ਡੀਐੱਨਟੀ ਭਾਈਚਾਰੇ ਦੀ ਜਨਗਣਨਾ ਨਾ ਕਰਵਾ ਕੇ ਸਰਕਾਰ ਨੇ ਧੋਖਾ ਕੀਤਾ : ਲਾਲਕਾ ਡੀਐੱਨਟੀ ਭਾਈਚਾਰੇ ਦੀ ਜਨਗਣਨਾ ਨਾ ਕਰਵਾ ਕੇ ਸਰਕਾਰ ਨੇ ਧੋਖਾ ਕੀਤਾ : ਲਾਲਕਾ
Publish Date: Fri, 13 Nov 2026 07:29 PM (IST)
Updated Date: Fri, 13 Nov 2026 07:33 PM (IST)
ਮਿਸ਼ਨ-2027 ’ਚ ਕਾਂਗਰਸ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਉਣ ਦਾ ਐਲਾਨ ਐੱਸਆਈਆਰ ਰੱਦ ਕਰਨ ਤੇ ਭਾਈਚਾਰੇ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣ ਦੀ ਮੰਗ ਅਸ਼ੋਕ ਬਰਤੀਆ ਨੇ ਮੋਦੀ ਸਰਕਾਰ ’ਤੇ ਵੋਟਾਂ ਚੋਰੀ ਕਰਨ ਤੇ ਲੋਕਤੰਤਰੀ ਢਾਂਚਾ ਕਮਜ਼ੋਰ ਕਰਨ ਦੇ ਲਾਏ ਦੋਸ਼ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ-2027 ਵਿੱਚ ਡੀਨੋਟੀਫਾਈਡ ਟ੍ਰਾਈਬਜ਼ (ਡੀਐੱਨਟੀ) ਟਾਸਕ ਫੋਰਸ ਕਾਂਗਰਸ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਏਗੀ। ਇਹ ਗੱਲ ਡੀਐੱਨਟੀ ਟਾਸਕ ਫੋਰਸ ਪੰਜਾਬ ਦੇ ਚੇਅਰਮੈਨ ਲੱਖਾ ਰਾਮ ਲਾਲਕਾ ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਨੇ ਡੀਐੱਨਟੀ ਭਾਈਚਾਰੇ ਦੀ ਜਨਗਣਨਾ ਨਾ ਕਰਵਾ ਕੇ ਉਸ ਨਾਲ ਧੋਖਾ ਕੀਤਾ ਹੈ। ਉਨ੍ਹਾਂ ਖਾਨਾਬਦੋਸ਼ ਜਾਤੀਆਂ ’ਤੇ ਐੱਸਆਈਆਰ ਦੀ ਲਟਕ ਰਹੀ ਤਲਵਾਰ ਦਾ ਹਵਾਲਾ ਦਿੰਦਿਆਂ ਇਸ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਫੋਰਸ ਦੇ ਇੰਚਾਰਜ ਅਸ਼ੋਕ ਬਰਤੀਆ ਵੀ ਮੌਜੂਦ ਸਨ। ਲਾਲਕਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਤੇ ਗੈਂਗਸਟਰਵਾਦ ਦਾ ਬੋਲਬਾਲਾ ਹੈ। ਸਰਕਾਰ ਵੱਲੋਂ ਇਨ੍ਹਾਂ ਵਿਰੁੱਧ ਮੁਹਿੰਮ ਚਲਾਉਣ ਦੇ ਬਾਵਜੂਦ ਇਨ੍ਹਾਂ ’ਤੇ ਕਾਬੂ ਪਾਉਣ ਵਿੱਚ ਸਫਲਤਾ ਨਹੀਂ ਮਿਲੀ। ਉਨ੍ਹਾਂ ਆਰਥਿਕ ਪੱਖੋਂ ਪੱਛੜੇ ਡੀਐੱਨਟੀ ਭਾਈਚਾਰੇ ਦੇ ਬੱਚਿਆਂ ਨੂੰ ਪ੍ਰਾਇਮਰੀ ਤੋਂ ਯੂਨੀਵਰਸਿਟੀ ਪੱਧਰ ਤੱਕ ਮੁਫ਼ਤ ਸਿੱਖਿਆ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਟਾਸਕ ਫੋਰਸ ਦੇ ਇੱਕ ਮੈਂਬਰ ਨੂੰ ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਭਾਈਚਾਰੇ ਦੇ ਚੋਣ ਲੜਨ ਦੇ ਚਾਹਵਾਨ ਵਿਅਕਤੀਆਂ ਨੂੰ ਸਰਵੇਖਣ ਦੇ ਆਧਾਰ ’ਤੇ ਟਿਕਟ ਦਿੱਤੀ ਜਾਵੇ। ਅਸ਼ੋਕ ਬਰਤੀਆ ਨੇ ਕਿਹਾ ਕਿ ਦੇਸ਼ ਦੇ ਪੱਛੜੇ ਵਰਗਾਂ, ਦਲਿਤਾਂ, ਘੱਟ ਗਿਣਤੀਆਂ, ਨੌਜਵਾਨਾਂ, ਔਰਤਾਂ, ਕਿਸਾਨਾਂ ਤੇ ਵਪਾਰੀਆਂ ਨੂੰ ਰਾਹੁਲ ਗਾਂਧੀ ਤੋਂ ਉਮੀਦਾਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਵੋਟਾਂ ਚੋਰੀ ਕਰਕੇ ਅਤੇ ਲੋਕਤੰਤਰੀ ਢਾਂਚੇ ਨੂੰ ਵਿਗਾੜ ਕੇ ਦੇਸ਼ ਨਾਲ ਧੋਖਾ ਕੀਤਾ ਹੈ। ਉਨ੍ਹਾਂ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਹਟਾ ਕੇ ਜੇਲ੍ਹ ਭੇਜਣ ਦੀ ਮੰਗ ਕੀਤੀ। ਬਰਤੀਆ ਨੇ ਭਰੋਸਾ ਦਿੱਤਾ ਕਿ ਕਾਂਗਰਸ ਦੀ ਸਰਕਾਰ ਬਣਨ ’ਤੇ ਭਾਈਚਾਰੇ ਦੀਆਂ ਮੰਗਾਂ ਪੂਰੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇੱਕ ਵਫ਼ਦ ਕਾਂਗਰਸ ਹਾਈ ਕਮਾਂਡ ਨੂੰ ਮਿਲ ਕੇ ਭਾਈਚਾਰੇ ਦੀਆਂ ਬੁਨਿਆਦੀ ਸਹੂਲਤਾਂ ਬਾਰੇ ਚਰਚਾ ਕਰੇਗਾ।