ਈਡੀ ਦੇ ਛਾਪਿਆਂ ਵਿਰੁੱਧ ‘ਆਪ’ ਵਲੰਟੀਅਰਾਂ ਵੱਲੋਂ ਗਮਾਡਾ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਈਡੀ ਦੇ ਛਾਪਿਆਂ ਵਿਰੁੱਧ 'ਆਪ' ਵਲੰਟੀਅਰਾਂ ਵੱਲੋਂ ਗਮਾਡਾ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ
Publish Date: Thu, 24 Sep 2026 06:24 PM (IST)
Updated Date: Thu, 24 Sep 2026 06:27 PM (IST)
- ਭੰਨ-ਤੋੜ,, ਈਡੀ ਦੀ ਟੀਮ ਦਾ ਘਿਰਾਓ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਕੀਤੀ ਜ਼ੋਰਦਾਰ ਨਾਅਰੇਬਾਜ਼ੀ,, - ਪੁਲਿਸ ਨੇ ਕਈ ਆਗੂ ਹਿਰਾਸਤ ’ਚ ਲਏ, ਭਾਜਪਾ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ ਆਪ ਵਲੰਟੀਅਰ : ਸ਼ੈਰੀ ਕਲਸੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਗਮਾਡਾ ਵਿਚ ਈਡੀ ਦੀ ਛਾਪੇਮਾਰੀ ਖ਼ਿਲਾਫ਼ ਵੀਰਵਾਰ ਨੂੰ ਮੁਹਾਲੀ ਵਿਖੇ ਆਮ ਆਦਮੀ ਪਾਰਟੀ (ਆਪ) ਨੇ ਗਮਾਡਾ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਜਾਂਚ ਕਰ ਰਹੀਆਂ ਈਡੀ ਦੀਆਂ ਟੀਮਾਂ ਦਾ ਘਿਰਾਓ ਕਰਕੇ ‘ਆਪ’ ਵਲੰਟੀਅਰਾਂ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ‘ਆਪ’ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਦੌਰਾਨ ਪਾਰਟੀ ਵਰਕਰ ਅਤੇ ਆਗੂ ਬੈਰੀਕੇਟ ਪਾਸੇ ਹਟਾ ਕੇ ਗਮਾਡਾ ਦਫ਼ਤਰ ਦੇ ਅੰਦਰ ਦਾਖ਼ਲ ਹੋ ਗਏ। ਜਿਸ ਕਾਰਨ ਕਾਫ਼ੀ ਦੇਰ ਤੱਕ ਤਣਾਅ ਬਣਿਆ ਰਿਹਾ ਅਤੇ ‘ਆਪ’ ਵਲੰਟੀਅਰ ਵਾਰ-ਵਾਰ ਪੁਲਿਸ ਨਾਲ ਉਲਝਦੇ ਹੋਏ ਅਤੇ ਧੱਕੇ ਨਾਲ ਗਮਾਡਾ ਵੜਨ ਦਾ ਯਤਨ ਕਰਦੇ ਰਹੇ। ਧਰਨਾ ਦੇ ਰਹੇ ਵਲੰਟੀਅਰਾਂ ਨੂੰ ਈਡੀ ਦੇ ਪਿਛਲੇ ਗੇਟ ਰਾਹੀਂ ਬਾਹਰ ਨਿਕਲਣ ਦੀ ਭਿਣਕ ਲੱਗੀ ਤਾਂ ਉਹ ਪਿੱਛੇ ਵੱਲ ਦੌੜ ਪਏ ਅਤੇ ਧੱਕੇ ਨਾਲ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਅੰਦਰ ਜਾਣ ’ਚ ਕਾਮਯਾਬ ਨਹੀਂ ਹੋਏ ਤਾਂ ਭੀੜ ’ਚੋਂ ਕੁੱਝ ਲੋਕਾਂ ਨੇ ਪੱਥਰ ਮਾਰ ਕੇ ਗਮਾਡਾ ਦਫ਼ਤਰ ਦੇ ਸ਼ੀਸ਼ੇ ਤੋੜ ਦਿੱਤੇ। ਇਸ ਦੌਰਾਨ ਕੁੱਝ ਲੋਕਾਂ ਨੇ ਪੱਥਰ ਮਾਰ ਕੇ ਗਮਾਡਾ ਦਫ਼ਤਰ ਦੇ ਸ਼ੀਸ਼ੇ ਤੋੜ ਦਿੱਤੇ। ਗਮਾਡਾ ਦੇ ਬਾਹਰ ਖੜੀ ਯੂਪੀ ਨੰਬਰ ਦੀ ਕਾਰ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ ਅਤੇ ਮਗਰੋਂ ਪੱਥਰ ਮਾਰ ਕੇ ਸ਼ੀਸ਼ੇ ਭੰਨ ਕੇ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਦੱਸਿਆ ਜਾ ਰਿਹਾ ਹੈ ਕਿ ਈਡੀ ਦੀ ਇਕ ਟੀਮ ਇਸ ਗੱਡੀ ’ਚ ਸਵਾਰ ਹੋ ਕੇ ਆਈ ਸੀ। ਇਸ ਦੌਰਾਨ ਪੁਲਿਸ ਨੇ ਸ਼ੈਰੀ ਕਲਸੀ ਸਮੇਤ ਕਈ ਹੋਰਨਾਂ ਸਥਾਨਕ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ। ਜਿਨ੍ਹਾਂ ਨੂੰ ਬਾਅਦ ’ਚ ਜਾਣ ਦਿੱਤਾ ਗਿਆ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ’ਚ ਚੋਣਾਂ ਨੇੜੇ ਆਉਂਦੇ ਦੇਖ ਕੇ ਭਾਜਪਾ ਲੀਡਰਸ਼ਿਪ ਬੁਖਲਾ ਗਈ ਹੈ ਅਤੇ ਸਰਕਾਰ ਨੂੰ ਬਦਨਾਮ ਕਰਨ ਲਈ ਈਡੀ ਨੂੰ ਆਪਣੇ ਹਥਿਆਰ ਵਜੋਂ ਵਰਤ ਰਹੀ ਹੈ। ਦਿੱਲੀ ’ਚ ਵੀ ਇਨ੍ਹਾਂ ਨੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹੀ ਕੰਮ ਹੁਣ ਪੰਜਾਬ ’ਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਚਾਹੁੰਦੀ ਹੈ ਕਿ ਪੰਜਾਬ ’ਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣੇ, ਜੇਕਰ ਪੰਜਾਬ ’ਚ ਦੁਬਾਰਾ ਸਰਕਾਰ ਬਣ ਗਈ ਤਾਂ ਇਹ ਫਿਰ ਪੂਰੇ ਦੇਸ਼ ’ਚ ਜਾਣਗੇ। ਕਲਸੀ ਨੇ ਕਿਹਾ ਕਿ ਲੰਬੀ ਛਾਪੇਮਾਰੀ ਅਤੇ ਜਾਂਚ ਦੇ ਬਾਵਜੂਦ ਈਡੀ ਨੂੰ ਹੁਣ ਤੱਕ ਕੁਝ ਵੀ ਹਾਸਲ ਨਹੀਂ ਹੋਇਆ ਹੈ। ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ਸੂਬੇ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ, ਈਡੀ ਦੀ ਸਰਗਰਮੀ ਅਚਾਨਕ ਵਧ ਗਈ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਆਪ ਵਰਕਰ ਭਾਜਪਾ ਦੀ ਇਸ ਧੱਕੇਸ਼ਾਹੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ। ਪੰਜਾਬ ਯੂਥ ਵੈਲਫੇਅਰ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ, ਜ਼ਿਲ੍ਹਾ ਪ੍ਰਧਾਨ ਪ੍ਰਭਜੋਤ ਕੌਰ, ਕੌਂਸਲਰ ਡਾ. ਸੰਨੀ ਸਿੰਘ ਆਹਲੂਵਾਲੀਆ, ਐਡਵੋਕੇਟ ਅਮਰਦੀਪ ਕੌਰ, ਜ਼ਿਲ੍ਹਾ ਵਾਈਸ ਚੇਅਰਮੈਨ ਤਰਲੋਚਨ ਸਿੰਘ ਬੈਦਵਾਨ ਅਤੇ ਸਾਬਕਾ ਸਰਪੰਚ ਜਸਪਾਲ ਸਿੰਘ ਬਹਾਦਰਗੜ੍ਹ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ ਈਡੀ ਦੀ ਜਾਂਚ ਦਾ ਤਰੀਕਾ ਬੇਹੱਦ ਗਲਤ ਹੈ। ਪਿਛਲੇ ਤਿੰਨ ਦਿਨਾਂ ਤੋਂ ਅਫ਼ਸਰਾਂ ਨੂੰ ਦਫ਼ਤਰ ’ਚ ਡੱਕ ਕੇ ਰੱਖਿਆ ਹੋਇਆ ਹੈ ਅਤੇ ਵੱਡੀ ਮਾਤਰਾ ’ਚ ਸਰਕਾਰੀ ਰਿਕਾਰਡ ਆਪਣੇ ਕਬਜ਼ੇ ’ਚ ਲੈ ਲਿਆ ਗਿਆ ਹੈ। ਇਹੀ ਨਹੀਂ ਹੁਣ ‘ਆਪ’ ਆਗੂਆਂ ਦੇ ਘਰਾਂ ਤੱਕ ਈਡੀ ਪਹੁੰਚ ਗਈ ਹੈ ਅਤੇ ਬਿਨਾਂ ਸਰਚ ਵਰੰਟ ਤੋਂ ਤਲਾਸ਼ੀ ਲਈ ਜਾ ਰਹੀ ਹੈ।