ਪੰਜਾਬ: 2027 ਦੀਆਂ ਤਿਆਰੀਆਂ 'ਚ ਜੁਟੀ AAP, ਪੰਜਾਬ 'ਚ ਘਰ-ਘਰ ਪਹੁੰਚੇਗਾ ਸੰਗਠਨ; ਮਨੀਸ਼ ਸਿਸੋਦੀਆ ਨੇ ਬਣਾਇਆ ਮਾਸਟਰ ਪਲਾਨ
ਇਸ ਦੇ ਤਹਿਤ 20 ਸਤੰਬਰ ਤੋਂ ਸੂਬੇ ਭਰ ਵਿੱਚ ਵੱਡੇ ਪੱਧਰ 'ਤੇ ਡੋਰ-ਟੂ-ਡੋਰ (ਘਰ-ਘਰ) ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਮੁਹਿੰਮ ਵਿੱਚ ਪਾਰਟੀ ਦੇ ਵਰਕਰਾਂ ਦੇ ਨਾਲ-ਨਾਲ ਵੱਡੇ ਆਗੂ ਵੀ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ ਅਤੇ ਮਾਨ ਸਰਕਾਰ ਦੇ ਕੰਮਕਾਜ ਦੀ ਜਾਣਕਾਰੀ ਦੇਣਗੇ।
Publish Date: Fri, 18 Sep 2026 12:25 PM (IST)
Updated Date: Fri, 18 Sep 2026 12:27 PM (IST)
ਰੋਹਿਤ ਕੁਮਾਰ, ਚੰਡੀਗੜ੍ਹ। ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਹੁਣ ਸਰਕਾਰ ਦੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ’ਚ ਕੀਤੇ ਗਏ ਕੰਮਾਂ ਅਤੇ ਯੋਜਨਾਵਾਂ ਨੂੰ ਲੈ ਕੇ ਸਿੱਧਾ ਲੋਕਾਂ ਦੇ ਵਿਚਕਾਰ ਜਾਣ ਦੀ ਤਿਆਰੀ ਵਿੱਚ ਹੈ।
ਇਸ ਦੇ ਤਹਿਤ 20 ਸਤੰਬਰ ਤੋਂ ਸੂਬੇ ਭਰ ਵਿੱਚ ਵੱਡੇ ਪੱਧਰ 'ਤੇ ਡੋਰ-ਟੂ-ਡੋਰ (ਘਰ-ਘਰ) ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਮੁਹਿੰਮ ਵਿੱਚ ਪਾਰਟੀ ਦੇ ਵਰਕਰਾਂ ਦੇ ਨਾਲ-ਨਾਲ ਵੱਡੇ ਆਗੂ ਵੀ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ ਅਤੇ ਮਾਨ ਸਰਕਾਰ ਦੇ ਕੰਮਕਾਜ ਦੀ ਜਾਣਕਾਰੀ ਦੇਣਗੇ।
‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪਾਰਟੀ ਪੰਜਾਬ ਦੇ ਲੋਕਾਂ ਵਿਚਕਾਰ ਜਾ ਕੇ ਸਰਕਾਰ ਦੇ ਕੰਮਾਂ ਨੂੰ ਰੱਖੇਗੀ। ਉਨ੍ਹਾਂ ਦਾਅਵਾ ਕੀਤਾ ਕਿ ਭਗਵੰਤ ਮਾਨ ਸਰਕਾਰ ਨੇ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਲੋਕਾਂ ਨਾਲ ਕੀਤੇ ਵਾਅਦਿਆਂ ਅਤੇ ਗਾਰੰਟੀਆਂ ਨੂੰ ਪੂਰਾ ਕੀਤਾ ਹੈ।
ਨਸ਼ੇ ਖ਼ਿਲਾਫ਼ ਕਈ ਕੰਮ ਕੀਤੇ: ਸਿਸੋਦੀਆ
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਾਨ ਸਰਕਾਰ 'ਤੇ ਭਰੋਸਾ ਜਤਾਇਆ ਹੈ ਅਤੇ ਸਰਕਾਰ ਦੇ ਕੰਮਾਂ ਤੋਂ ਲੋਕ ਖ਼ੁਸ਼ ਹਨ। ਸਿਸੋਦੀਆ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸਰਕਾਰ ਨੇ ਨਸ਼ੇ ਖ਼ਿਲਾਫ਼ ਕਈ ਪੱਧਰਾਂ 'ਤੇ ਕੰਮ ਕੀਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਸਰਕਾਰ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕੋਈ ਕਸਰ ਨਹੀਂ ਛੱਡੀ। ਸਿਸੋਦੀਆ ਨੇ ਪਿਛਲੀਆਂ ਸਰਕਾਰਾਂ 'ਤੇ ਪੰਜਾਬ ਵਿੱਚ ਨਸ਼ਾ ਫੈਲਾਉਣ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦਾ ਫੋਕਸ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ 'ਤੇ ਹੈ।
ਸਿੱਖਿਆ ਨੂੰ ਵੀ ਬਣਾਇਆ ਜਾਵੇਗਾ ਮੁੱਦਾ
ਉਨ੍ਹਾਂ ਕਿਹਾ ਕਿ ਸਰਕਾਰ ਦੇ ਕੰਮਾਂ ਨੂੰ ਲੈ ਕੇ ਸਿਰਫ਼ ਸਿਆਸੀ ਮੰਚਾਂ 'ਤੇ ਚਰਚਾ ਕਰਨ ਦੀ ਬਜਾਏ ਹੁਣ ਪਾਰਟੀ ਵਰਕਰ ਸਿੱਧੇ ਲੋਕਾਂ ਦੇ ਘਰਾਂ ਤੱਕ ਪਹੁੰਚਣਗੇ। ਇਸ ਦੌਰਾਨ ਨੌਜਵਾਨਾਂ, ਵਪਾਰੀਆਂ, ਔਰਤਾਂ ਅਤੇ ਹੋਰ ਵਰਗਾਂ ਨਾਲ ਗੱਲਬਾਤ ਕੀਤੀ ਜਾਵੇਗੀ।
ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਕਿ ਇਨ੍ਹਾਂ ਵਰਗਾਂ ਵਿੱਚ ਸਰਕਾਰ ਦੇ ਕੰਮਕਾਜ ਨੂੰ ਲੈ ਕੇ ਸੰਤੁਸ਼ਟੀ ਹੈ। ਸਿਸੋਦੀਆ ਨੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਵਿੱਚ ਹੋਏ ਬਦਲਾਅ ਨੂੰ ਵੀ ਇਸ ਮੁਹਿੰਮ ਦਾ ਮੁੱਖ ਮੁੱਦਾ ਦੱਸਿਆ।
ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ ਅਤੇ ਸਿੱਖਿਆ ਵਿਵਸਥਾ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਬਿਹਤਰ ਸਿੱਖਿਆ ਮਿਲਣ ਨਾਲ ਮਾਪਿਆਂ ਵਿੱਚ ਵੀ ਸੰਤੁਸ਼ਟੀ ਵਧੀ ਹੈ।
20 ਸਤੰਬਰ ਤੋਂ ਸ਼ੁਰੂ ਹੋਵੇਗੀ ਮੁਹਿੰਮ
20 ਸਤੰਬਰ ਤੋਂ ਸ਼ੁਰੂ ਹੋਣ ਵਾਲੀ ਇਹ ਮੁਹਿੰਮ ਆਪ ਲਈ ਸਰਕਾਰ ਦੇ ਕੰਮਾਂ ਨੂੰ ਬੂਥ ਅਤੇ ਘਰ-ਘਰ ਤੱਕ ਪਹੁੰਚਾਉਣ ਦਾ ਜ਼ਰੀਆ ਬਣੇਗੀ। ਪਾਰਟੀ ਵਰਕਰਾਂ ਅਤੇ ਸੀਨੀਅਰ ਆਗੂਆਂ ਨੂੰ ਇਸ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਮੈਦਾਨ ਵਿੱਚ ਉਤਾਰਿਆ ਜਾਵੇਗਾ।
ਇਸ ਰਾਹੀਂ ਪਾਰਟੀ 2027 ਦੀਆਂ ਚੋਣਾਂ ਤੋਂ ਪਹਿਲਾਂ ਸੰਗਠਨ ਅਤੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਜਨਤਾ ਵਿਚਕਾਰ ਆਪਣੀ ਪਹੁੰਚ ਮਜ਼ਬੂਤ ਕਰਨ ਦਾ ਉਪਰਾਲਾ ਕਰੇਗੀ।