ਸੜਕ ਕਿਨਾਰੇ ਖੱਡੇ 'ਚ ਫਸੀ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ, ਵੱਡਾ ਹਾਦਸਾ ਟਲਿਆ ਸੜਕ ਕਿਨਾਰੇ ਖੱਡੇ 'ਚ ਫਸੀ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ, ਵੱਡਾ ਹਾਦਸਾ ਟਲਿਆ
Publish Date: Mon, 28 Sep 2026 07:53 PM (IST)
Updated Date: Mon, 28 Sep 2026 07:54 PM (IST)
ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਦੇ ਹੈਬਤਪੁਰ ਰੋਡ ’ਤੇ ਬੀਤੇ ਦਿਨੀਂ ਬਿਨਾਂ ਕਿਸੇ ਪ੍ਰਸ਼ਾਸਨਿਕ ਪ੍ਰਵਾਨਗੀ ਦੇ ਨਾਜਾਇਜ਼ ਤਰੀਕੇ ਨਾਲ ਸੀਵਰੇਜ ਦਾ ਕੁਨੈਕਸ਼ਨ ਜੋੜਨ ਲਈ ਪੁੱਟੀ ਗਈ ਸੜਕ ਕਾਰਨ ਇਕ ਵੱਡਾ ਹਾਦਸਾ ਵਾਪਰਨੋਂ ਬਚ ਗਿਆ। ਸੜਕ ਕਿਨਾਰੇ ਪੁੱਟੇ ਗਏ ਡੂੰਘੇ ਟੋਏ ਵਿਚ ਇੱਟਾਂ ਨਾਲ ਲੱਦੀ ਇਕ ਟਰੈਕਟਰ-ਟਰਾਲੀ ਅਚਾਨਕ ਧੱਸ ਕੇ ਫਸ ਗਈ। ਹਾਲਾਂਕਿ, ਇਸ ਘਟਨਾ ਵਿਚ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਹੈਬਤਪੁਰ ਰੋਡ ਤੇ ਕਿਸੇ ਵੱਲੋਂ ਨਿਯਮਾਂ ਦੀ ਉਲੰਘਣਾ ਕਰਦਿਆਂ ਸਬੰਧਤ ਵਿਭਾਗ ਦੀ ਮਨਜ਼ੂਰੀ ਲਏ ਬਿਨਾਂ ਸੀਵਰੇਜ ਲਾਈਨ ਵਿਛਾਉਣ ਜਾਂ ਕੁਨੈਕਸ਼ਨ ਜੋੜਨ ਲਈ ਸੜਕ ਕਿਨਾਰੇ ਖੱਡਾ ਪੁੱਟਿਆ ਗਿਆ ਸੀ। ਇਸ ਕੰਮ ਤੋਂ ਬਾਅਦ ਖੱਡੇ ਨੂੰ ਠੀਕ ਤਰ੍ਹਾਂ ਨਾਲ ਬੰਦ ਨਹੀਂ ਕੀਤਾ ਗਿਆ ਅਤੇ ਨਾ ਹੀ ਉੱਥੇ ਕੋਈ ਚੇਤਾਵਨੀ ਬੋਰਡ ਜਾਂ ਬੈਰੀਕੇਡ ਲਗਾਇਆ ਗਿਆ ਸੀ। ਲੰਘੇ ਦਿਨੀਂ ਜਦੋਂ ਇੱਟਾਂ ਦੀ ਇਕ ਟਰੈਕਟਰ-ਟਰਾਲੀ ਉੱਥੋਂ ਲੰਘ ਰਹੀ ਸੀ, ਤਾਂ ਸੜਕ ਦਾ ਕਿਨਾਰਾ ਕੱਚਾ ਹੋਣ ਕਰਕੇ ਟਰਾਲੀ ਦਾ ਇਕ ਪਾਸਾ ਸਿੱਧਾ ਖੱਡੇ ਵਿਚ ਧੱਸ ਗਿਆ। ਟਰੈਕਟਰ-ਟਰਾਲੀ ਦੇ ਫਸਣ ਨਾਲ ਮੌਕੇ ’ਤੇ ਲੋਕ ਇਕੱਠੇ ਹੋ ਗਏ। ਟਰਾਲੀ ਦੇ ਪਲਟਣ ਦਾ ਖ਼ਤਰਾ ਬਣਿਆ ਹੋਇਆ ਸੀ, ਪਰ ਚਾਲਕ ਦੀ ਸਮਝਦਾਰੀ ਅਤੇ ਖੁਸ਼ਕਿਸਮਤੀ ਨਾਲ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਜੇਸੀਬੀ ਮਸ਼ੀਨ ਦੀ ਸਹਾਇਤਾ ਨਾਲ ਕਾਫ਼ੀ ਮੁਸ਼ੱਕਤ ਤੋਂ ਬਾਅਦ ਟਰੈਕਟਰ-ਟਰਾਲੀ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਲਾਕਾ ਨਿਵਾਸੀਆਂ ਨੇ ਇਸ ਲਾਪਰਵਾਹੀ ਤੇ ਗਹਿਰੀ ਚਿੰਤਾ ਅਤੇ ਰੋਸ ਪ੍ਰਗਟਾਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਹੈਬਤਪੁਰ ਰੋਡ ਤੇ ਦਿਨ-ਰਾਤ ਆਵਾਜਾਈ ਰਹਿੰਦੀ ਹੈ ਅਤੇ ਬਿਨਾਂ ਪ੍ਰਵਾਨਗੀ ਤੋਂ ਸੜਕਾਂ ਪੁੱਟ ਕੇ ਅਧੂਰੀਆਂ ਛੱਡ ਦੇਣਾ ਆਮ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਬਿਨਾਂ ਮਨਜ਼ੂਰੀ ਦੇ ਨਾਜਾਇਜ਼ ਤਰੀਕੇ ਨਾਲ ਸੜਕ ਪੁੱਟਣ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸੜਕਾਂ ਤੇ ਪਏ ਅਜਿਹੇ ਨਾਜਾਇਜ਼ ਟੋਇਆਂ ਨੂੰ ਤੁਰੰਤ ਪੂਰਿਆ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।