ਪੰਚਕੂਲਾ-ਸ਼ਿਮਲਾ ਹਾਈਵੇ ’ਤੇ ਹਾਦਸਾ; ਚੰਡੀਗੜ੍ਹ ਦੇ ਦੋ ਨੌਜਵਾਨਾਂ ਦੀ ਮੌਤ ਪੰਚਕੂਲਾ-ਸ਼ਿਮਲਾ ਹਾਈਵੇ ’ਤੇ ਹਾਦਸੇ ਵਿੱਚ ਚੰਡੀਗੜ੍ਹ ਦੇ ਦੋ ਨੌਜਵਾਨਾਂ ਦੀ ਮੌਤ
Publish Date: Sat, 05 Sep 2026 07:22 PM (IST)
Updated Date: Sun, 06 Sep 2026 04:05 AM (IST)
ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸ਼ਿਮਲਾ-ਪੰਚਕੂਲਾ ਹਾਈਵੇ ’ਤੇ ਸੜਕ ਹਾਦਸੇ ’ਚ ਚੰਡੀਗੜ੍ਹ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੋਵੇਂ ਨੌਜਵਾਨ ਇੱਕੋ ਮੋਟਰਸਾਈਕਲ ’ਤੇ ਸਵਾਰ ਸਨ। ਹਾਦਸਾ ਸ਼ੁੱਕਰਵਾਰ ਦੇਰ ਰਾਤ ਚੰਡੀਮੰਦਰ ਟੋਲ ਪਲਾਜ਼ਾ ਤੋਂ ਪਹਿਲਾਂ ਵਾਪਰਿਆ। ਮ੍ਰਿਤਕਾਂ ਦੀ ਪਛਾਣ ਚੰਡੀਗੜ੍ਹ ਦੇ ਸੈਕਟਰ-28 ਵਾਸੀ ਆਸ਼ੀਸ਼ (20) ਤੇ ਸੈਕਟਰ-45 ਵਾਸੀ ਪ੍ਰਦੀਪ (22) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਇੱਕੋ ਬਾਈਕ ’ਤੇ ਸਵਾਰ ਹੋ ਕੇ ਆਪਣੇ ਦੋਸਤਾਂ ਨਾਲ ਵੱਖ-ਵੱਖ ਬਾਈਕਾਂ ’ਤੇ ਸੋਲਨ ਜਾ ਰਹੇ ਸਨ। ਚੰਡੀਮੰਦਰ ਥਾਣਾ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਰਾਤ ਕੁਝ ਦੋਸਤ ਵੱਖ-ਵੱਖ ਬਾਈਕਾਂ ’ਤੇ ਚੰਡੀਗੜ੍ਹ ਤੋਂ ਸੋਲਨ ਲਈ ਰਵਾਨਾ ਹੋਏ ਸਨ। ਆਸ਼ੀਸ਼ ਬਾਈਕ ਚਲਾ ਰਿਹਾ ਸੀ, ਜਦਕਿ ਪ੍ਰਦੀਪ ਪਿੱਛੇ ਬੈਠਾ ਸੀ। ਰਸਤੇ ’ਚ ਦੋਵੇਂ ਆਪਣੇ ਦੋਸਤਾਂ ਤੋਂ ਅੱਗੇ ਨਿਕਲ ਗਏ। ਰਾਤ ਕਰੀਬ ਇੱਕ ਵਜੇ ਜਦੋਂ ਉਨ੍ਹਾਂ ਦੇ ਦੋਸਤ ਚੰਡੀਮੰਦਰ ਟੋਲ ਪਲਾਜ਼ਾ ਤੋਂ ਪਹਿਲਾਂ ਹਾਈਵੇ ’ਤੇ ਪਹੁੰਚੇ ਤਾਂ ਆਸ਼ੀਸ਼ ਤੇ ਪ੍ਰਦੀਪ ਸੜਕ ’ਤੇ ਜ਼ਖ਼ਮੀ ਹਾਲਤ ’ਚ ਮਿਲੇ। ਦੋਵਾਂ ਨੂੰ ਇੱਕ ਕਾਰ ਰਾਹੀਂ ਸੈਕਟਰ-6 ਸਥਿਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ===== ਪੰਜ ਭੈਣਾਂ ਦਾ ਇਕਲੌਤਾ ਭਰਾ ਸੀ ਆਸ਼ੀਸ਼ ਆਸ਼ੀਸ਼ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਸੀਤਾਪੁਰ ਦਾ ਰਹਿਣ ਵਾਲਾ ਸੀ ਤੇ ਚੰਡੀਗੜ੍ਹ ਦੇ ਸੈਕਟਰ-28 ’ਚ ਪਰਿਵਾਰ ਨਾਲ ਰਹਿੰਦਾ ਸੀ। ਉਹ ਇੱਕ ਸੈਲੂਨ ’ਚ ਨੌਕਰੀ ਕਰਦਾ ਸੀ। ਆਸ਼ੀਸ਼ ਪੰਜ ਭੈਣਾਂ ਦਾ ਇਕਲੌਤਾ ਭਰਾ ਸੀ। ਉਸ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਰਿਵਾਰ ’ਚ ਮਾਤਮ ਛਾ ਗਿਆ ਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ====== ਮ੍ਰਿਤਕ ਪ੍ਰਦੀਪ ਦੇ ਦੋ ਭਰਾ ਤੇ ਦੋ ਭੈਣਾਂ ਪ੍ਰਦੀਪ ਵੀ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦੇ ਹਰਦੋਈ ਦਾ ਰਹਿਣ ਵਾਲਾ ਸੀ। ਉਸ ਦੇ ਮਾਤਾ-ਪਿਤਾ ਯੂਪੀ ’ਚ ਹੀ ਰਹਿੰਦੇ ਹਨ, ਜਦਕਿ ਉਹ ਆਪਣੇ ਭਰਾਵਾਂ ਨਾਲ ਚੰਡੀਗੜ੍ਹ ਦੇ ਸੈਕਟਰ-45 ’ਚ ਰਹਿੰਦਾ ਸੀ। ਪ੍ਰਦੀਪ ਪ੍ਰਾਈਵੇਟ ਨੌਕਰੀ ਕਰਦਾ ਸੀ। ਪ੍ਰਦੀਪ ਦੀ ਮੌਤ ਦੀ ਖ਼ਬਰ ਨਾਲ ਪਰਿਵਾਰਕ ਮੈਂਬਰ ਸਦਮੇ ’ਚ ਹਨ। ========= ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ’ਚ ਜੁਟੀ ਪੁਲਿਸ ਪੁਲਿਸ ਹਾਈਵੇ ’ਤੇ ਹਾਦਸੇ ਦੀਆਂ ਸਥਿਤੀਆਂ ਦੀ ਜਾਂਚ ਕਰ ਰਹੀ ਹੈ। ਬਾਈਕ ਕਿਸ ਤਰ੍ਹਾਂ ਬੇਕਾਬੂ ਹੋਈ ਤੇ ਕੀ ਕਿਸੇ ਹੋਰ ਵਾਹਨ ਦੀ ਇਸ ’ਚ ਭੂਮਿਕਾ ਸੀ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।