- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰ ਦੀ ਰਸੋਈ 'ਚ ਲੱਗੀ ਭਿਆਨਕ ਅੱਗ, ਮਾਂ-ਧੀ ਨੇ ਭੱਜ ਕੇ ਬਚਾਈ ਜਾਨ,

ਫੋਟੋ ਕੈਪਸ਼ਨ : ਅੱਗ ਲੱਗਣ ਕਰਨ ਘਰ ’ਚੋਂ ਨਿੱਕਲਦਾ ਹੋਇਆ ਧੂੰਆ। 22ਪੀ
ਫੋਟੋ ਕੈਪਸ਼ਨ : ਗੱਡੀ ਉੱਪਰੋਂ ਤਾਰਾਂ ਹਟਾਉਂਦਾ ਹੋਇਆ ਫਾਇਰ ਬ੍ਰਿਗੇਡ ਦਾ ਕਰਮਚਾਰੀ। 23ਪੀ
* ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ
* ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਭਾਰੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ
ਜ਼ੀਰਕਪੁਰ : ਏਕੇਐੱਸ-1 ਕਾਲੋਨੀ ਦੇ ਇਕ ਮਕਾਨ 'ਚ ਸ਼ਨਿਚਰਵਾਰ ਸਵੇਰੇ ਰਸੋਈ ’ਚ ਰੱਖੇ ਫਰਿੱਜ਼ ’ਚ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਭਿਆਨਕ ਅੱਗ ਭੜਕ ਗਈ। ਸਵੇਰੇ ਲਗਭਗ 9:15 ਵਜੇ ਵਾਪਰੇ ਇਸ ਹਾਦਸੇ ਦੌਰਾਨ ਘਰ ’ਚ ਮਕਾਨ ਮਾਲਕਣ ਪੂਜਾ ਆਪਣੀ ਧੀ ਨਾਲ ਮੌਜੂਦ ਸੀ। ਰੋਜ਼ਮਰ੍ਹਾ ਦੇ ਕੰਮਾਂ ਦਰਮਿਆਨ ਅਚਾਨਕ ਫ਼ਰਿੱਜ ’ਚੋਂ ਚੰਗਿਆੜੀਆਂ ਨਿਕਲੀਆਂ ਅਤੇ ਦੇਖਦਿਆਂ ਹੀ ਦੇਖਦਿਆਂ ਅੱਗ ਦੀਆਂ ਲਪਟਾਂ ਨੇ ਪੂਰੀ ਰਸੋਈ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਅੱਗ ਦਾ ਭਿਆਨਕ ਰੂਪ ਦੇਖ ਕੇ ਮਾਂ-ਧੀ ਨੇ ਤੁਰੰਤ ਰੌਲਾ ਪਾਉਂਦੇ ਹੋਏ ਸੁਰੱਖਿਅਤ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਹਾਦਸੇ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਮੁਸਤੈਦੀ ਦਿਖਾਉਂਦੇ ਹੋਏ ਇਲਾਕੇ ਵਿਚ ਪਹੁੰਚ ਤਾਂ ਗਈ, ਪਰ ਅਸਲੀ ਮੁਸ਼ਕਲ ਕਾਲੋਨੀ ਦੇ ਅੰਦਰ ਦਾਖ਼ਲ ਹੁੰਦੇ ਹੀ ਸਾਹਮਣੇ ਆਈ। ਤੰਗ ਗਲੀ ’ਚ ਬੇਤਰਤੀਬੇ ਢੰਗ ਨਾਲ ਲਟਕ ਰਹੀਆਂ ਬਿਜਲੀ ਅਤੇ ਇੰਟਰਨੈੱਟ ਦੀਆਂ ਤਾਰਾਂ ਦੇ ਜਾਲ ਨੇ ਫਾਇਰ ਬ੍ਰਿਗੇਡ ਦੀ ਗੱਡੀ ਦਾ ਰਸਤਾ ਪੂਰੀ ਤਰ੍ਹਾਂ ਰੋਕ ਦਿੱਤਾ। ਤਾਰਾਂ ਨੂੰ ਹਟਾਉਣ ਅਤੇ ਵਾਹਨ ਨੂੰ ਅੱਗੇ ਵਧਾਉਣ ਦੀ ਜੱਦੋ-ਜਹਿਦ ਵਿਚ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਘਰ ਤੱਕ ਪਹੁੰਚਣ ਵਿਚ ਲਗਭਗ 30 ਮਿੰਟ ਦਾ ਸਮਾਂ ਲੱਗ ਗਿਆ। ਜਦੋਂ ਤੱਕ ਰਾਹਤ ਟੀਮ ਮੌਕੇ 'ਤੇ ਪਹੁੰਚੀ, ਉਦੋਂ ਤੱਕ ਅੱਗ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਸੀ।
ਆਖ਼ਰਕਾਰ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਭਾਰੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਅਤੇ ਉਸ ਨੂੰ ਬਾਕੀ ਕਮਰਿਆਂ ਵਿਚ ਫ਼ੈਲਣ ਤੋਂ ਰੋਕ ਲਿਆ। ਗਨੀਮਤ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਮਾਂ-ਧੀ ਵਾਲ-ਵਾਲ ਬਚ ਗਈਆਂ। ਹਾਲਾਂਕਿ, ਰਸੋਈ ਵਿਚ ਰੱਖਿਆ ਸਾਰਾ ਸਾਮਾਨ, ਇਲੈਕਟ੍ਰਾਨਿਕ ਉਪਕਰਨ, ਭਾਂਡੇ ਅਤੇ ਰਾਸ਼ਨ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਏ। ਅੱਗ ਦੀ ਭੇਟ ਚੜੇ ਸਾਮਾਨ ਦੀ ਕੀਮਤ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਦੱਸੀ ਜਾ ਰਹੀ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਤੰਗ ਗਲੀਆਂ 'ਚੋਂ ਲਟਕਦੀਆਂ ਤਾਰਾਂ ਦੇ ਜਾਲ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਸਮੇਂ ਰਾਹਤ ਕਾਰਜਾਂ 'ਚ ਕੋਈ ਰੁਕਾਵਟ ਨਾ ਆਵੇ।