‘ਆਪ’ ਵਿਧਾਇਕ ਨੇ ਸ਼ਰਧਾਲੂਆਂ ਦੀਆਂ ਤਿੰਨ ਬੱਸਾਂ ਕੀਤੀਆਂ ਰਵਾਨਾ ਤੀਰਥ ਯਾਤਰਾ: ‘ਆਪ’ ਵਿਧਾਇਕ ਨੇ ਸ਼ਰਧਾਲੂਆਂ ਦੀਆਂ ਤਿੰਨ ਬੱਸਾਂ ਨੂੰ ਕੀਤਾ ਰਵਾਨਾ
Publish Date: Wed, 16 Sep 2026 07:33 PM (IST)
Updated Date: Thu, 17 Sep 2026 04:05 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਅੱਜ ਮੁਹਾਲੀ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਸ਼ਰਧਾਲੂਆਂ ਦੀਆਂ ਤਿੰਨ ਬੱਸਾਂ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਕੀਤਾ। ਪਹਿਲੀ ਬੱਸ ਸੈਕਟਰ-78, ਦੂਜੀ ਸੈਕਟਰ-79 ਤੇ ਤੀਜੀ ਬੱਸ ਪਿੰਡ ਮੌਜਪੁਰ ਤੋਂ ਰਵਾਨਾ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਹੁਣ ਤੱਕ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੁਹਾਲੀ ਹਲਕੇ ਤੋਂ 144 ਬੱਸਾਂ ਰਵਾਨਾ ਕੀਤੀਆਂ ਜਾ ਚੁੱਕੀਆਂ ਹਨ ਅਤੇ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੁਹਾਲੀ ਹਲਕੇ ’ਚ 254 ਬੂਥ ਹਨ। ਘੱਟੋ-ਘੱਟ ਇਕ ਬੱਸ ਹਰ ਬੂਥ ਤੋਂ ਭੇਜਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤੋਂ ਬਾਅਦ ਵੀ ਯਾਤਰਾ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਇਸ ਯੋਜਨਾ ਦਾ ਲਾਭ ਲੈ ਸਕਣ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਯੋਜਨਾ ਤਹਿਤ ਸ਼ਰਧਾਲੂਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਲਾਵਾ ਖਾਟੂ ਸ਼ਿਆਮ, ਸਾਲਾਸਰ ਤੇ ਵਰਿੰਦਾਵਨ ਸਮੇਤ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਵੀ ਕਰਵਾਈ ਜਾ ਰਹੀ ਹੈ। ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ’ਚ ਰੱਖਦਿਆਂ ਯਾਤਰਾ ਲਈ ਸਲੀਪਰ ਬੱਸਾਂ ਅਤੇ ਏਸੀ ਬੱਸਾਂ ਦੀ ਵਿਵਸਥਾ ਕੀਤੀ ਜਾਂਦੀ ਹੈ ਅਤੇ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਤੋਂ ਬੱਸ ਰਾਹੀਂ ਲੈ ਕੇ ਵਾਪਸ ਘਰ ਦੇ ਨੇੜੇ ਹੀ ਛੱਡਿਆ ਜਾਂਦਾ ਹੈ। ਇਸ ਮੌਕੇ ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਸਟੇਟ ਐਵਾਰਡੀ ਫੂਲਰਾਜ ਸਿੰਘ, ਕੌਂਸਲਰ ਸ਼ਰਨਜੀਤ ਕੌਰ ਤੇ ਹਰਜੀਤ ਸਿੰਘ ਭੋਲੂ, ਭੁਪਿੰਦਰ ਸਿੰਘ ਜੌਹਲ, ਅਵਤਾਰ ਸਿੰਘ ਮੌਲੀ, ਦੀਦਾਰ ਸਿੰਘ, ਮੇਜਰ ਸਿੰਘ, ਸਰਪੰਚ ਸੰਦੀਪ ਕੌਰ, ਸੁਖਵਿੰਦਰ ਸਿੰਘ ਮਿੱਠਾ, ਪੰਚ ਗੁਰਪ੍ਰੀਤ ਸਿੰਘ, ਧਰਮਪ੍ਰੀਤ ਸਿੰਘ, ਗੁਰਜੀਤ ਸਿੰਘ, ਜਸਵੀਰ ਸਿੰਘ ਅਤੇ ਪਰਮਿੰਦਰ ਕੌਰ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਵੀ ਮੌਜੂਦ ਸਨ।