ਅਦਾਲਤ ’ਚੋਂ ਫ਼ਰਾਰ ਹੋਇਆ ਮੁਲਜ਼ਮ ਗ੍ਰਿਫ਼ਤਾਰ, ਜੇਲ੍ਹ ਭੇਜਿਆ ਅਦਾਲਤ ’ਚੋਂ ਫ਼ਰਾਰ ਹੋਇਆ ਮੁਲਜ਼ਮ ਗ੍ਰਿਫ਼ਤਾਰ, ਜੇਲ੍ਹ ਭੇਜਿਆ
Publish Date: Fri, 02 Oct 2026 05:49 PM (IST)
Updated Date: Fri, 02 Oct 2026 05:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਪੁਲਿਸ ਨੇ ਮੁਸ਼ਤੈਦੀ ਵਿਖਾਉਂਦਿਆਂ ਅਦਾਲਤ ਵਿਚੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਚਕਮਾ ਦੇ ਕੇ ਫ਼ਰਾਰ ਹੋਏ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਅਦਾਲਤ ਦੇ ਹੁਕਮਾਂ ਤੇ ਉਸ ਨੂੰ ਸੈਂਟਰਲ ਜੇਲ੍ਹ ਪਟਿਆਲਾ ਭੇਜ ਦਿੱਤਾ ਹੈ। ਮੁਬਾਰਕਪੁਰ ਪੁਲਿਸ ਚੌਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਥਾਣਾ ਡੇਰਾਬੱਸੀ ਵਿਖੇ 4 ਜਨਵਰੀ 2021 ਨੂੰ ਧਾਰਾ 379 ਅਤੇ 411 ਆਈਪੀਸੀ ਤਹਿਤ ਨਾਮਜ਼ਦ ਮੁਲਜ਼ਮ ਗੋਲਡੀ ਪੁੱਤਰ ਰਾਮ ਸ਼ਰਨ, ਵਾਸੀ ਪੁਰਾਣੀ ਪਾਣੀ ਦੀ ਟੈਂਕੀ ਨੇੜੇ, ਪੰਡਵਾਲਾ ਮੋੜ, ਮੁਬਾਰਕਪੁਰ ਨੂੰ 18 ਸਤੰਬਰ 2026 ਨੂੰ ਡੇਰਾਬੱਸੀ ਅਦਾਲਤ ਵੱਲੋਂ ਦੋ ਮਹੀਨੇ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਦਾ ਐਲਾਨ ਹੁੰਦੇ ਹੀ ਮੁਲਜ਼ਮ ਅਦਾਲਤ ਵਿਚੋਂ ਮੌਕਾ ਤਾੜ ਕੇ ਫ਼ਰਾਰ ਹੋ ਗਿਆ ਸੀ। ਅਦਾਲਤ ਵੱਲੋਂ ਉਸ ਦੀ ਗ੍ਰਿਫ਼ਤਾਰੀ ਲਈ 3 ਅਕਤੂਬਰ 2026 ਲਈ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਪੁਲਿਸ ਨੇ ਲਗਾਤਾਰ ਛਾਪੇਮਾਰੀ ਕਰਦਿਆਂ 1 ਅਕਤੂਬਰ ਨੂੰ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਵੱਲੋਂ 2 ਅਕਤੂਬਰ ਨੂੰ ਮੁਲਜ਼ਮ ਨੂੰ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਦੇ ਆਦੇਸ਼ਾਂ ਅਨੁਸਾਰ ਉਸ ਨੂੰ ਪਟਿਆਲਾ ਦੀ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ ਹੈ।