ਨਾਬਾਲਿਗ ਲੜਕੀ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ ਨਾਬਾਲਿਗ ਲੜਕੀ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਮੁਲਜ਼ਮ ਗ੍ਰਿਫ਼ਤਾਰ
Publish Date: Sun, 23 Aug 2026 09:34 PM (IST)
Updated Date: Mon, 24 Aug 2026 04:09 AM (IST)
ਫੋਟੋ ਕੈਪਸ਼ਨ : ਮੁਲਜ਼ਮ ਨੂੰ ਕਾਬੂ ਕਰਕੇ ਲਿਜਾਂਦੀ ਹੋਈ ਪੁਲਿਸ। 29ਪੀ ਅਮਰਜੀਤ ਸਿੰਘ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ’ਚ ਇਕ 16 ਸਾਲਾ ਨਾਬਾਲਿਗ ਲੜਕੀ ਤੇ ਸੈਨੇਟਾਈਜ਼ਰ ਛਿੜਕ ਕੇ ਅੱਗ ਲਗਾਉਣ ਦੇ ਮਾਮਲੇ ’ਚ ਪੁਲਿਸ ਨੇ ਮੁੱਖ ਮੁਲਜ਼ਮ ਦੀਪਕ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਪਰਿਵਾਰ, ਜੋ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਵਸਨੀਕ ਹੈ ਅਤੇ ਕਈ ਸਾਲਾਂ ਤੋਂ ਮੁਹਾਲੀ ਦੇ ਉਦਯੋਗਿਕ ਖੇਤਰ ਗੁਰੂ ਨਾਨਕ ਕਾਲੋਨੀ ’ਚ ਰਹਿ ਰਿਹਾ ਹੈ, ਨੇ ਦੱਸਿਆ ਕਿ ਨੌਜਵਾਨ ਵੀ ਉਨ੍ਹਾਂ ਦੇ ਪਿੰਡ ਦਾ ਹੀ ਹੈ। ਪੀੜਤਾ ਦੇ ਪਿਤਾ ਦਾ ਦੋਸ਼ ਹੈ ਕਿ ਉਕਤ ਨੌਜਵਾਨ ਕਾਫ਼ੀ ਸਮੇਂ ਤੋਂ ਲੜਕੀ ਦਾ ਪਿੱਛਾ ਕਰ ਰਿਹਾ ਸੀ। ਜਿਸ ਸਬੰਧੀ ਲਗਭਗ ਇਕ ਮਹੀਨਾ ਪਹਿਲਾਂ ਵੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਪਰ ਉਦੋਂ ਨੌਜਵਾਨ ਨੇ ਮੁਆਫ਼ੀ ਮੰਗ ਲਈ ਸੀ। ਇਸ ਦੇ ਬਾਵਜੂਦ ਉਸ ਨੇ ਲੜਕੀ ਨੂੰ ਪਰੇਸ਼ਾਨ ਕਰਨਾ ਬੰਦ ਨਹੀਂ ਕੀਤਾ। ਪੀੜਤਾ ਦੇ ਪਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਸ਼ੁੱਕਰਵਾਰ ਨੂੰ ਨੌਜਵਾਨ ਨਾਲ ਬਹਿਸ ਹੋ ਗਈ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਜਦੋਂ ਉਹ ਕੰਮ ਤੇ ਚਲੇ ਗਏ, ਤਾਂ ਮੁਲਜ਼ਮ ਨੌਜਵਾਨ ਨੇ ਆਪਣੇ ਚਚੇਰੇ ਭਰਾਵਾਂ ਨਾਲ ਮਿਲ ਕੇ ਲੜਕੀ ਨੂੰ ਕਮਰੇ ਵਿਚ ਖਿੱਚ ਲਿਆ ਅਤੇ ਉਸ ਤੇ ਸੈਨੀਟਾਈਜ਼ਰ ਛਿੜਕ ਕੇ ਅੱਗ ਲਗਾ ਦਿੱਤੀ। ਪੀੜਤ ਲੜਕੀ ਦੀਆਂ ਚੀਕਾਂ ਦਾ ਆਵਾਜ਼ ਸੁਣ ਕੇ ਗੁਆਂਢੀਆਂ ਨੇ ਤੁਰੰਤ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ ਅਤੇ ਲੜਕੀ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਲੜਕੀ ਕਰੀਬ 80 ਫ਼ੀਸਦ ਤੱਕ ਸੜ ਚੁੱਕੀ ਹੈ ਅਤੇ ਉਸ ਦਾ ਚੰਡੀਗੜ੍ਹ ਪੀਜੀਆਈ ਵਿਚ ਇਲਾਜ ਚੱਲ ਰਿਹਾ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਸਬੰਧੀ ਪੁਲਿਸ ਨੇ ਉਕਤ ਨੌਜਵਾਨ ’ਤੇ ਪੋਸਕੋ ਐਕਟ ਅਤੇ ਹੋਰ ਸਬੰਧਤ ਕਾਨੂੰਨੀ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁੱਖ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ।