ਬਾਲੀਵੁੱਡ ਅਦਾਕਾਰ ਰਾਕੇਸ਼ ਬੇਦੀ ਦੇ ਨਾਟਕ ‘ਮਸਾਜ’ ਦੀ ਦਮਦਾਰ ਪੇਸ਼ਕਾਰੀ ਬਾਲੀਵੁੱਡ ਅਦਾਕਾਰ ਰਾਕੇਸ਼ ਬੇਦੀ ਦੇ ਨਾਟਕ ‘ਮਸਾਜ’ ਦੀ ਦਮਦਾਰ ਪੇਸ਼ਕਾਰੀ
Publish Date: Sat, 24 Oct 2026 06:06 PM (IST)
Updated Date: Sat, 24 Oct 2026 06:10 PM (IST)
-ਹਿੰਦੀ ਕਾਮੇਡੀ ਨਾਟਕ ‘ਅੱਖ ਮਿਚੌਲੀ’ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲਿਆ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ ’ਚ ਚੱਲ ਰਹੇ ਪੰਜ ਰੋਜ਼ਾ ‘ਦਸਤਕ ਥੀਏਟਰ ਫੈਸਟੀਵਲ-2026’ ਦੇ ਤੀਜੇ ਦਿਨ ਬਾਲੀਵੁੱਡ ਦੇ ਦਿੱਗਜ ਅਦਾਕਾਰ ਰਾਕੇਸ਼ ਬੇਦੀ ਨੇ ਆਪਣੇ ਮਸ਼ਹੂਰ ਹਿੰਦੀ ਨਾਟਕ ‘ਮਸਾਜ’ ਦੀ ਦਮਦਾਰ ਅਤੇ ਬੇਮਿਸਾਲ ਇਕਹਿਰੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਬਾਲੀਵੁੱਡ ਫਿਲਮ ‘ਧੁਰੰਧਰ’ ’ਚ ‘ਜਮੀਲ ਜਮਾਲੀ’ ਦੇ ਕਿਰਦਾਰ ਨਾਲ ਵਾਹ-ਵਾਹ ਖੱਟਣ ਵਾਲੇ ਬੇਦੀ ਨੇ ਦੋ ਘੰਟੇ ਦੇ ਇਸ ਨਾਟਕ ’ਚ ਇੱਕਲੇ ਹੀ 24 ਵੱਖ-ਵੱਖ ਕਿਰਦਾਰਾਂ ਨੂੰ ਸਟੇਜ ’ਤੇ ਜੀਵੰਤ ਕਰਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਪ੍ਰਸਿੱਧ ਨਾਟਕਕਾਰ ਵਿਜੈ ਤੇਂਦੁਲਕਰ ਵੱਲੋਂ ਮੂਲ ਰੂਪ ’ਚ ਮਰਾਠੀ ’ਚ ਲਿਖੇ ਅਤੇ ਹਰਬੰਸ ਸਿੰਘ ਵੱਲੋਂ ਨਿਰਦੇਸ਼ਿਤ ਇਸ ਨਾਟਕ ਦੀ ਕਹਾਣੀ ‘ਹੈਪੀ ਕੁਮਾਰ’ ਨਾਮਕ ਇਕ ਆਮ ਇਨਸਾਨ ਦੇ ਆਲੇ-ਦੁਆਲੇ ਘੁੰਮਦੀ ਹੈ। ਹੈਪੀ ਹੀਰੋ ਬਣਨ ਦੇ ਸੁਪਨੇ ਲੈ ਕੇ ਮੁੰਬਈ ਆਉਂਦਾ ਹੈ, ਪਰ ਹਾਲਾਤ ਉਸ ਨੂੰ ਪਹਿਲਾਂ ਘੱਟ ਬਜਟ ਵਾਲੀਆਂ ਫ਼ਿਲਮਾਂ ਦਾ ਸਹਾਇਕ ਨਿਰਦੇਸ਼ਕ ਅਤੇ ਬਾਅਦ ’ਚ ਇਕ ਮਾਲਿਸ਼ ਕਰਨ ਵਾਲਾ ਬਣਾ ਦਿੰਦੇ ਹਨ। ਇਸ ਸਫ਼ਰ ਦੌਰਾਨ ਉਹ ਫਿਲਮ ਨਿਰਮਾਤਾਵਾਂ, ਆਗੂਆਂ, ਵਕੀਲਾਂ ਅਤੇ ਹੋਰ ਕਈ ਰੰਗੀਨ ਸ਼ਖ਼ਸੀਅਤਾਂ ਨੂੰ ਮਿਲਦਾ ਹੈ। ਰਾਕੇਸ਼ ਬੇਦੀ ਨੇ ਆਪਣੀ ਵਿਲੱਖਣ ਕਾਮਿਕ ਟਾਈਮਿੰਗ, ਵੱਖ-ਵੱਖ ਆਵਾਜ਼ਾਂ ਅਤੇ ਸਰੀਰਕ ਹਾਵ-ਭਾਵਾਂ ਨਾਲ ਇਨ੍ਹਾਂ ਸਾਰੇ ਪਾਤਰਾਂ ’ਚ ਅਜਿਹੀ ਊਰਜਾ ਭਰੀ ਕਿ ਦਰਸ਼ਕ ਪੂਰੇ ਸਮੇਂ ਨਾਟਕ ਨਾਲ ਬੱਝੇ ਰਹੇ। ਹਾਸੇ-ਠੱਠੇ ਅਤੇ ਵਿਅੰਗ ਦੇ ਨਾਲ-ਨਾਲ ਨਾਟਕ ਨੇ ਸ਼ਹਿਰੀ ਜ਼ਿੰਦਗੀ ਦੀਆਂ ਕੌੜੀਆਂ ਹਕੀਕਤਾਂ, ਸਫ਼ਲਤਾ ਦੀ ਅੰਨ੍ਹੀ ਦੌੜ, ਮਨੁੱਖੀ ਇੱਛਾਵਾਂ ਅਤੇ ਸਟਾਰਡਮ ਦੇ ਪਿੱਛੇ ਛੁਪੇ ਸੰਘਰਸ਼ਾਂ ਨੂੰ ਬੜੀ ਖੂਬਸੂਰਤੀ ਨਾਲ ਉਜਾਗਰ ਕੀਤਾ। ਪ੍ਰਸਿੱਧ ਹਿੰਦੀ ਕਮੇਡੀ ਨਾਟਕ ‘ਅੱਖ ਮਿਚੌਲੀ’ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਹਾਸੇ ਅਤੇ ਮਨੋਰੰਜਨ ਨਾਲ ਜੋੜਿਆ ਰਿਹਾ। ਸੀਪੀ ਦੇਸ ਪਾਂਡੇ ਵੱਲੋਂ ਲਿਖੇ ਗਏ ਇਸ ਨਾਟਕ ਦਾ ਨਿਰਦੇਸ਼ਨ ਵਿਕਾਸ ਬਹਾਰੀ ਨੇ ਕੀਤਾ ਅਤੇ ਜਤਿਨ ਸਰਨਾ, ਪਰਿਤੋਸ਼ ਤ੍ਰਿਪਾਠੀ ਦੇ ਨਾਲ ਨਾਲ ਸੁਗੰਧਾ ਸ੍ਰੀਵਾਸਤਵ ਨੇ ਆਪਣੀ ਅਦਾਕਾਰੀ ਨਾਲ ਨਾਟਕ ਨੂੰ ਚਾਰ ਚੰਦ ਲਗਾਏ। ਗੱਲਬਾਤ ਦੌਰਾਨ ਰਾਕੇਸ਼ ਬੇਦੀ ਨੇ ਕਿਹਾ ਕਿ ਅਦਾਕਾਰੀ ਦਾ ਖੇਤਰ ਬਾਹਰੋਂ ਜਿੰਨਾ ਆਕਰਸ਼ਕ ਲੱਗਦਾ ਹੈ, ਇਸ ’ਚ ਮੁਕਾਬਲਾ ਉਨ੍ਹਾਂ ਹੀ ਸਖ਼ਤ ਹੈ। ਇਸ ਲਈ ਨਵੀਂ ਪੀੜ੍ਹੀ ਨੂੰ ਆਪਣੀ ਕਲਾ ਨੂੰ ਨਿਖਾਰਨ ਲਈ ਲਗਾਤਾਰ ਮਿਹਨਤ ਅਤੇ ਸਿਖਲਾਈ ’ਤੇ ਧਿਆਨ ਦੇਣਾ ਚਾਹੀਦਾ ਹੈ। ਥੀਏਟਰ ਦੀ ਮਹੱਤਤਾ ਬਾਰੇ ਉਨ੍ਹਾਂ ਕਿਹਾ, ‘ਥੀਏਟਰ ਨੇ ਮੈਨੂੰ ਹਮੇਸ਼ਾ ਸਰਗਰਮ ਰੱਖਿਆ ਹੈ। ਹਜ਼ਾਰਾਂ ਸਾਲ ਬੀਤ ਜਾਣ ਤੋਂ ਬਾਅਦ ਵੀ ਲਾਈਵ ਥੀਏਟਰ ਦੀ ਚਮਕ ਅਤੇ ਮਹੱਤਤਾ ਕਦੇ ਘੱਟ ਨਹੀਂ ਹੋਈ।’ ਚੰਡੀਗੜ੍ਹ ਯੂਨੀਵਰਸਿਟੀ ’ਚ ਇਹ ਫੈਸਟੀਵਲ ਵਿਦਿਆਰਥੀਆਂ ਨੂੰ ਰੰਗਮੰਚ ਦੀ ਅਮੀਰੀ ਅਤੇ ਕਹਾਣੀ ਸੁਣਾਉਣ ਦੀਆਂ ਵੱਖ-ਵੱਖ ਸ਼ੈਲੀਆਂ ਨੂੰ ਨੇੜਿਓਂ ਸਮਝਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰ ਰਿਹਾ ਹੈ।