9 ਪਿੰਡਾਂ ਦੀ 716 ਏਕੜ ਜ਼ਮੀਨ ’ਤੇ ਵਸਾਇਆ ਜਾਵੇਗਾ ਨਵਾਂ ਸ਼ਹਿਰੀ ਖੇਤਰ 9 ਪਿੰਡਾਂ ਦੀ 716 ਏਕੜ ਜ਼ਮੀਨ 'ਤੇ ਵਸਾਇਆ ਜਾਵੇਗਾ ਨਵਾਂ ਸ਼ਹਿਰੀ ਖੇਤਰ
Publish Date: Mon, 12 Oct 2026 08:16 PM (IST)
Updated Date: Tue, 13 Oct 2026 04:09 AM (IST)
-ਗਮਾਡਾ ਵੱਲੋਂ ਪ੍ਰੋਜੈਕਟ ਬਾਬਤ ਮੁੱਢਲੀ ਕਾਰਵਾਈ ਸ਼ੁਰੂ, ਪਬਲਿਕ ਨੋਟਿਸ ਜਾਰੀ,, ਡਰਾਅ ਰਾਹੀਂ ਮਿਲਣਗੇ ਰਿਹਾਇਸ਼ੀ ਪਲਾਟ, ਕਮਰਸ਼ੀਅਲ ਜਾਇਦਾਦਾਂ ਦੀ ਹੋਵੇਗੀ ਨਿਲਾਮੀ == ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਵੱਲੋਂ ਨਿਊ ਚੰਡੀਗੜ੍ਹ ਨੇੜੇ 9 ਪਿੰਡਾਂ ਦੀ 716 ਏਕੜ ਜ਼ਮੀਨ ਤੇ ਨਵਾਂ ਸ਼ਹਿਰੀ ਖੇਤਰ ਵਸਾਇਆ ਜਾਵੇਗਾ। ਇਸ ਸਬੰਧੀ ਗਮਾਡਾ ਨੇ ਹਾਲ ਹੀ ਵਿਚ ਪਬਲਿਕ ਨੋਟਿਸ ਜਾਰੀ ਕਰਕੇ ਮੁੱਢਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਨਿਊ ਚੰਡੀਗੜ੍ਹ ਨੂੰ ਇਕ ਨਵੇਂ ਅਤੇ ਆਧੁਨਿਕ ਸ਼ਹਿਰੀ ਖੇਤਰ ਵਜੋਂ ਵਿਕਸਤ ਕਰਨ ਦੀ ਦਿਸ਼ਾ ’ਚ ਗਮਾਡਾ ਦੇ ਅਹਿਮ ਪ੍ਰੋਜੈਕਟ ਈਕੋ ਸਿਟੀ-3 ਨੇ ਵੱਡੀ ਰਫ਼ਤਾਰ ਫੜ ਲਈ ਹੈ। ਇਸ ਪ੍ਰੋਜੈਕਟ ਲਈ ਪੰਜਾਬ ਰਾਜ ਵਾਤਾਵਰਣ ਪ੍ਰਭਾਵ ਮੁਲਾਂਕਣ ਅਥਾਰਟੀ ਨੇ ਵਾਤਾਵਰਣ ਸਬੰਧੀ ਮਨਜ਼ੂਰੀ ਦੇ ਦਿੱਤੀ ਹੈ। ਲੰਘੀ 29 ਸਤੰਬਰ ਨੂੰ ਜਾਰੀ ਹੋਈ ਇਸ ਮਨਜ਼ੂਰੀ ਤੋਂ ਬਾਅਦ ਗਮਾਡਾ ਦੇ ਇਸ ਮਹੱਤਵਪੂਰਨ ਪ੍ਰੋਜੈਕਟ ਦੇ ਵਿਕਾਸ ਕਾਰਜਾਂ ਲਈ ਇਕ ਅਹਿਮ ਰੈਗੂਲੇਟਰੀ ਪ੍ਰਕਿਰਿਆ ਪੂਰੀ ਹੋ ਗਈ ਹੈ, ਜਿਸ ਨਾਲ ਨਿਊ ਚੰਡੀਗੜ੍ਹ ’ਚ ਵਿਕਾਸ ਕਾਰਜਾਂ ਦਾ ਰਸਤਾ ਸਾਫ਼ ਹੋ ਗਿਆ ਹੈ। ਜਾਣਕਾਰੀ ਅਨੁਸਾਰ ਗਮਾਡਾ ਵੱਲੋਂ ਜਾਰੀ ਜਨਤਕ ਸੂਚਨਾ ਅਨੁਸਾਰ ਈਕੋ ਸਿਟੀ-3 ਨੂੰ ਨਿਊ ਚੰਡੀਗੜ੍ਹ ਦੇ 9 ਪ੍ਰਮੁੱਖ ਪਿੰਡਾਂ ਦੀ ਲਗਭਗ 716 ਏਕੜ ਜ਼ਮੀਨ ਤੇ ਵਿਕਸਤ ਕੀਤਾ ਜਾਵੇਗਾ। ਇੱਥੇ ਵਿਸ਼ਵ ਪੱਧਰੀ ਟਾਊਨਸ਼ਿਪਾਂ ਵਿਕਸਤ ਹੋਣ ਦੀ ਗੱਲ ਕਹੀ ਜਾ ਹੀ ਹੈ। ਇਸ ਪ੍ਰੋਜੈਕਟ ਦੇ ਨੇਪਰੇ ਚੜ੍ਹਨ ਨਾਲ ਈਕੋ ਸਿਟੀ-3 ਅਤੇ ਈਕੋ ਸਿਟੀ-4 ਰਾਹੀਂ ਨਿਊ ਚੰਡੀਗੜ੍ਹ ਦੇ ਸ਼ਹਿਰੀ ਢਾਂਚੇ ਨੂੰ ਇਕ ਨਵੀਂ ਦਿੱਖ ਦਿੱਤੀ ਜਾਵੇਗੀ। ਇਸ ਮੰਤਵ ਲਈ ਗਮਾਡਾ ਵੱਲੋਂ ਪਿੰਡ ਰਸੂਲਪੁਰ ਸਮੇਤ ਸਲਾਮਤਪੁਰ, ਢੋਡੇ ਮਾਜਰਾ, ਤਕੀਪੁਰ, ਰਾਜਗੜ੍ਹ, ਮਾਜਰਾ, ਕਰਤਾਰਪੁਰ, ਕੰਸਾਲਾ ਅਤੇ ਹੁਸ਼ਿਆਰਪੁਰ ਦੀ ਜ਼ਮੀਨ ਐਕਵਾਇਰ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇਸ ਪ੍ਰੋਜੈਕਟ ਨੂੰ ਨਿਊ ਚੰਡੀਗੜ੍ਹ ਦੇ ਭਵਿੱਖੀ ਵਿਸਤਾਰ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਵਾਤਾਵਰਣ ਮਨਜ਼ੂਰੀ ਮਿਲਣ ਦਾ ਮਤਲਬ ਇਹ ਨਹੀਂ ਹੈ ਕਿ ਨਿਰਮਾਣ ਕਾਰਜ ਤੁਰੰਤ ਸ਼ੁਰੂ ਹੋ ਗਏ ਹਨ ਜਾਂ ਸਮਾਂ-ਸੀਮਾ ਤੈਅ ਹੋ ਗਈ ਹੈ। ਅੱਗੇ ਦੀ ਪ੍ਰਗਤੀ ਹੋਰ ਲੋੜੀਂਦੀਆਂ ਪ੍ਰਵਾਨਗੀਆਂ ਅਤੇ ਗਮਾਡਾ ਦੀ ਕਾਰਜ-ਯੋਜਨਾ ਤੇ ਨਿਰਭਰ ਕਰੇਗੀ। ਈਕੋ ਸਿਟੀ-3 ਵਿਚ ਜਾਇਦਾਦਾਂ ਦੀ ਵੰਡ ਲਈ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ। ਜਿਸ ਤਹਿਤ ਰਿਹਾਇਸ਼ੀ ਪਲਾਟਾਂ ਦੀ ਅਲਾਟਮੈਂਟ ਡਰਾਅ ਰਾਹੀਂ ਕੀਤੀ ਜਾਵੇਗੀ। ਕਮਰਸ਼ੀਅਲ ਪਲਾਟਾਂ ਦੀ ਵੇਚ ਖੁੱਲ੍ਹੀ ਨਿਲਾਮੀ ਰਾਹੀਂ ਹੋਵੇਗੀ। ਇਸ ਮੰਤਵ ਲਈ ਜ਼ਮੀਨ ਦੇਣ ਵਾਲੇ ਕਿਸਾਨਾਂ ਅਤੇ ਭੂਮੀ ਮਾਲਕਾਂ ਲਈ ਗਮਾਡਾ ਦੀ ਲੈਂਡ-ਪੂਲਿੰਗ ਨੀਤੀ ਲਾਗੂ ਕੀਤੀ ਗਈ ਹੈ, ਤਾਂ ਜੋ ਜ਼ਮੀਨ ਮਾਲਕਾਂ ਦੀ ਭਾਗੀਦਾਰੀ ਨਾਲ ਵਿਕਾਸ ਸੁਚਾਰੂ ਢੰਗ ਨਾਲ ਹੋ ਸਕੇ। ਗਮਾਡਾ : ਈਕੋ ਸਿਟੀ-4 ਤੇ ਵੀ ਚੱਲ ਰਿਹਾ ਹੈ ਤੇਜ਼ੀ ਨਾਲ ਕੰਮ ਨਿਊ ਚੰਡੀਗੜ੍ਹ ਵਿਚ ਗਮਾਡਾ ਦੇ ਹੋਰ ਵਿਕਾਸ ਪ੍ਰੋਜੈਕਟ ਵੀ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ। ਈਕੋ ਸਿਟੀ-3 ਤੋਂ ਇਲਾਵਾ ਗਮਾਡਾ ਈਕੋ ਸਿਟੀ-4 ਪ੍ਰੋਜੈਕਟ ਦੇ ਤਹਿਤ ਲਗਭਗ 526 ਏਕੜ ਜ਼ਮੀਨ ਤੇ ਇਕ ਹੋਰ ਆਧੁਨਿਕ ਰਿਹਾਇਸ਼ੀ ਟਾਊਨਸ਼ਿਪ ਵਿਕਸਤ ਕਰਨ ਦੀ ਪ੍ਰਕਿਰਿਆ ਤੇ ਵੀ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਈਕੋ ਸਿਟੀ-3 ਅਤੇ ਈਕੋ ਸਿਟੀ-4 ਰਾਹੀਂ ਨਿਊ ਚੰਡੀਗੜ੍ਹ ਦੇ ਸ਼ਹਿਰੀ ਢਾਂਚੇ ਨੂੰ ਇਕ ਨਵੀਂ ਦਿੱਖ ਦਿੱਤੀ ਜਾਵੇਗੀ। ਇਨ੍ਹਾਂ ਪ੍ਰੋਜੈਕਟਾਂ ਵਿਚ ਘੱਟ ਘਣਤਾ ਵਾਲੀਆਂ ਰਿਹਾਇਸ਼ੀ ਟਾਊਨਸ਼ਿਪਾਂ, ਵੱਡੇ ਆਕਾਰ ਦੇ ਰਿਹਾਇਸ਼ੀ ਪਲਾਟ, ਚੌੜੀਆਂ ਤੇ ਨਿਯੋਜਿਤ ਸੜਕਾਂ, ਜ਼ਮੀਨਦੋਜ਼ ਉਪਯੋਗਤਾ ਸੇਵਾਵਾਂ (ਬਿਜਲੀ, ਪਾਣੀ ਆਦਿ ਦੀਆਂ ਤਾਰਾਂ/ਪਾਈਪਾਂ) ਆਦਿ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਨ੍ਹਾਂ ਦੋਵੇਂ ਪ੍ਰੋਜੈਕਟਾਂ ਦੇ ਪੂਰੇ ਹੋਣ ਨਾਲ ਨਿਊ ਚੰਡੀਗੜ੍ਹ ਏਰੀਆ ਵਿਚ ਰਿਹਾਇਸ਼ੀ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ।