਸਕਦੀ ਹੈ। ਸਿਹਤ ਖੇਤਰ ਵਿੱਚ ਆਮ ਆਦਮੀ ਕਲੀਨਿਕਾਂ ਦਾ ਨੈੱਟਵਰਕ, ਸਰਕਾਰੀ ਹਸਪਤਾਲਾਂ ਦਾ ਅਪਗ੍ਰੇਡੇਸ਼ਨ, ਮੁਫ਼ਤ ਦਵਾਈਆਂ ਤੇ ਜਾਂਚ ਸਹੂਲਤਾਂ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਦਾ ਵੀ ਪ੍ਰਚਾਰ ਕੀਤਾ ਜਾ ਸਕਦਾ ਹੈ। ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਅਤੇ ਰੁਜ਼ਗਾਰ ਸਿਰਜਣਾ ਵੀ ਚੋਣ ਮੁਹਿੰਮ ਦੇ ਮੁੱਖ ਮੁੱਦਿਆਂ ਵਿੱਚ ਸ਼ਾਮਲ ਹੋ ਸਕਦੇ ਹਨ।
ਮੋਗਾ ਦਾ ਸਿਆਸੀ ਇਤਿਹਾਸ ਵੀ ਅਹਿਮ ਮੋਗਾ ਪੰਜਾਬ ਵਿੱਚ ਵੱਡੀਆਂ ਚੋਣ ਰੈਲੀਆਂ ਲਈ ਜਾਣਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ 1996, 2006 ਅਤੇ 2011 ਵਿੱਚ ਆਪਣੀਆਂ ਚੋਣ ਮੁਹਿੰਮਾਂ ਦੀ ਸ਼ੁਰੂਆਤ ਇੱਥੋਂ ਕੀਤੀ ਸੀ। ਇਸ ਤੋਂ ਬਾਅਦ ਪਾਰਟੀ ਨੇ ਕ੍ਰਮਵਾਰ 1997, 2007 ਅਤੇ 2012 ਵਿੱਚ ਸੱਤਾ ਹਾਸਲ ਕੀਤੀ। ਇਸੇ ਕਾਰਨ ਮੋਗਾ ਨੂੰ ਅਕਾਲੀ ਦਲ ਲਈ ਸਿਆਸੀ ਪੱਖੋਂ ਸ਼ੁਭ ਮੰਨਿਆ ਜਾਂਦਾ ਰਿਹਾ ਹੈ।
‘ਆਪ’ ਵੀ ਮੋਗਾ ਵਿੱਚ ਵੱਡੇ ਸਮਾਗਮ ਕਰਦੀ ਰਹੀ ਹੈ। ਇਸੇ ਸਾਲ ਸਤੰਬਰ ਵਿੱਚ ਕੇਜਰੀਵਾਲ ਨੇ ਜ਼ਿਲ੍ਹੇ ਦੇ ਬਾਘਾਪੁਰਾਣਾ ਵਿੱਚ ਰੈਲੀ ਕਰਕੇ ਕਿਸਾਨਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਸੀ। 26 ਨਵੰਬਰ ਦੀ ਰੈਲੀ ਰਾਹੀਂ ਪਾਰਟੀ ਇਕ ਵਾਰ ਫਿਰ ਮੋਗਾ ਤੋਂ ਪੰਜਾਬ ਵਿੱਚ ਚੋਣ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰੇਗੀ।