ਕਣਕ ਦੇ ਦਾਣੇ ਭਰਨ ਸਮੇਂ 2 ਫ਼ੀਸਦੀ ਛਿੜਕਾਅ ਕਰਨ ਦੀ ਸਲਾਹ : ਡਾ. ਬਾਜਵਾ
ਕਣਕ ਦੇ ਦਾਣੇ ਭਰਨ ਸਮੇਂ ਪੋਟਾਸ਼ੀਅਮ ਨਾਈਟਰੇਟ ਦੇ ਛਿੜਕਾਅ ਕਰਨ ਦੀ ਸਲਾਹ : ਡਾ. ਬਾਜਵਾ
Publish Date: Mon, 23 Feb 2026 05:53 PM (IST)
Updated Date: Mon, 23 Feb 2026 05:55 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਚ ਲਗਭਗ 50 ਹਜ਼ਾਰ ਹੈੱਕਟੇਅਰ ਰਕਬੇ ’ਤੇ ਕਣਕ ਦੀ ਫ਼ਸਲ ਦੀ ਕਾਸ਼ਤ ਕੀਤੀ ਜਾਂਦੀ ਹੈ। ਕਣਕ ਦੀ ਫ਼ਸਲ ਦਾ ਚੰਗਾ ਝਾੜ ਅਨਾਜ ਦੇ ਉਤਪਾਦਨ ਵਿਚ ਵਾਧਾ ਕਰਦਾ ਹੈ ਅਤੇ ਕਿਸਾਨ ਦੀ ਆਰਥਿਕ ਹਾਲਤ ਸੁਧਾਰ ਕੇ ਕਿਸਾਨੀ ਜੀਵਨ ਵਿਚ ਖੁਸ਼ਹਾਲੀ ਲਿਆਉਂਦਾ ਹੈ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿਚ ਵਾਧਾ ਵੇਖਣ ਨੂੰ ਆਇਆ ਹੈ ਅਤੇ ਕਣਕ ਦੇ ਦਾਣੇ ਭਰਨ ਸਮੇਂ ਵੱਧ ਰਹੇ ਤਾਪਮਾਨ ਤੋਂ ਬਚਾਉਣ ਲਈ ਅਤੇ ਝਾੜ ਵਧਾਉਣ ਲਈ ਯੋਗ ਕੋਸ਼ਿਸ਼ ਕਰਨ ਸਬੰਧੀ ਜਾਗਰੂਕਤਾ ਦੇ ਮੱਦੇਨਜ਼ਰ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਖਜਿੰਦਰ ਸਿੰਘ ਬਾਜਵਾ ਐੱਸਏਐੱਸ ਨਗਰ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੇ ਦਾਣੇ ਭਰਨ ਸਮੇਂ ਵੱਧ ਤਾਪਮਾਨ ਦੇ ਬਚਾਅ ਅਤੇ ਵੱਧ ਝਾੜ ਲੈਣ ਲਈ ਦੋ ਫ਼ੀਸਦੀ ਪੋਟਾਸ਼ੀਅਮ ਨਾਈਟਰੇਟ ਦੇ ਦੋ ਛਿੜਕਾਅ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋ ਫ਼ੀਸਦੀ ਪੋਟਾਸ਼ੀਅਮ ਨਾਈਟਰੇਟ (13:00:45) ਭਾਵ 4 ਕਿਲੋ ਪੋਟਾਸ਼ੀਅਤ ਨਾਈਟਰੇਟ ਨੂੰ 200 ਲਿਟਰ ਪਾਣੀ ਵਿਚ ਘੋਲ ਕਿ ਇਕ ਸਪਰੇਅ ਕਣਕ ਦਾ ਗੋਬ ਵਾਲਾ ਪੱਤਾ ਨਿਕਲਣ ਤੇ ਦੂਜਾ ਸਪਰੇਅ ਬੂਰ ਪੈਣ ਸਮੇਂ ਕਰਨਾ ਚਾਹੀਦਾ ਹੈ, ਜਿਸ ਨਾਲ ਕਣਕ ਦੇ ਝਾੜ ਅਤੇ ਤਾਪਮਾਨ ਦਾ ਅਸਰ ਘੱਟ ਹੋਵੇਗਾ ਅਤੇ ਫ਼ਸਲ ਦੀ ਉਪਜ ਵੀ ਵਧੀਆ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਜ਼ਿਲ੍ਹੇ ਵਿਚ ਕੰਮ ਕਰ ਰਹੇ ਦਫ਼ਤਰ ਬਲਾਕ ਖੇਤੀਬਾੜੀ ਅਫ਼ਸਰ ਖਰੜ, ਮਾਜਰੀ ਅਤੇ ਡੇਰਾਬੱਸੀ ਨਾਲ ਸੰਪਰਕ ਕਰ ਸਕਦੇ ਹਨ। ਜਿੱਥੇ ਖੇਤੀ ਮਾਹਰ ਉਨ੍ਹਾਂ ਦੀ ਸੇਵਾ ਲਈ ਹਾਜ਼ਰ ਰਹਿੰਦੇ ਹਨ ਅਤੇ ਉਨ੍ਹਾਂ ਦੀ ਸਲਾਹ ਨਾਲ ਵਧੀਆ ਫ਼ਸਲਾਂ ਦੇ ਝਾੜ ਲੈਣ ਤੇ ਮੌਸਮ ਦੇ ਬਦਾਲਅ ਨਾਲ ਹੋਣ ਵਾਲੇ ਨੁਕਸਾਨ ਦੇ ਨਾਲ-ਨਾਲ ਬੇਲੋੜੀਆਂ ਸਪਰੇਆਂ ਦੇ ਵਾਧੂ ਆਰਥਿਕ ਬੋਝ ਤੋਂ ਬਚਾਅ ਕੀਤਾ ਜਾ ਸਕਦਾ ਹੈ।