ਚੰਡੀਗੜ੍ਹ 'ਚ ਨਾਈਟ ਕਲੱਬਾਂ 'ਤੇ ਪ੍ਰਸ਼ਾਸਨ ਦਾ ਵੱਡਾ ਸ਼ਿਕੰਜਾ: ਰਾਤ 12 ਵਜੇ ਤੋਂ ਬਾਅਦ ਐਂਟਰੀ 'ਤੇ ਲੱਗੀ ਰੋਕ, 1 ਵਜੇ ਹੋਣਗੇ ਬੰਦ ਸ਼ਹਿਰ 'ਚ ਨਾਈਟ ਕਲਚਰ ਨੂੰ ਲੈ ਕੇ ਯੂਟੀ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਹੁਣ ਚੰਡੀਗੜ੍ਹ ਦੇ ਨਾਈਟ ਕਲੱਬਾਂ 'ਚ ਰਾਤ 12 ਵਜੇ ਤੋਂ ਬਾਅਦ ਐਂਟਰੀ ਨਹੀਂ ਮਿਲੇਗੀ ਅਤੇ ਰਾਤ 1 ਵਜੇ ਤੋਂ ਬਾਅਦ ਸਾਰੇ ਕਲੱਬ ਬੰਦ ਕਰਨੇ ਹੋਣਗੇ। ਇਹ ਐਲਾਨ ਯੂਟੀ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤਾ।
Publish Date: Wed, 23 Sep 2026 12:50 PM (IST)
Updated Date: Wed, 23 Sep 2026 12:52 PM (IST)
ਚੰਡੀਗੜ੍ਹ - ਸ਼ਹਿਰ 'ਚ ਨਾਈਟ ਕਲਚਰ ਨੂੰ ਲੈ ਕੇ ਯੂਟੀ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਹੁਣ ਚੰਡੀਗੜ੍ਹ ਦੇ ਨਾਈਟ ਕਲੱਬਾਂ 'ਚ ਰਾਤ 12 ਵਜੇ ਤੋਂ ਬਾਅਦ ਐਂਟਰੀ ਨਹੀਂ ਮਿਲੇਗੀ ਅਤੇ ਰਾਤ 1 ਵਜੇ ਤੋਂ ਬਾਅਦ ਸਾਰੇ ਕਲੱਬ ਬੰਦ ਕਰਨੇ ਹੋਣਗੇ। ਇਹ ਐਲਾਨ ਯੂਟੀ ਪ੍ਰਸ਼ਾਸਕ ਅਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕੀਤਾ।
ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੰਗਲਵਾਰ ਨੂੰ ਐਂਟੀ ਡਰੱਗ ਹੈਲਪਲਾਈਨ ਦੀ ਸ਼ੁਰੂਆਤ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਨਾਈਟ ਕਲੱਬ ਦੇਰ ਰਾਤ ਤੱਕ ਨਸ਼ਿਆਂ ਦੇ ਅੱਡੇ ਬਣਦੇ ਜਾ ਰਹੇ ਸਨ, ਇਸ ਲਈ ਸਮੇਂ ਦੀ ਹੱਦ ਤੈਅ ਕਰਨੀ ਜ਼ਰੂਰੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਐਂਟੀ ਡਰੱਗ ਹੈਲਪਲਾਈਨ ਰਾਹੀਂ ਕੋਈ ਵੀ ਵਿਅਕਤੀ ਗੁਮਨਾਮ ਤਰੀਕੇ ਨਾਲ ਨਸ਼ਿਆਂ ਨਾਲ ਸਬੰਧਤ ਜਾਣਕਾਰੀ ਦੇ ਸਕਦਾ ਹੈ। ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਹੈਲਪਲਾਈਨ 24 ਘੰਟੇ ਸਰਗਰਮ ਰਹੇਗੀ। ਇਸ ਦਾ ਮਕਸਦ ਚੰਡੀਗੜ੍ਹ ਨੂੰ ਨਸ਼ਾ ਮੁਕਤ ਬਣਾਉਣਾ ਹੈ।
ਪ੍ਰਸ਼ਾਸਕ ਨੇ ਕਿਹਾ ਕਿ ਜਦੋਂ ਕਿਸੇ ਮਾਂ ਦੇ ਸਾਹਮਣੇ ਉਸ ਦਾ ਪੁੱਤਰ ਨਸ਼ੇ ਕਾਰਨ ਦਮ ਤੋੜਦਾ ਹੈ ਤਾਂ ਉਸ ਦਰਦ ਨੂੰ ਕੋਈ ਨਹੀਂ ਸਮਝ ਸਕਦਾ। ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਲੜਾਈ 'ਚ ਸਾਥ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ 30 ਸਤੰਬਰ ਤੱਕ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਮੁਹਿੰਮ ਚਲਾਈ ਜਾਵੇਗੀ। ਨਵੇਂ ਨਿਯਮਾਂ ਅਨੁਸਾਰ ਸਾਰੇ ਕਲੱਬ ਸੰਚਾਲਕਾਂ ਨੂੰ ਰਾਤ 12 ਵਜੇ ਤੋਂ ਬਾਅਦ ਕਿਸੇ ਵੀ ਗਾਹਕ ਨੂੰ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦੇਣੀ ਹੋਵੇਗੀ। ਰਾਤ 1 ਵਜੇ ਤੋਂ ਬਾਅਦ ਮਿਊਜ਼ਿਕ ਸਿਸਟਮ ਬੰਦ ਕਰਨਾ ਹੋਵੇਗਾ ਅਤੇ ਕਲੱਬ ਖਾਲੀ ਕਰਵਾਉਣਾ ਹੋਵੇਗਾ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਲੱਬਾਂ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਹੈ। ਪੁਲਿਸ ਵਿਭਾਗ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਰਾਤ ਸਮੇਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਏ। ਨਾਬਾਲਗਾਂ ਨੂੰ ਕਲੱਬਾਂ 'ਚ ਦਾਖਲਾ ਨਾ ਦਿੱਤਾ ਜਾਵੇ, ਇਸ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ।